ਕੈਪਟਨ ਨੇ ਕਿਹਾ ਕਿਸਾਨਾਂ ਲਈ ਮੁਫ਼ਤ ਬਿਜਲੀ ਜਾਰੀ ਰਹੇਗੀ

ਦੂੜੇ ਪੜਾਅ `ਚ 29,192 ਕਿਸਾਨਾਂ ਦੀ 162.16 ਕਰੋੜ ਰੁਪਏ ਦੀ ਕਰਜ਼ਾ ਮੁਆਫੀ

ਨਕੋਦਰ, 14 ਮਾਰਚ (): ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰਨ ਦੇ ਕੀਤੇ ਜਾ ਰਹੇ ਕੋਝੇ ਯਤਨਾਂ ਲਈ ਅਕਾਲੀਆਂ ’ਤੇ ਵਰਦਿਆਂ ਕਿਸਾਨਾਂ ਨਾਲ ਵਾਅਦਾ ਕੀਤਾ ਕਿ ਕਾਂਗਰਸ ਪਾਰਟੀ ਵੱਲੋਂ ਆਪਣੇ ਚੋਣ ਮਨੋਰਥ ਪੱਤਰ ਵਿੱਚ ਕਰਜ਼ਾ ਮੁਆਫੀ ਦੇ ਕੀਤੇ ਵਾਅਦੇ ਨੂੰ ਪੂਰੀ ਤਰਾਂ ਲਾਗੂ ਕੀਤਾ ਜਾਵੇਗਾ। ਇਸ ਦੇ ਨਾਲ ਹੀ ਮੁੱਖ ਮੰਤਰੀ ਨੇ ਇਹ ਵੀ ਸਪੱਸ਼ਟ ਕੀਤਾ ਕਿ ਖੇਤੀਬਾੜੀ ਲਈ ਮੁਫਤ ਬਿਜਲੀ ਨੂੰ ਵਾਪਸ ਲੈਣ ਦਾ ਸੁਆਲ ਹੀ ਪੈਦਾ ਨਹੀਂ ਹੁੰਦਾ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਸ ਮੁੱਦੇ ’ਤੇ ਅਕਾਲੀਆਂ ਵੱਲੋਂ ਕਾਂਗਰਸ ਵਿਰੁਧ ਝੂਠੇ ਦੋਸ਼ ਲਾ ਕੇ ਲੋਕਾਂ ਦੇ ਮਨਾਂ ਵਿੱਚ ਗਲਤਫਹਿਮੀ ਪੈਦਾ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਮੀਟਰਾਂ ਤੋਂ ਪੈਸੇ ਦੀ ਵਸੂਲੀ ਦਾ ਤਾਂ ਸੁਆਲ ਹੀ ਪੈਦਾ ਨਹੀਂ ਹੁੰਦਾ।

ਸੂਬੇ ਦੇ 10.25 ਲੱਖ ਛੋਟੇ ਤੇ ਸੀਮਾਂਤ ਕਿਸਾਨਾਂ ਲਈ ਕਰਜ਼ਾ ਮੁਆਫੀ ਦੇ ਦੂਜੇ ਪੜਾਅ ਤਹਿਤ ਅੱਜ ਇੱਥੇ ਦਾਣਾ ਮੰਡੀ ਵਿਖੇ 29,192 ਕਿਸਾਨਾਂ ਨੂੰ 162.16 ਕਰੋੜ ਰੁਪਏ ਦੇ ਕਰਜ਼ਾ ਮੁਆਫੀ ਸਰਟੀਫਿਕੇਟਾਂ ਦੀ ਵੰਡ ਲਈ ਰੱਖੇ ਗਏ ਸਮਾਗਮ ਦੌਰਾਨ ਮੁੱਖ ਮੰਤਰੀ ਕਿਸਾਨਾਂ ਨੂੰ ਸੰਬੋਧਨ ਕਰ ਰਹੇ ਸਨ। ਅੱਜ ਦੇ ਸਮਾਗਮ ਵਿੱਚ ਜਲੰਧਰ, ਕਪੂਰਥਲਾ, ਲੁਧਿਆਣਾ, ਫਾਜ਼ਿਲਕਾ ਅਤੇ ਫਿਰੋਜ਼ਪੁਰ ਦੇ ਯੋਗ ਕਿਸਾਨ ਨੂੰ ਕਰਜ਼ਾ ਮੁਆਫੀ ਦੇ ਸਰਟੀਫਿਕੇਟ ਦਿੱਤੇ ਗਏ।
ਕਿਸਾਨਾਂ ਨੂੰ ਸਰਟੀਫਿਕੇਟ ਵੰਡਣ ਨੂੰ ਕਾਂਗਰਸ ਪਾਰਟੀ ਵੱਲੋਂ ਕਿਸਾਨਾਂ ਨਾਲ ਕੀਤੇ ਚੋਣ ਵਾਅਦੇ ਨੂੰ ਪੂਰਾ ਕਰਨ ਦੇ ਯਤਨਾਂ ਦਾ ਹਿੱਸਾ ਦੱਸਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਸਾਨਾਂ ਨੂੰ ਭਰੋਸਾ ਦਿੱਤਾ ਕਿ ਕਰਜ਼ਾ ਮੁਆਫੀ ਵਿੱਚ ਥੋੜੀ-ਬਹੁਤ ਦੇਰੀ ਫੰਡਾਂ ਦੀ ਘਾਟ ਕਰਕੇ ਨਹੀਂ ਹੋ ਰਹੀ ਸਗੋਂ ਯੋਗ ਕਿਸਾਨਾਂ ਦੀ ਸ਼ਨਾਖਤ ਅਤੇ ਤਸਦੀਕ ਦੀ ਪ੍ਰਿਆ ਕਰਕੇ ਹੋ ਰਹੀ ਹੈ। ਪਰ ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਉਹ ਕਿਸਾਨਾਂ ਦਾ ਕਰਜ਼ਾ ਮੁਆਫ ਕਰਨ ਲਈ ਪੂਰੀ ਤਰਾਂ ਵਚਨਬੱਧ ਹਨ। ਮੁੱਖ ਮੰਤਰੀ ਨੇ ਦੱਸਿਆ ਕਿ ਉਨ੍ਹਾਂ ਨੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਜਿੱਥੇ-ਜਿੱਥੇ ਵੀ ਸੂਬੇ ਦਾ ਦੌਰਾ ਕੀਤਾ ਸੀ, ਉਥੇ ਕਿਸਾਨ ਖੁਦਕੁਸ਼ੀਆਂ ਦੀਆਂ ਘਟਨਾਵਾਂ ਬਾਰੇ ਸੁਣਨ ਮਗਰੋਂ ਕਰਜ਼ਾ ਮੁਆਫੀ ਦਾ ਵਾਅਦਾ ਕੀਤਾ ਸੀ।
ਮੁੱਖ ਮੰਤਰੀ ਨੇ ਦੱਸਿਆ ਕਿ ਜਦੋਂ ਤੋਂ ਕਾਂਗਰਸ ਸਰਕਾਰ ਨੇ ਸੂਬੇ ਦੀ ਵਾਗਡੋਰ ਸੰਭਾਲੀ ਹੈ, ਉਸ ਸਮੇਂ ਤੋਂ ਲੈ ਕੇ ਖੁਦਕੁਸ਼ੀਆਂ ਘਟੀਆਂ ਹਨ ਅਤੇ ਸੂਬੇ ਦੀ ਸਥਿਤੀ ਵਿੱਚ ਵੱਡਾ ਸੁਧਾਰ ਹੋਇਆ ਹੈ ਜਿਸ ਦੇ ਤੱਥ ਸਰਕਾਰ ਵੱਲੋਂ ਵਿਧਾਨ ਸਭਾ ਦੇ ਅਗਾਮੀ ਇਜਲਾਸ ਵਿੱਚ ਪੇਸ਼ ਕੀਤੇ ਜਾਣਗੇ।
ਟਿੳੂਬਵੈਲਾਂ ’ਤੇ ਮੀਟਰ ਲਾਉਣ ਦੇ ਮੁੱਦੇ ’ਤੇ ਅਕਾਲੀਆਂ ਵੱਲੋਂ ਉਨਾਂ ਦੀ ਸਰਕਾਰ ਖਿਲਾਫ਼ ਕੀਤੇ ਜਾ ਰਹੇ ਕੂੜ ਪ੍ਰਚਾਰ ਅਤੇ ਝੂਠ ਬੋਲਣ ’ਤੇ ਕਰੜੀ ਅਲੋਚਨਾ ਕਰਦਿਆਂ ਮੁੱਖ ਮੰਤਰੀ ਨੇ ਕਿਸਾਨਾਂ ਦੀ ਮੁਫ਼ਤ ਬਿਜਲੀ ਵਾਪਸ ਲੈਣ ਦੇ ਕਿਸੇ ਵੀ ਪ੍ਰਸਤਾਵ ਨੂੰ ਰੱਦ ਕਰ ਦਿੱਤਾ। ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਵੱਲੋਂ ਸੂਬੇ ਦੇ 13.5 ਲੱਖ ਟਿੳੂਬਵੈਲਾਂ `ਚੋਂ ਸਿਰਫ 900 ਟਿੳੂਬਵੈਲਾਂ ’ਤੇ ਮੀਟਰ ਲਾਏ ਜਾਣੇ ਹਨ ਜੋ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਦੇ ਉਦੇਸ਼ ਨਾਲ ਖੋਜ ਪ੍ਰਾਜੈਕਟ ਦੇ ਹਿੱਸੇ ਤਹਿਤ ਕੀਤਾ ਜਾਣਾ ਹੈ। ਉਨ੍ਹਾਂ ਨੇ ਕਿਸਾਨਾਂ ਨੂੰ ਯਕੀਨ ਦਿਵਾਉਂਦਿਆਂ ਕਿਹਾ ਕਿ ਇਨ੍ਹਾਂ ਮੀਟਰਾਂ ਦੇ ਬਦਲੇ ਵਿੱਚ ਕਿਸਾਨਾਂ ਨੂੰ ਨਿੱਜੀ ਵਰਤੋਂ ਲਈ ਨਗਦੀ ਬਚਾਉਣ ਦੇ ਰੂਪ ਵਿੱਚ ਰਿਆਇਤ ਵੀ ਦਿੱਤੀ ਜਾਵੇਗੀ। ਮੁੱਖ ਮੰਤਰੀ ਨੇ ਮਿਸਾਲ ਦਿੰਦਿਆਂ ਆਖਿਆ ਕਿ ਜੇਕਰ ਇਕ ਕਿਸਾਨ ਨੂੰ ਟਿੳੂਬਵੈਲ ਦੀ ਬਿਜਲੀ ਖਪਤ ਲਈ 10 ਹਜ਼ਾਰ ਰੁਪਏ ਦਿੱਤੇ ਜਾਂਦੇ ਹਨ ਅਤੇ ਬਿਜਲੀ ’ਤੇ ਖਰਚਾ ਸਿਰਫ 7000 ਰੁਪਏ ਹੁੰਦਾ ਹੈ ਤਾਂ ਬਾਕੀ ਬਚਦਾ 3000 ਰੁਪਏ ਉਸ ਕਿਸਾਨਾਂ ਦੀ ਜੇਬ ਵਿੱਚ ਚਲਾ ਜਾਵੇਗਾ ਅਤੇ ਇਸ ਦੇ ਨਾਲ ਹੀ ਉਹ ਕਿਸਾਨ ਸੂਬੇ ਵਿੱਚ ਪਾਣੀ ਦੇ ਡਿੱਗ ਰਹੇ ਪੱਧਰ ਨੂੰ ਬਚਾਉਣ ਲਈ ਵੀ ਆਪਣਾ ਯੋਗਦਾਨ ਪਾਵੇਗਾ।
ਮੁੱਖ ਮੰਤਰੀ ਨੇ ਕਿਹਾ ਕਿ ਆਉਣ ਵਾਲੀਆਂ ਪੀੜੀਆਂ ਲਈ ਪਾਣੀ ਬਚਾਉਣਾ ਸਾਡੀ ਜ਼ਿੰਮੇਵਾਰੀ ਬਣਦੀ ਹੈ। ਉਨ੍ਹਾਂ ਨੇ ਸੁਚੇਤ ਕਰਦਿਆਂ ਆਖਿਆ ਕਿ ਜੇਕਰ ਫੌਰੀ ਤੌਰ ’ਤੇ ਪਾਣੀ ਦੇ ਡਿੱਗ ਰਹੇ ਪੱਧਰ ਨੂੰ ਰੋਕਣ ਲਈ ਕੋਈ ਹੀਲਾ-ਵਸੀਲਾ ਨਾ ਕੀਤਾ ਗਿਆ ਤਾਂ ਪੰਜਾਬ ਨੂੰ ਮਾਰੂਥਲ ਬਣਨ ਤੋਂ ਕੋਈ ਨਹੀਂ ਰੋਕ ਸਕਦਾ। ਉਨਾਂ ਨੇ ਪਟਿਆਲਾ ਦੀ ਮਿਸਾਲ ਵੀ ਦਿੱਤੀ ਜਿੱਥੇ ਸਿਰਫ ਇਕ ਸਾਲ ਵਿਚ ਪਾਣੀ ਦਾ ਪੱਧਰ 70 ਫੁੱਟ ਤੋਂ ਡਿੱਗ ਕੇ 700 ਫੁੱਟ ਤੱਕ ਚਲਾ ਗਿਆ ਹੈ।
ਲੋਕਾਂ ਨੂੰ ਅਕਾਲੀਆਂ ਦੀ ਝੂਠੀ ਬਿਆਨਬਾਜ਼ੀ ਨਾਲ ਗੁੰਮਰਾਹ ਨਾ ਹੋਣ ਦੀ ਅਪੀਲ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਵੱਲੋਂ ਕਿਸਾਨਾਂ ਦੀ ਭਲਾਈ ਲਈ ਕੀਤੇ ਜਾ ਰਹੇ ਯਤਨਾਂ ਦੀ ਸ਼ਲਾਘਾ ਬਜਾਏ ਅਕਾਲੀਆਂ ਵੱਲੋਂ ਕੂੜ ਪ੍ਰਚਾਰ ਕੀਤਾ ਜਾ ਰਿਹਾ ਹੈ।