ਕੈਲੀਫੋਰਨੀਆ ਦੇ ਸਿੱਖਾਂ ਵਲੋਂ ਗਰੀਬ ਬੱਚਿਆਂ ਲਈ 1000 ਤੋਂ ਵੱਧ ਸਾਇਕਲ ਦਾਨ

ਫਰਿਜ਼ਨੋ, ਕੈਲੀਫੋਰਨੀਆ (ਹੁਸਨ ਲੜੋਆ ਬੰਗਾ) “ਵੀ ਆਰ ਸਿੱਖ ਮੁਹਿੰਮ” ਨੇ ਬੀਤੇ ਦਿਨ ਫਰਿਜ਼ਨੋ ਹੈਲਸ ਏਂਜਲਸ ਟਾਏ ਰਨ ਦੇ 19ਵੇ ਸਾਲਾਨਾ ਸਮਾਗਮ ਵਿਚ ਸ਼ਾਮਿਲ ਹਿੱਸਾ ਲਿਆ ਜੋ ਕਿ ਚੁਕਚਾਨਸੀ ਪਾਰਕ ਫੀਲਡ ਵਿਚ ਹੋਇਆ। ਦਸਣਯੋਗ ਹੈ ਕਿ ਨੈਸ਼ਨਲ ਸਿਖ ਕੈਂਪੇਨ ਨੇ ਇਸੇ ਸਾਲ ਅਪ੍ਰੈਲ ਵਿਚ “ਵੀ ਆਰ ਸਿਖ ਕੈਂਪੇਨ” ਸ਼ੁਰੂ ਕੀਤੀ ਸੀ ਤੇ ਇਹ ਨੈਸ਼ਨਲ ਕੈਬਲ ਟੀ ਵੀ ‘ਤੇ ਇਕ ਐਡ ਵੀ ਚਲਾਉਂਦੀ ਹੈ। ਉਕਤ ਸਮਾਗਮ ਵਿਚ ਸਿੱਖਾਂ ਨੇ ਗਰੀਬ ਬੱਚਿਆਂ ਨੂੰ 1000 ਤੋਂ ਵੱਧ ਸਾਈਕਲਾਂ ਦਾਨ ਕੀਤੀਆਂ। ਇਹ ਗਿਣਤੀ ਪਿਛਲੇ ਸਾਲ ਨਾਲੋਂ 200 ਵੱਧ ਹੈ। ਇਸ ਮੌਕੇ ਬਿਲ ਸਿੰਘ ਨਿੱਝਰ ਨੇ ਕਿਹਾ ਕਿ ਅਸੀ ਇਸ ਸੇਵਾ ਦਾ ਹਿੱਸਾ ਬਣ ਕੇ ਮਾਣ ਮਹਿਸੂਸ ਕਰਦੇ ਹਾਂ। ਉਨਾਂ ਨੇ ਕਿਹਾ ਕਿ ਅਸੀ ਸਿੱਖੀ ਦੇ ਸਿਧਾਂਤ ਕਿਰਤ ਕਰਨੀ ਤੇ ਵੰਡ ਛਕਣੀ ‘ਤੇ ਪਹਿਰਾ ਦਿੰਦਿਆਂ ਇਹੋ ਜਿਹੇ ਕਾਰਜ ਕਰਨਾ ਜਾਰੀ ਰਖਾਂਗੇ। ਅਸੀ ਫਰਿਜ਼ਨੋ ਵਿਚ ਭਾਈਚਾਰੇ ਦਾ ਹਿੱਸਾ ਹਾਂ ਅਤੇ ਸਾਨੂੰ ਆਪਣੇ ਗੁਆਂਢੀਆਂ ਨਾਲ ਖੜਣਾ ਚਾਹੀਦਾ ਹੈ। ਅੰਮ੍ਰਿਤਪਾਲ ਸਿੰਘ ਨੇ ਕਿਹਾ ਕਿ ਅਸੀ ਗੁਰੂ ਨਾਨਕ ਦੇਵ ਜੀ ਦੇ ਸਿੱਖ ਹਾਂ ਤੇ ਲੋੜਵੰਦਾਂ ਦੀ ਸੇਵਾ ਕਰਨਾ ਸਾਡਾ ਫਰਜ਼ ਹੈ। ਅਸੀ ਅਮਰੀਕੀ ਅਤੇ ਸਿਖ ਹੋਣ ਦੇ ਨਾਤੇ ਸਾਨੂੰ ਸਾਡੇ ਭਾਈਚਾਰੇ ਦੀ ਸੇਵਾ ਕਰਨਾ ਜਾਰੀ ਰੱਖਣਾ ਚਾਹੀਦਾ ਹੈ। ਦਸਣਯੋਗ ਹੈ ਕਿ ਫਰਿਜ਼ਨੋ ਤੇ ਆਲੇ ਦੁਆਲੇ ਦੇ ਇਲਾਕਿਆਂ ਵਿਚ 50,000 ਤੋਂ ਵੱਧ ਸਿੱਖ ਹਨ। ਫਰਿਜ਼ਨੋ ਵਿਚ ਐਡ ਕੈਂਪੇਨ ਤੋਂ ਬਾਅਦ ਕੀਤੀ ਗਈ ਚੋਣ ਨੇ ਸਿਖਾਂ ਪ੍ਰਤੀ ਹਾਂਪੱਖੀ ਧਾਰਨਾ ਵਿਚ ਅਹਿਮ ਵਾਧਾ ਕੀਤਾ ਹੈ। ਫਰਿਜ਼ਨੋ ਦੇ 59 ਫੀਸਦੀ ਵਾਸੀ ਮੰਨਦੇ ਹਨ ਕਿ ਉਹ ਸਿਖਾਂ ਬਾਰੇ ਕਾਫੀ ਜਾਣ ਗਏ ਹਨ, 68 ਫੀਸਦੀ ਸਿੱਖਾਂ ਨੂੰ ਚੰਗੇ ਗੁਆਂਢੀ ਵਜੋਂ ਵੇਖਦੇ ਹਨ ਅਤੇ 64 ਫੀਸਦੀ ਲੋਕ ਸਿੱਖਾਂ ਨੂੰ ਦਿਆਲੂ ਅਤੇ ਭਦਰਪੁਰਸ਼ ਵਜੋਂ ਵੇਖਦੇ ਹਨ।