ਕੈਰੋਲੀਨ ਮਲਰੋਨੀ ਤੇ ਐਲੀਅਟ ਵੀ ਓਨਟਾਰੀਓ ਪੀਸੀ ਪਾਰਟੀ ਦੀ ਲੀਡਰਸਿ਼ਪ ਦੌੜ ਲਈ ਮੈਦਾਨ ਵਿੱਚ ਨਿੱਤਰੀਆਂ


ਓਨਟਾਰੀਓ, 1 ਫਰਵਰੀ (ਪੋਸਟ ਬਿਊਰੋ) : ਇਹ ਤੈਅ ਹੋ ਚੁੱਕਿਆ ਹੈ ਕਿ ਸਿਆਸੀ ਪਿੜ ਵਿੱਚ ਨਵਾਂ ਚਿਹਰਾ ਤੇ ਸਾਬਕਾ ਪ੍ਰਧਾਨ ਮੰਤਰੀ ਬ੍ਰਾਇਨ ਮਲਰੋਨੀ ਦੀ ਧੀ ਕੈਰੋਲੀਨ ਮਲਰੋਨੀ ਓਨਟਾਰੀਓ ਦੀ ਪ੍ਰੋਗਰੈਸਿਵ ਕੰਜ਼ਰਵੇਟਿਵ ਪਾਰਟੀ ਦੀ ਲੀਡਰਸਿ਼ਪ ਦੌੜ ਵਿੱਚ ਹਿੱਸਾ ਲਵੇਗੀ। ਇਹ ਜਾਣਕਾਰੀ ਕੈਂਪੇਨ ਦੇ ਸੂਤਰਾਂ ਨੇ ਦਿੱਤੀ। ਇਸ ਦੇ ਨਾਲ ਹੀ ਇਸ ਗੱਲ ਦੀ ਵੀ ਪੁਸ਼ਟੀ ਹੋ ਚੁੱਕੀ ਹੈ ਕਿ ਸਾਬਕਾ ਐਮਪੀਪੀ ਕ੍ਰਿਸਟੀਨ ਐਲੀਅਟ ਵੀ ਇਸ ਦੌੜ ਵਿੱਚ ਸ਼ਾਮਲ ਹੋਵੇਗੀ।
ਪੀਸੀ ਪਾਰਟੀ ਦੇ ਸਾਬਕਾ ਆਗੂ ਪੈਟਰਿਕ ਬ੍ਰਾਊਨ ਵੱਲੋਂ ਜਿਨਸੀ ਸ਼ੋਸ਼ਣ ਦੇ ਲੱਗੇ ਦੋਸ਼ਾਂ ਦੇ ਮੱਦੇਨਜ਼ਰ ਅਸਤੀਫਾ ਦਿੱਤੇ ਜਾਣ ਤੋਂ ਬਾਅਦ 7 ਜੂਨ ਨੂੰ ਹੋਣ ਵਾਲੀਆਂ ਪ੍ਰੋਵਿੰਸ਼ੀਅਲ ਚੋਣਾਂ ਵਿੱਚ ਪ੍ਰੀਮੀਅਰ ਕੈਥਲੀਨ ਵਿੰਨ ਖਿਲਾਫ ਕਿਸ ਨੂੰ ਉਤਾਰਿਆ ਜਾਵੇਗਾ ਇਸ ਮੁੱਦੇ ਉੱਤੇ ਲੰਮੇਂ ਸਮੇਂ ਤੋਂ ਕਿਆਸਅਰਾਈਆਂ ਚੱਲ ਰਹੀਆਂ ਸਨ। ਮਲਰੋਨੀ ਯੌਰਕ ਸਿਮਕੌਏ ਹਲਕੇ ਤੋਂ ਪ੍ਰੋਗਰੈਸਿਵ ਕੰਜ਼ਰਵੇਟਿਵ ਉਮੀਦਵਾਰ ਹੋਵੇਗੀ। ਉਹ ਪੇਸ਼ੇ ਤੋਂ ਵਕੀਲ ਹੈ ਤੇ ਸਾਬਕਾ ਕੰਜ਼ਰਵੇਟਿਵ ਪ੍ਰਧਾਨ ਮੰਤਰੀ ਬ੍ਰਾਇਨ ਮਲਰੋਨੀ ਦੀ ਧੀ ਹੈ।
ਸੂਤਰਾਂ ਅਨੁਸਾਰ ਮਲਰੋਨੀ ਨੂੰ ਕਾਕਸ ਤੇ ਦੂਜੇ ਉਮੀਦਵਾਰਾਂ ਤੋਂ ਭਰਵਾਂ ਸਮਰਥਨ ਮਿਲ ਰਿਹਾ ਹੈ ਤੇ ਉਸ ਨੂੰ ਨਾਮਜਦ ਉਮੀਦਵਾਰ ਬਣਨ ਲਈ 100 ਦਸਤਖ਼ਤ ਚਾਹੀਦੇ ਹੋਣਗੇ। ਓਨਟਾਰੀਓ ਤੋਂ ਸਾਬਕਾ ਪੀਸੀ ਐਮਪੀਪੀ ਕ੍ਰਿਸਟੀਨ ਐਲੀਅਟ ਨੇ ਵੀ ਵੀਰਵਾਰ ਨੂੰ ਇਹ ਐਲਾਨ ਕਰ ਦਿੱਤਾ ਕਿ ਉਹ ਇਸ ਦੌੜ ਵਿੱਚ ਹਿੱਸਾ ਲਵੇਗੀ। ਇਸ ਸਮੇਂ ਐਲੀਅਟ ਓਨਟਾਰੀਓ ਦੀ ਮੈਡੀਕਲ ਪੇਸ਼ੈਂਟ ਓਮਬਡਸਮੈਨ ਹੈ। ਉਹ ਸਾਬਕਾ ਪ੍ਰੀਮੀਅਰ ਮਾਈਕ ਹੈਰਿਸ ਵੇਲੇ ਓਨਟਾਰੀਓ ਸਰਕਾਰ ਵਿੱਚ ਤੇ ਫਿਰ ਫੈਡਰਲ ਪੱਧਰ ਉੱਤੇ ਸਾਬਕਾ ਪ੍ਰਧਾਨ ਮੰਤਰੀ ਸਟੀਫਨ ਹਾਰਪਰ ਦੀ ਸਰਕਾਰ ਵਿੱਚ ਵਿੱਤ ਮੰਤਰੀ ਰਹੇ ਮਰਹੂਮ ਜਿੰਮ ਫਲੈਹਰਟੀ ਦੀ ਪਤਨੀ ਹੈ। ਐਲੀਅਟ ਨੇ 2006 ਤੇ 2015 ਦਰਮਿਆਨ ਵ੍ਹਿਟਬੀ-ਐਜੈਕਸ ਤੇ ਵ੍ਹਿਟਬੀ ਓਸ਼ਾਵਾ ਹਲਕਿਆਂ ਦੀ ਨੁਮਾਇੰਦਗੀ ਕੀਤੀ ਸੀ।
ਟੋਰਾਂਟੋ ਦੇ ਸਾਬਕਾ ਸਿਟੀ ਕਾਉਂਸਲਰ ਡੱਗ ਫੋਰਡ ਵੀ ਰਸਮੀ ਤੌਰ ਉੱਤੇ ਸੋਮਵਾਰ ਨੂੰ ਪਾਰਟੀ ਦੀ ਲੀਡਰਸਿ਼ਪ ਦੌੜ ਵਿੱਚ ਹਿੱਸਾ ਲੈਣ ਦੇ ਆਪਣੇ ਇਰਾਦੇ ਤੋਂ ਸੱਭ ਨੂੰ ਜਾਣੂ ਕਰਵਾ ਚੁੱਕੇ ਹਨ। ਉਹ ਇਟੋਬੀਕੋ ਨੌਰਥ ਹਲਕੇ ਤੋਂ ਨਾਮਜ਼ਦਗੀ ਚਾਹੁੰਦੇ ਹਨ।