ਕੈਪਟਨ ਸਰਕਾਰ ਦੀ ਕਾਰਗੁਜ਼ਾਰੀ ਤੋਂ ਸੰਤੁਸ਼ਟ ਹਾਂ : ਮਲਕੀਤ ਸਿੰਘ ਦਾਖਾ

IMG-20170803-WA0001ਟੋਰਾਂਟੋ, 2 ਅਗਸਤ (ਪੋਸਟ ਬਿਓਰੋ)- ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਮੀਤ ਪ੍ਰਧਾਨ ਤੇ ਸਾਬਕਾ ਮੰਤਰੀ ਸ: ਮਲਕੀਤ ਸਿੰਘ ਦਾਖਾ ਇਨ੍ਹੀਂ ਦਿਨੀ ਆਪਣੇ ਨਿੱਜੀ ਦੌਰੇ `ਤੇ ਟੋਰਾਂਟੋ, ਕੈਨੇਡਾ ਆਏ ਹੋਏ ਹਨ। ਕੱਲ੍ਹ ਉਹ ਆਪਣੇ ਸਹਿਯੋਗੀਆਂ ਨਾਲ ‘ਕੈਨੇਡੀਅਨ ਪੰਜਾਬੀ ਪੋਸਟ’ ਅਖ਼ਬਾਰ ਦੇ ਦਫ਼ਤਰ ਪੰਹੁਚੇੇ। ਉਨ੍ਹਾਂ ਗੱਲਬਾਤ ਦੌਰਾਨ ਕੈਪਟਨ ਸਰਕਾਰ ਵਲੋਂ ਕੀਤੇ ਜਾ ਰਹੇ ਕੰਮਾਂ ਦੀ ਭਰਪੂਰ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਸਭ ਤੋਂ ਪਹਿਲਾਂ ਤਾਂ ਖਜ਼ਾਨੇ ਨੂੰ ਪੈਰਾਂ ਸਿਰ ਕਰਨਾ ਹੈ ਤੇ ਉਸ ਦੇ ਨਾਲ-ਨਾਲ ਜੋ ਵਾਅਦੇ ਕੀਤੇ ਗਏ ਹਨ, ਉਹ ਪੂਰੇ ਕਰਨੇ ਹਨ। ਵੱਧ ਤੋ ਵੱਧ ਲੋਕਾਂ ਨੂੰ ਰੁਜ਼ਗਾਰ ਦੇਣਾ ਤੇ ਪੰਜਾਬ ਨੂੰ ਨਸ਼ਾ ਮੁਕਤ ਕਰਨਾ ਕਾਂਗਰਸ ਸਰਕਾਰ ਦੀ ਪਹਿਲ ਹੈ। ਉਨ੍ਹਾਂ ਜੀਐਸਟੀ ਰਾਹੀਂ ਇਕੱਤਰ ਹੋਣ ਵਾਲੇ ਟੈਕਸ ਦੀ ਵੀ ਸ਼ਲਾਘਾ ਕੀਤੀ ਤੇ ਕਿਹਾ ਕਿ ਇਸ ਨਾਲ ਪੰਜਾਬ ਸਰਕਾਰ ਦੇ ਰੈਵੇਨਿਊ ਵਿਚ ਵਾਧਾ ਹੋਵੇਗਾ ਅਤੇ ਇਹ ਵਧਿਆ ਹੋਇਆ ਰੈਵੇਨਿਊ ਲੋਕਾਂ `ਤੇ ਖਰਚਿਆ ਜਾਵੇਗਾ। ਉਨ੍ਹਾਂ ਪੰਜਾਬ ਦੀ ਕਿਰਸਾਨੀ ਤੇ ਪੰਜਾਬ ਦੇ ਕਿਸਾਨ ਦਾ ਜੋ ਬਾਦਲ ਸਰਕਾਰ ਵੇਲੇ ਮੰਦਾ ਹਾਲ ਹੋਇਆ ਹੈ, ਉੇਸ `ਤੇ ਡਾਹਢੀ ਚਿੰਤਾ ਵੀ ਪ੍ਰਗਟਾਈ।
ਉਨ੍ਹਾਂ ਕਿਹਾ ਕਿ ਛੋਟੇ ਕਿਸਾਨਾਂ ਦੇ ਕਰਜ਼ੇ, ਫਸਲਾਂ `ਤੇ ਲਏ ਕਰਜ਼ੇ ਅਤੇ ਹੋਰ ਕਰਜਿ਼ਆਂ ਹੇਠ ਦੱਬੇ ਕਿਸਾਨਾਂ ਦਾ ਪੂਰੀ ਤਰ੍ਹਾਂ ਪ੍ਰੀਖਣ ਕੀਤਾ ਜਾ ਰਿਹਾ ਹੈ ਅਤੇ ਕੀਤੇ ਗਏ ਵਾਅਦੇ ਮੁਤਾਬਿਕ ਹਰ ਲੋੜਵੰਦ ਕਿਸਾਨ ਦੀ ਮੱਦਦ ਕੀਤੀ ਜਾਵੇਗੀ। ਪਾਣੀਆਂ ਦੇ ਮੁੱਦੇ ਉਤੇ ਉਨ੍ਹਾਂ ਪਿਛਲੇ ਸਮਿਆਂ ਵਿਚ ਕੈਪਟਨ ਅਮਰਿੰਦਰ ਸਿੰਘ ਵਲੋਂ ਲਏ ਸਟੈਡ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਹੀ ਪੰਜਾਬ ਦੇ ਪਾਣੀਆ ਦਾ ਹੱਲ ਕਰ ਸਕਦੇ ਹਨ ਤੇ ਉਹ ਹਰ ਸੰਭਵ ਕੋਸਿ਼ਸ਼ ਕਰ ਰਹੇ ਹਨ ਤਾਂ ਕਿ ਜੋ ਪੰਜਾਬ ਦੇ ਪਾਣੀ ਦੀ ਇਕ ਵੀ ਬੂੰਦ ਕਿਸੇ ਹੋਰ ਸੂਬੇ ਨੂੰ ਨਾ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਰੀਪੇਰੀਅਨ ਸਿਧਾਂਤ ਦੇ ਨਾਲ-ਨਾਲ ਜੋ ਇਸ ਸਮੇ ਪੰਜਾਬ ਨੂੰ ਬਚਾਉਣ ਲਈ ਕੀਤਾ ਜਾ ਸਕਦਾ ਹੈ, ਉਸ ਨੂੰ ਕਰਨ ਲਈ ਕੈਪਟਨ ਅਮਰਿੰਦਰ ਸਿੰਘ ਵਚਨਬੱਧ ਹਨ।
ਨਸ਼ੇ ਦੇ ਬਾਰੇ ਵਿਚ ਉਨ੍ਹਾਂ ਗੱਲ ਕਰਦਿਆਂ ਕਿਹਾ ਕਿ ਵੱਡੇ ਤਸਕਰਾਂ ਨੂੰ ਪਹਿਲਾਂ ਹੀ ਨੱਥ ਪੈ ਚੁੱਕੀ ਹੈ ਤੇ ਛੋਟੇ ਪੱਧਰ ਦੇ ਕੰਮ ਕਰਨੇ ਬਾਕੀ ਹਨ। ਪੰਜਾਬ ਸਰਕਾਰ ਪੂਰੀ ਸਰਗਰਮੀ ਨਾਲ ਪੰਜਾਬ ਨੂੰ ਨਸ਼ਾ ਮੁਕਤ ਕਰਨ ਵਿਚ ਜੁਟੀ ਹੋਈ ਹੈ। ਪੰਜਾਬ ਵਿਚ ਵਧ ਰਹੇ ਗੈਗਸਟਰ ਕਲਚਰ ਦੇ ਬਾਰੇ ਵਿਚ ਉਨ੍ਹਾਂ ਬੋਲਦਿਆਂ ਕਿਹਾ ਕਿ ਪੰਜਾਬ ਵਿਚ ਇਨ੍ਹਾਂ ਦੇ ਪ੍ਰਭਾਵ ਨੂੰ ਰੋਕਣ ਲਈ ਸਖ਼ਤੀ ਵਰਤੀ ਜਾਣੀ ਹੈ, ਉਥੇ ਹੀ ਸਾਡੇ ਵਲੋ ਰੁਜ਼ਗਾਰ ਦੇ ਉਪਰਾਲੇ ਕੀਤੇ ਜਾਣੇ ਹਨ ਤਾਂ ਜੋ ਪੰਜਾਬ ਦਾ ਨੌਜਵਾਨ ਗੈਗਸਟਰਾਂ ਵੱਲ ਖਿੱਚੇ ਜਾਣ ਨਾਲੋ ਕੰਮ-ਕਾਰ ਉਤੇ ਲੱਗ ਕੇ ਦੇਸ਼ ਦੀ ਤਰੱਕੀ ਵਿਚ ਯੋਗਦਾਨ ਪਾਵੇ ਤੇ ਆਪਣੇ ਪਰਿਵਾਰ ਚਲਾਵੇ। ਇਥੇ ਵਰਣਨਯੋਗ ਹੈ ਕਿ ਮਲਕੀਤ ਸਿੰਘ ਦਾਖਾ, ਜੋ ਲੰਬੇ ਸਮੇ ਤੋ ਦਾਖਾ ਤੋ ਚੋਣ ਲੜਦੇ ਆ ਰਹੇ ਹਨ ਪਿਛਲੀਆ ਚੋਣਾਂ ਦੋਰਾਨ ਉਨ੍ਹਾਂ ਨੂੰ ਜਗਰਾਓ ਦੀ ਸੀਟ ਤੋ ਟਿਕਟ ਦਿੱਤੀ ਗਈ ਸੀ। ਇਥੋ ਆਮ ਆਦਮੀ ਪਾਰਟੀ ਦੀ ਬੀਬੀ ਸਰਵਜੀਤ ਕੌਰ ਮਾਣੂਕੇ ਨੇ ਜਿੱਤ ਹਾਸਿਲ ਕੀਤੀ ਸੀ। ਆਮ ਆਦਮੀ ਪਾਰਟੀ ਦੇ ਬਾਰੇ ਵਿਚ ਬੋਲਦਿਆਂ ਉਨ੍ਹਾਂ ਕਿਹਾ ਕਿ ਤੁਸੀ ਅੱਜ ਦਿੱਲੀ ਵਿਚ ਕਿਸੇ ਆਮ ਟੈਕਸੀ ਡਰਾਇਵਰ ਨਾਲ ਵੀ ਗੱਲ ਕਰ ਲਓ, ਉਹ ਵੀ ਕਹੇਗਾ ਕਿ ਕੇਜਰੀਵਾਲ ਨੇ ਜੋ ਕਿਹਾ, ਉਹ ਕੀਤਾ ਨਹੀ। ਪੰਜਾਬ ਵਿਚ ਆਮ ਆਦਮੀ ਪਾਰਟੀ ਦੇ ਬਾਰੇ ਵਿਚ ਬੋਲਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਵਿਚ ਵੀ ਉਹ ਕਹਿੰਦੇ ਕੁੱਝ ਰਹੇ ਹਨ ਤੇ ਕਰਦੇ ਕੁੱਝ ਰਹੇ ਹਨ। ਉਨ੍ਹਾਂ ਪੰਜਾਬ ਵਿਚ ਕਾਂਗਰਸ ਦੀ ਜਿੱਤ ਹੋਣ ਦਾ ਕਾਰਨ ਵੀ ਇਹੀ ਦੱਸਿਆ ਕਿ ਆਮ ਆਦਮੀ ਪਾਰਟੀ ਬਾਰੇ ਇਹੀ ਚਰਚਾ ਹੁੰਦੀ ਸੀ ਕਿ ਬਹੁਤੇ ਲੋਕਾਂ ਨੂੰ ਇਨ੍ਹਾਂ ਨੇ ਪੈਸੇ ਲੈ ਕੇ ਟਿਕਟਾਂ ਵੰਡੀਆ। ਇਸ ਲਈ ਹੁਣ ਲੋਕਾਂ ਦਾ ਆਮ ਆਦਮੀ ਪਾਰਟੀ ਤੋ ਭਰੋਸਾ ਉਠ ਚੁੱਕਿਆ ਹੈ। ਉਨ੍ਹਾਂ ਅਕਾਲੀ ਸਰਕਾਰ ਵਲੋ ਚਲਾਈ ਜਾ ਰਹੀ ਜਬਰ ਵਿਰੁੱਧ ਮੁਹਿੰਮ ਨੂੰ ਸਿਰਫ ਼ਇਕ ਡਰਾਮਾ ਦੱਸਿਆ। ਉਨ੍ਹਾਂ ਕਿਹਾ ਕਿ ਇਹ ਸਾਰੇ ਰਲ ਕੇ ਪੰਜਾਬ ਦਾ ਮਹੌਲ ਖਰਾਬ ਕਰਨ ਉਤੇ ਤੁਲੇ ਹੋਏ ਹਨ। ਇਸ ਤੋ ਵੱਧ ਅਕਾਲੀ ਹੁਣ ਕੁੱਝ ਵੀ ਨਹੀਂ ਕਰ ਸਕਦੇ। ਇਸ ਮੌਕੇ ਉਨ੍ਹਾਂ ਨਾਲ ਰਾਜਵਿੰਦਰ ਸਿੰਘ ਸਰਪੰਚ ਬੇਗੋਵਾਲ, ਕੁਲਵੰਤ ਸਿੰਘ ਮਾਂਗਟ, ਕੁਲਵਿੰਦਰ ਸਿੰਘ ਸਿੱਧੂ, ਅਜੀਤ ਸਿੰਘ ਗਰਚਾ, ਅਜੀਤਪਾਲ ਸਿੰਘ ਸਰਪੰਚ ਕਨੇਜ, ਨਿਰਮਲ ਸਿੰਘ ਮਾਂਗਟ ਵੀ ਮੌਜੂਦ ਸਨ। ਸਿ਼ੰਗਾਰਾ ਸਿੰਘ ਮੰਡ ਵਲੋਂ ਵੀ ਆਪਣੇ ਬੋਲਟਨ ਸਥਿਤ ਹੋਟਲ ਵਿਖੇ ਮਲਕੀਤ ਸਿੰਘ ਦਾਖਾ ਲਈ ਇਕ ਛੋਟਾ ਪ੍ਰਭਾਵਪੂਰਤ ਸਮਾਗਮ ਆਯੋਜਿਤ ਕੀਤਾ ਗਿਆ। ਜਿਥੇ ਮੰਤਰੀ ਨੇ ਕਾਂਗਰਸ ਪਾਰਟੀ ਦੀਆਂ ਪ੍ਰਾਪਤੀਆਂ ਤੇ ਉਦੇਸ਼ ਬਾਰੇ ਗੱਲਬਾਤ ਕੀਤੀ।