ਕੈਲਗਰੀ ਦੇ ਮੇਅਰ ਦੀ ਚੋਣ ਲੜ ਸਕਦੀ ਹੈ ਮਿਸ਼ੇਲ ਰੈਂਪਲ

canada
ਓਟਵਾ, 17 ਮਈ (ਪੋਸਟ ਬਿਊਰੋ) : ਕੰਜ਼ਰਵੇਟਿਵ ਐਮਪੀ ਮਿਸ਼ੇਲ ਰੈਂਪਲ ਨੇ ਅਗਲੇ ਸਾਲ ਹੋਣ ਜਾ ਰਹੀਆਂ ਕੈਲਗਰੀ ਦੇ ਮੇਅਰ ਦੀਆਂ ਚੋਣਾਂ ਵਿੱਚ ਹਿੱਸਾ ਲੈਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਹੈ।
ਕੈਲਗਰੀ ਨੋਜ਼ ਹਿੱਲ ਤੋਂ ਐਮਪੀ ਨੇ ਇਹ ਨਹੀਂ ਆਖਿਆ ਕਿ ਉਹ ਮੇਅਰ ਨਾਹੀਦ ਨੈਂਸ਼ੀ ਨੂੰ ਟੱਕਰ ਦੇਣ ਬਾਰੇ ਵਿਚਾਰ ਕਰ ਰਹੀ ਹੈ ਪਰ ਉਨ੍ਹਾਂ ਇਸ ਗੱਲ ਤੋਂ ਇਨਕਾਰ ਵੀ ਨਹੀਂ ਕੀਤਾ। ਬੁੱਧਵਾਰ ਨੂੰ ਪ੍ਰਸ਼ਨ ਕਾਲ ਦੌਰਾਨ ਰੈਂਪਲ ਨੇ ਆਖਿਆ ਕਿ ਓਟਵਾ ਵਿੱਚ ਰਹਿ ਕੇ ਉਹ ਆਪਣਾ ਕੰਮ ਕਰ ਰਹੀ ਹੈ। ਜ਼ਿਕਰਯੋਗ ਹੈ ਕਿ ਰੈਂਪਲ ਨੇ ਪਿੱਛੇ ਜਿਹੇ ਸੋਸ਼ਲ ਮੀਡੀਆ ਉੱਤੇ ਨੈਂਸੀ ਤੇ ਮੌਜੂਦਾ ਸਿਟੀ ਕਾਉਂਸਲ ਨੂੰ ਚੁਣੌਤੀ ਦਿੱਤੀ ਸੀ। ਸੋਮਵਾਰ ਰਾਤ ਉਨ੍ਹਾਂ ਸ਼ਹਿਰ ਦੀ ਗ੍ਰੀਨ ਲਾਈਨ, ਜੋ ਕਿ 20 ਕਿਲੋਮੀਟਰ ਵਿੱਚ 4.65 ਬਿਲੀਅਨ ਡਾਲਰ ਦੀ ਲਾਗਤ ਨਾਲ ਤਿਆਰ ਹੋਣ ਵਾਲਾ ਲਾਈਟ ਰੇਲ ਪ੍ਰੋਜੈਕਟ ਹੈ, ਉੱਤੇ ਵੀ ਕਿੰਤੂ ਕੀਤਾ ਸੀ।
ਓਟਵਾ ਵਿੱਚ ਰੈਂਪਲ ਨੇ ਆਖਿਆ ਕਿ ਉਹ ਇਸ ਗੱਲ ਤੋਂ ਕਾਫੀ ਨਾਖੁਸ਼ ਹਨ ਕਿ ਸ਼ਹਿਰ ਨੇ ਅਜਿਹੇ ਪ੍ਰੋਜੈਕਟ ਲਈ ਅੱਧਾ ਬਜਟ ਚੁਣਿਆ ਹੈ ਜਿਹੜਾ ਪਹਿਲਾਂ ਵੱਡੀ ਪੱਧਰ ਉੱਤੇ ਚਲਾਇਆ ਜਾਣਾ ਸੀ। ਇਸ ਨਾਲ ਤਾਂ ਕਿਸੇ ਦਾ ਕੁੱਝ ਵੀ ਸੰਵਰਨ ਵਾਲਾ ਨਹੀਂ ਹੈ। ਉਨ੍ਹਾਂ ਆਖਿਆ ਕਿ ਅਖੀਰ ਵਿੱਚ ਕਾਉਂਸਲ ਨੂੰ ਹੋਰ ਪੈਸਿਆਂ ਲਈ ਮੁੜ ਫੈਡਰਲ ਸਰਕਾਰ ਕੋਲ ਜਾਣਾ ਹੀ ਹੋਵੇਗਾ। ਇਸ ਲਈ ਉਹ ਕਾਫੀ ਨਾਖੁਸ਼ ਹਨ।
ਪਿਛਲੇ ਹਫਤੇ ਰੈਂਪਲ ਨੇ ਆਖਿਆ ਸੀ ਕਿ ਉਸ ਤੋਂ ਪੁੱਛਿਆ ਜਾ ਰਿਹਾ ਹੈ ਕਿ ਕੀ ਉਹ ਕੈਲਗਰੀ ਦੇ ਮੇਅਰ ਦੇ ਅਹੁਦੇ ਲਈ ਲੜਨਾ ਚਾਹੁੰਦੀ ਹੈ ਤਾਂ ਉਸ ਨੇ ਜਵਾਬ ਦਿੱਤਾ ਸੀ ਕਿ ਗਰਮੀਆਂ ਦੀਆਂ ਛੁੱਟੀਆਂ ਵਿੱਚ ਇਸ ਬਾਰੇ ਸੋਚੇਗੀ। ਕੈਲਗਰੀ ਦੀਆਂ ਮਿਉਂਸਪਲ ਚੋਣਾਂ 16 ਅਕਤੂਬਰ ਨੂੰ ਹੋਣਗੀਆਂ।