ਕੈਪਟਨ ਵੱਲੋਂ ਜਰਮਨ ਕੰਪਨੀ ਨੂੰ ਸੰਗਰੂਰ ਜ਼ਿਲੇ ’ਚ 100 ਕਰੋੜ ਦੀ ਲਾਗਤ ਨਾਲ ਬਾਇਓ-ਗੈਸ ਪਲਾਂਟ ਸਥਾਪਤ ਕਰਨ ਦੀ ਪ੍ਰਵਾਨਗੀ

ਚੰਡੀਗੜ੍ਹ, 11 ਜੁਲਾਈ (ਪੋਸਟ ਬਿਊਰੋ): ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਧਿਆਨ ਵਿੱਚ ਮਾਮਲਾ ਲਿਆਂਦੇ ਜਾਣ ਦੇ 24 ਘੰਟਿਆਂ ਦੇ ਅੰਦਰ ਉਨਾਂ ਨੇ 100 ਕਰੋੜ ਰੁਪਏ ਦੀ ਲਾਗਤ ਨਾਲ ਬਾਇਓ-ਗੈਸ ’ਤੇ ਅਧਾਰਿਤ ਸੀ.ਐਨ.ਜੀ. ਪਲਾਂਟ ਸਥਾਪਤ ਕਰਨ ਲਈ ਜਰਮਨ ਕੰਪਨੀ ਦੇ ਪ੍ਰਾਜੈਕਟ ਨੂੰ ਹਰੀ ਝੰਡੀ ਦੇ ਦਿੱਤੀ। ਇਹ ਪ੍ਰਾਜੈਕਟ ਪਿਛਲੇ ਤਿੰਨ ਸਾਲਾਂ ਤੋਂ ਠੰਢੇ ਬਸਤੇ ਵਿੱਚ ਪਿਆ ਹੋਇਆ ਸੀ।
ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਭਾਵੇਂ ਕਿ ਪਿਛਲੀ ਅਕਾਲੀ-ਭਾਜਪਾ ਸਰਕਾਰ ਨੇ ਸਾਲ 2015 ਵਿੱਚ ਵਰਬੀਓ ਕੰਪਨੀ ਨਾਲ ਇਸ ਸਬੰਧੀ ਸਮਝੌਤਾ ਸਹੀਬੰਦ ਕੀਤਾ ਸੀ ਪਰ ਲੋੜੀਂਦੀ ਪ੍ਰਵਾਨਗੀਆਂ ਦੇਣ ਵਿੱਚ ਨਾਕਾਮ ਰਹੀ ਸੀ। ਇਹ ਮਾਮਲਾ ਬੀਤੀ ਸ਼ਾਮ ਮੁੱਖ ਮੰਤਰੀ ਦੇ ਧਿਆਨ ਵਿੱਚ ਲਿਆਂਦਾ ਗਿਆ ਜਿਨਾਂ ਨੇ ਇਸ ਦਾ ਫੌਰੀ ਨੋਟਿਸ ਲੈਂਦਿਆਂ ਇਸ ਨੂੰ ਅਮਲੀ ਰੂਪ ਦੇਣ ਦਾ ਫੈਸਲਾ ਲਿਆ।
ਅੱਜ ਇੱਥੇ ਕੰਪਨੀਆਂ ਦੇ ਅਧਿਕਾਰੀਆਂ ਨਾਲ ਮੀਟਿੰਗ ਦੌਰਾਨ ਮੁੱਖ ਮੰਤਰੀ ਨੇ ਵਰਬੀਓ ਦੇ ਡਾਇਰੈਕਟਰ ਓਲੀਵਰ ਲਿੳੂਟਡਕੇ ਨੂੰ ਪ੍ਰਵਾਨਗੀ ਪੱਤਰ ਸੌਂਪਿਆ।
ਮੁੱਖ ਮੰਤਰੀ ਨੇ 100 ਕਰੋੜ ਦੀ ਲਾਗਤ ਨਾਲ ਸੰਗਰੂਰ ਜ਼ਿਲੇ ਦੇ ਲਹਿਰਾਗਾਗਾ ਬਲਾਕ ਵਿੱਚ ਪਿੰਡ ਭੁੱਟਲ ਕਲਾਂ ਵਿਖੇ ਪਲਾਂਟ ਲਾਉਣ ਦੀ ਪ੍ਰਵਾਨਗੀ ਦਿੱਤੀ। ਇਸ ਦੇ ਨਾਲ ਹੀ ਉਨਾਂ ਨੇ ਹੋਰ 900 ਕਰੋੜ ਰੁਪਏ ਦੀ ਲਾਗਤ ਨਾਲ ਸੂਬੇ ਦੇ ਵੱਖ-ਵੱਖ ਹਿੱਸਿਆਂ ਵਿੱਚ ਅਜਿਹੇ 9 ਪਲਾਂਟ ਸਥਾਪਤ ਕੀਤੇ ਜਾਣ ਨੂੰ ਸਿਧਾਂਤਕ ਪ੍ਰਵਾਨਗੀ ਦਿੱਤੀ ਜਿਸ ਨਾਲ ਸਿੱਧੇ ਤੌਰ ’ਤੇ 5000 ਵਿਅਕਤੀਆਂ ਲਈ ਰੁਜ਼ਗਾਰ ਦੇ ਮੌਕੇ ਪੈਦਾ ਹੋਣਗੇ। ਮੁੱਖ ਮੰਤਰੀ ਨੇ ਨਿਵੇਸ਼ ਪੰਜਾਬ ਬਿੳੂਰੋ ਨੂੰ ਇਨਾਂ 9 ਪ੍ਰਾਜੈਕਟਾਂ ਲਈ ਵੀ ਫੌਰੀ ਪ੍ਰਵਾਨਗੀਆਂ ਜਾਰੀ ਕਰਨ ਦੀ ਹਦਾਇਤ ਕੀਤੀ। ਇਹ ਪ੍ਰਾਜੈਕਟ ਵੀ ਭੁੱਟਲ ਕਲਾਂ ਵਿੱਚ ਸਥਾਪਤ ਕੀਤੇ ਜਾਣ ਵਾਲੇ ਪ੍ਰਾਜੈਕਟ ਦੇ ਆਧਾਰ ’ਤੇ ਹੋਣਗੇ।
ਬੁਲਾਰੇ ਨੇ ਦੱਸਿਆ ਕਿ ਭੁੱਟਲ ਕਲਾਂ ਵਿਖੇ ਸਥਾਪਤ ਕੀਤਾ ਜਾਣ ਵਾਲਾ ਪਲਾਂਟ ਸਾਲਾਨਾ 33,000 ਕਿਲੋ ਬਾਇਓ-ਸੀ.ਐਨ.ਜੀ. ਅਤੇ 45,000 ਟਨ ਜੈਵਿਕ ਖਾਦ ਦਾ ਉਤਪਾਦਨ ਕਰੇਗਾ। ਏਨੀ ਸਮਰਥਾ ਵਾਲੇ ਬਾਕੀ 9 ਪ੍ਰਾਜੈਕਟ ਸਥਾਪਤ ਹੋਣ ਨਾਲ ਬਾਇਓ-ਸੀ.ਐਨ.ਜੀ. ਅਤੇ ਜੈਵਿਕ ਖਾਦ ਦਾ ਉਤਪਾਦਨ ਕਈ ਗੁਣਾ ਵਧ ਜਾਵੇਗਾ ਜਿਸ ਨਾਲ ਹਵਾ ਪ੍ਰਦੂਸ਼ਣ ਦੀ ਸਮੱਸਿਆ ਨਾਲ ਨਿਪਟਣ ਵਿੱਚ ਸਹਾਇਤਾ ਮਿਲੇਗੀ।
ਮੁੱਖ ਮੰਤਰੀ ਨੇ ਉਮੀਦ ਜ਼ਾਹਰ ਕੀਤੀ ਕਿ ਪ੍ਰਾਜੈਕਟ ਕਿਸਾਨਾਂ ਨੂੰ ਖੇਤਾਂ ਦੀ ਰਹਿੰਦ-ਖੂੰਹਦ ਖਾਸ ਕਰਕੇ ਪਰਾਲੀ ਦਾ ਲਾਹੇਵੰਦ ਭਾਅ ਮੁਹੱਈਆ ਕਰਵਾਉਣ ਵਿੱਚ ਬਹੁਤ ਸਹਾਈ ਹੋਵੇਗਾ। ਉਨਾਂ ਦੱਸਿਆ ਕਿ ਬਾਇਓ-ਜੀ.ਐਨ.ਜੀ. ਅਤੇ ਹਰੀ ਖਾਦ ਲਈ ਲਗਪਗ 20 ਮਿਲੀਆ ਟਨ ਪਰਾਲੀ ਦੀ ਵਰਤੋਂ ਕੀਤੀ ਜਾ ਸਕਦੀ ਹੈ।
ਵਫ਼ਦ ਦੀ ਅਪੀਲ ’ਤੇ ਮੁੱਖ ਮੰਤਰੀ ਨੇ ਆਪਣੇ ਮੁੱਖ ਪ੍ਰਮੁੱਖ ਸਕੱਤਰ ਨੂੰ ਜੈਵਿਕ ਖਾਦ ਲਈ ਪ੍ਰਵਾਨਗੀ ਦੇਣ ਵਾਸਤੇ ਮਾਮਲਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨਾਲ ਉਠਾਉਣ ਦੀ ਹਦਾਇਤ ਕੀਤੀ। ਉਨਾਂ ਨੇ ਆਪਣੇ ਮੁੱਖ ਪ੍ਰਮੁੱਖ ਸਕੱਤਰ ਨੂੰ ਪਟਿਆਲਾ ਵਿੱਚ ਬਾਇਓ-ਸੀ.ਐਨ.ਜੀ. ਸਟੇਸ਼ਨ ਸਥਾਪਤ ਕਰਨ ਲਈ ਕੰਪਨੀ ਨੂੰ ਪ੍ਰਵਾਨਗੀ ਦੇਣ ਵਾਸਤੇ ਮਾਮਲਾ ਭਾਰਤ ਸਰਕਾਰ ਕੋਲ ਉਠਾਉਣ ਲਈ ਵੀ ਆਖਿਆ। ਕੈਪਟਨ ਅਮਰਿੰਦਰ ਸਿੰਘ ਨੇ ਕੰਪਨੀ ਨੂੰ ਗੰਨੇ ਦਾ ਰਸ ਕੱਢਣ ਪਿੱਛੋਂ ਬਚਦੇ ਫੋਕ ਦੇ ਵੱਡੇ ਸਟਾਕ ਦੀ ਵਰਤੋਂ ਦੀ ਵੀ ਸੰਭਾਵਨਾ ਤਲਾਸ਼ਣ ਲਈ ਆਖਿਆ ਕਿਉਂ ਜੋ ਇਸ ਖੇਤਰ ਵਿੱਚ ਕੰਪਨੀ ਕੋਲ ਵਿਸ਼ਾਲ ਤਜਰਬਾ ਤੇ ਪਰਖੀ ਹੋਈ ਤਕਨੀਕ ਹੈ।
ਕੈਮੀਕਲ ਫਰਟੀਲਾਈਜ਼ਰ ਦੀ ਬੇਹਿਸਾਬੀ ਵਰਤੋਂ ਦੇ ਕਾਰਨ ਮਿੱਟੀ ਦੀ ਉਪਜਾਊ ਸ਼ਕਤੀ ਘਟਣ ’ਤੇ ਡੂੰਘੀ ਚਿੰਤਾ ਪ੍ਰਗਟ ਕਰਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਕਿਸਾਨਾਂ ਨੂੰ ਜੈਵਿਕ ਖਾਦ ਦੀ ਵੱਧ ਤੋਂ ਵੱਧ ਵਰਤੋਂ ਕਰਨੀ ਚਾਹੀਦੀ ਹੈ ਕਿਉਂਕਿ ਇਸ ਨਾਲ ਨਾ ਸਿਰਫ ਮਿੱਟੀ ਦੀ ਗੁਣਵੱਤਾ ਤੇ ਇਸ ਦੀ ਬਣਤਰ ਵਧੇਗੀ ਬਲਕਿ ਇਸ ਨਾਲ ਕਿਸਾਨਾਂ ਦੀਆਂ ਫਸਲਾਂ ਦਾ ਝਾੜ ਵਧਣ ਨਾਲ ਆਮਦਨ ਵਿਚ ਵੀ ਵਾਧਾ ਹੋਵੇਗਾ। ਉਨਾਂ ਨੇ ਸਹਿਕਾਰਤਾ ਵਿਭਾਗ ਨੂੰ ਹਰੀ ਖਾਦ ਦੀ ਵਿਕਰੀ ਨੂੰ ਉਤਸ਼ਾਹਤ ਕਰਨ ਲਈ ਸਾਰੀਆਂ ਸਹਿਕਾਰੀ ਸਭਾਵਾਂ ਨਾਲ ਰਾਬਤਾ ਕਾਇਮ ਕਰਨ ਲਈ ਆਖਿਆ।
ਮੀਟਿੰਗ ਵਿਚ ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ, ਮੁੱਖ ਮੰਤਰੀ ਦੇ ਮੁੱਖ ਪ੍ਰਮੁੱਖ ਸਕੱਤਰ ਸੁਰੇਸ਼ ਕੁਮਾਰ, ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਤੇਜਵੀਰ ਸਿੰਘ, ਨਿਵੇਸ਼ ਪੰਜਾਬ ਦੇ ਮੁੱਖ ਕਾਰਜਕਾਰੀ ਅਧਿਕਾਰੀ ਰਜਤ ਅਗਰਵਾਲ, ਮੁੱਖ ਮੰਤਰੀ ਦੇ ਵਧੀਕ ਪ੍ਰਮੁੱਖ ਸਕੱਤਰ ਗਿਰਿਸ਼ ਦਯਾਲਨ, ਨੈਸ਼ਨਲ ਰੇਨਫੈੱਡ ਏਰੀਆ ਅਥਾਰਟੀ (ਐਨਆਰਏਏ) ਦੇ ਮੁੱਖ ਕਾਰਜਕਾਰੀ ਅਧਿਕਾਰੀ ਡਾ. ਜੇ.ਐਸ. ਸਮਰਾ ਹਾਜ਼ਰ ਸਨ।
ਵਫ਼ਦ ਵਿੱਚ ਪ੍ਰਾਜੈਕਟ ਡਿਵੈਲਪਰ ਐਂਡਰਸ ਰੇਮਬੋਲਡ ਅਤੇ ਪ੍ਰੋਜੈਕਟ ਮੈਨੇਜਰ ਯੁਵਰਾਜ ਵਰਮਾ ਸ਼ਾਮਲ ਸਨ।