ਕੈਬਨਿਟ ਮੰਤਰੀ ਧਰਮਸ਼ੋਤ ਨੇ ਕਿਹਾ: ਮੈਂ ਤਾਂ ਡੇਰਾ ਸਿਰਸਾ ਵਿੱਚ ਜਾਂਦਾ ਰਹਾਂਗਾ

sadhu singh dharamsot
ਜਲੰਧਰ, 10 ਸਤੰਬਰ, (ਪੋਸਟ ਬਿਊਰੋ)- ਡੇਰਾ ਸੱਚਾ ਸੌਦਾ ਸਿਰਸਾ ਬਾਰੇ ਆਏ ਇਨ ਨਵੇਂ ਤੋਂ ਨਵੇਂ ਖੁਲਾਸੇ ਹੋਈ ਜਾਣ ਦੇ ਬਾਵਜੂਦ ਪੰਜਾਬ ਦੇ ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸ਼ੋਤ ਨੇ ਸਪੱਸ਼ਟ ਸ਼ਬਦਾਂ ਵਿੱਚ ਕਿਹਾ ਹੈ ਕਿ ਉਹ ਡੇਰੇ ਵਿੱਚ ਵੋਟਾਂ ਮੰਗਣ ਲਈ ਗਏ ਸਨ ਤੇ ਭਵਿੱਖ ਵਿੱਚ ਵੀ ਇਸ ਕੰਮ ਲਈ ਜਾਂਦੇ ਰਹਿਣਗੇ।
ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਅੱਜ ਏਥੇ ਸਾਧੂ ਸਿੰਘ ਧਰਮਸੋਤ ਨੇ ਕਿਹਾ ਕਿ ਡੇਰੇ ਦਾ ਆਪਣਾ ਬਹੁਤ ਵੱਡਾ ਮਹੱਤਵ ਹੈ। ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਕੀ ਪੰਜਾਬ ਵਿੱਚ ਡੇਰੇ ਉੱਤੇ ਪਾਬੰਦੀ ਲਾਈ ਜਾਵੇਗੀ, ਤਾਂ ਉਨ੍ਹਾਂ ਨੇ ਕਿਹਾ ਕਿ ਕਿਹੜਾ-ਕਿਹੜਾ ਡੇਰਾ ਬੰਦ ਕਰੋਗੇ, ਏਥੇ ਬਹੁਤ ਸਾਰੇ ਡੇਰੇ ਹਨ, ਕਾਂਗਰਸ ਪਾਰਟੀ ਦਾ ਡੇਰਿਆਂ ਉਤੇ ਪਾਬੰਦੀ ਲਾਉਣ ਦਾ ਕੋਈ ਇਰਾਦਾ ਨਹੀਂ ਅਤੇ ਉਹ ਖੁਦ ਵੀ ਡੇਰਾ ਬੰਦ ਕਰਨ ਦੇ ਹੱਕ ਵਿੱਚ ਨਹੀਂ। ਉਨ੍ਹਾਂ ਕਿਹਾ ਕਿ ਡੇਰਿਆਂ ਵਿੱਚ ਗਲਤ ਕੰਮ ਨਹੀਂ ਹੋਣੇ ਚਾਹੀਦੇ ਅਤੇ ਕਿਸੇ ਵੀ ਮਾੜੀ ਚੀਜ਼ ਨੂੰ ਸੁੱਟਣ ਦੀ ਨਹੀਂ, ਸਗੋਂ ਸੁਧਾਰਨ ਦੀ ਲੋੜ ਹੈ। ਜੰਗਲਾਤ ਮੰਤਰੀ ਨੇ ਕਿਹਾ ਕਿ ਸਭ ਸਿਆਸੀ ਪਾਰਟੀਆਂ ਦੇ ਆਗੂ ਉਥੇ ਵੋਟਾਂ ਮੰਗਣ ਜਾਂਦੇ ਹਨ ਅਤੇ ਇਸ ਵਿੱਚ ਕੁਝ ਗਲਤ ਵੀ ਨਹੀਂ।