ਕੈਬਨਿਟ ਮੰਤਰੀ ਚੰਨੀ ਦਾ ਪੀ ਐਚ ਡੀ ਦਾਖਲਾ ਪੰਜਾਬ ਯੂਨੀਵਰਸਿਟੀ ਲਈ ਗਲੇ ਦੀ ਹੱਡੀ ਬਣ ਗਿਆ

channi
ਚੰਡੀਗੜ੍ਹ, 12 ਅਕਤੂਬਰ (ਪੋਸਟ ਬਿਊਰੋ)- ਪੰਜਾਬ ਦੇ ਤਕਨੀਕੀ ਸਿੱਖਿਆ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਪੀ ਐਚ ਡੀ ਕੋਰਸ ਵਿੱਚ ਦਾਖਲਾ ਹੁਣ ਪੰਜਾਬ ਯੂਨੀਵਰਸਿਟੀ ਲਈ ਮੁਸੀਬਤ ਬਣ ਗਿਆ ਹੈ। ਕੱਲ੍ਹ ਇਸ ਸੰਬੰਧ ਵਿੱਚ ਵਾਈਸ ਚਾਂਸਲਰ ਅਤੇ ਚੇਅਰਪਰਸਨ ਦੀ ਮੀਟਿੰਗ ਵਿੱਚ 22 ਉਮੀਦਵਾਰਾਂ ਦੇ ਨਿਯਮਾਂ ਵਿੱਚ ਛੋਟ ਤੋਂ ਬਾਅਦ ਦਾਖਲਾ ਪ੍ਰੀਖਿਆ ਪਾਸ ਹੋਣ ਦੀ ਗੱਲ ਸਾਹਮਣੇ ਆਈ ਹੈ।
ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਪਹਿਲੇ ਯਤਨ ‘ਚ ਪੇਪਰ ਪਾਸ ਨਹੀਂ ਕਰ ਸਕੇ ਸਨ, ਕਿਉਂਕਿ ਪਹਿਲਾ ਪੇਪਰ ਪਾਸ ਨਾ ਹੋਣ ਕਾਰਨ ਉਨ੍ਹਾਂ ਦਾ ਦੂਸਰਾ ਪੇਪਰ ਚੈਕ ਨਹੀਂ ਹੋ ਸਕਿਆ। ਪਿਛਲੇ ਮਹੀਨੇ ਸਿੰਡੀਕੇਟ ਦੀ ਮੀਟਿੰਗ ਵਿੱਚ ਨਿਯਮਾਂ ਵਿੱਚ ਐਸ ਸੀ ਅਤੇ ਐਸ ਟੀ ਉਮੀਦਵਾਰਾਂ ਨੂੰ ਪਹਿਲੇ ਪੇਪਰ ਵਿੱਚ 10 ਨੰਬਰਾਂ ਦੀ ਛੋਟ ਦਾ ਨਿਯਮ ਲਿਆਂਦਾ ਗਿਆ। ਯੂਨੀਵਰਸਿਟੀ ਪ੍ਰਸ਼ਾਸਨ ‘ਤੇ ਚੰਨੀ ਦੇ ਕਾਰਨ ਇਹ ਛੋਟ ਦੇਣ ਦੇ ਦੋਸ਼ ਲੱਗੇ ਸਨ। ਹੁਣ ਇਸ ਨਿਯਮ ਨਾਲ ਫਾਇਦੇ ਕਾਰਨ ਕਈ ਕੋਰਸਾਂ ਵਿੱਚ 156 ਉਮੀਵਦਾਰਾਂ ਦਾ ਪਹਿਲਾ ਪੇਪਰ ਪਾਸ ਹੋ ਗਿਆ ਸੀ, ਜਿਨ੍ਹਾਂ ਵਿੱਚੋਂ 22 ਦਾ ਦੂਸਰਾ ਪੇਪਰ ਪਾਸ ਹੋਇਆ। ਚੰਨੀ ਦੇ ਪਹਿਲੇ ਪੇਪਰ ਵਿੱਚ 42 ਨੰਬਰ ਹੋਣ ਦੀ ਜਾਣਕਾਰੀ ਸਾਹਮਣੇ ਆਈ ਤਾਂ ਨਿਯਮ ਨਾਲ ਉਨ੍ਹਾਂ ਨੂੰ ਵੀ ਫਾਇਦਾ ਮਿਲਿਆ, ਪਰ ਯੂਨੀਵਰਸਿਟੀ ਪ੍ਰਸ਼ਾਸਨ ਦੇ ਹਰ ਅਧਿਕਾਰੀ ਨੇ ਚੰਨੀ ਨਾਲ ਦੇ ਇਨ੍ਹਾਂ 22 ਉਮੀਦਵਾਰਾਂ ਵਿੱਚ ਸ਼ਾਮਲ ਹੋਣ ਜਾਂ ਨਾ ਹੋਣ ਦੇ ਮਾਮਲੇ ਵਿੱਚ ਚੁੱਪੀ ਸਾਧ ਲਈ ਹੈ। ਇਹ ਵੀ ਕਿਹਾ ਜਾ ਰਿਹਾ ਹੈ ਕਿ ਹਾਲੇ ਚੰਨੀ ਦਾ ਦੂਸਰਾ ਪੇਪਰ ਚੈਕ ਨਹੀਂ ਹੋਇਆ। ਸਾਰੇ ਵਿਭਾਗਾਂ ਦੇ ਚੇਅਰਪਰਸਨ ਦੀ ਵੀ ਸੀ ਨਾਲ ਮੀਟਿੰਗ ਵਿੱਚ ਮੁੱਦਾ ਉਠਿਆ ਕਿ ਦਾਖਲਾ ਪ੍ਰੀਖਿਆ ਦਾ ਨਤੀਜਾ ਆਉਣ ਤੋਂ ਬਾਅਦ 10 ਫੀਸਦੀ ਨੰਬਰ ਦੀ ਛੋਟ ਦੇਣ ਨੂੰ ਲੈ ਕੇ ਇਤਰਾਜ਼ ਕਰਨ ਵਾਲੇ ਉਮੀਦਵਾਰ ਅਦਾਲਤ ਜਾ ਸਕਦੇ ਹਨ। ਅਧਿਕਾਰੀ ਅਜਿਹਾ ਨਹੀਂ ਮੰਨਦੇ।