ਕੈਪਟਨ ਅਮਰਿੰਦਰ ਸਿੰਘ ਲੰਡਨ ਜਾ ਪਹੁੰਚੇ

amrinder
ਲੰਡਨ, 7 ਸਤੰਬਰ, (ਪੋਸਟ ਬਿਊਰੋ)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੈੱਟ ਏਅਰਵੇਜ਼ ਦੀ ਫਲਾਈਟ ਵਿੱਚ ਅੱਜ ਸ਼ਾਮ ਲੰਡਨ ਦੇ ਹੀਥਰੋ ਹਵਾਈ ਅੱਡੇ ਉੱਤੇ ਆਣ ਪੁੱਜੇ। ਉਹ ਸੁਰੱਖਿਆ ਕਾਰਨਾਂ ਪੱਖੋਂ ਵੀ ਆਈ ਪੀ ਦਰਵਾਜ਼ੇ ਤੋਂ ਬਾਹਰ ਨਿਕਲੇ। ਉਨ੍ਹਾਂ ਨਾਲ ਆਏ ਵਫ਼ਦ ਵਿੱਚ ਭਰਤਇੰਦਰ ਸਿੰਘ ਚਾਹਲ, ਕਰਨਪਾਲ ਸਿੰਘ ਸੇਖੋਂ, ਪ੍ਰਵੀਨ ਠੁਕਰਾਲ, ਜਨਰਲ ਤਜਿੰਦਰ ਸ਼ੇਰਗਿੱਲ ਅਤੇ ਕੁਝ ਹੋਰ ਲੋਕ ਸ਼ਾਮਲ ਹਨ।
ਕੈਪਟਨ ਅਮਰਿੰਦਰ ਸਿੰਘ ਬ੍ਰਿਟੇਨ ਦੇ ਚਾਰ ਦਿਨਾਂ ਦੇ ਦੌਰੇ ਉੱਤੇ ਆਏ ਹਨ। ਕੈਪਟਨ ਅਮਰਿੰਦਰ ਸਿੰਘ ਦੇ ਜੀਵਨ ਬਾਰੇ ਖੁਸ਼ਵੰਤ ਸਿੰਘ ਵੱਲੋਂ ਲਿਖੀ ਗਈ ਕਿਤਾਬ ‘ਦਾ ਪੀਪਲਜ਼ ਮਹਾਰਾਜਾ’ ਅਤੇ ਸਾਰਾਗੜੀ ਜੰਗ ਦੀ 120ਵੀਂ ਵਰ੍ਹੇਗੰਢ ਨੂੰ ਸਮਰਪਿਤ ਆਪਣੀ ਕਿਤਾਬ ‘ਸਾਰਾਗੜੀ ਐਂਡ ਦਾ ਡਿਫੈਂਸ ਆਫ ਦਾ ਸਾਮਾਨਾ ਫੋਰਟਸ’ ਰਿਲੀਜ਼ ਕਰਨਗੇ। ਇਸ ਤੋਂ ਬਿਨਾ ਭਾਰਤੀ ਹਾਈ ਕਮਿਸ਼ਨ ਵਿਖੇ ਕੈਪਟਨ ਅਮਰਿੰਦਰ ਸਿੰਘ ਵਲੋਂ ‘ਕੰਟੈਕਟ ਵਿਦ ਰੂਟਸ’ (ਜੜ੍ਹਾਂ ਨਾਲ ਜੁੜੋ) ਵਾਲੇ ਪ੍ਰੋਗਰਾਮ ਦਾ ਆਗਾਜ਼ ਕੀਤਾ ਜਾਵੇਗਾ ਤੇ ਪੰਜਾਬੀਆਂ ਨੂੰ ਇਸ ਵਿਚ ਹਿੱਸਾ ਲੈਣ ਲਈ ਉਤਸ਼ਾਹਿਤ ਕੀਤਾ ਜਾਵੇਗਾ। ਸਰਕਾਰ ਦੇ ਇਸ ਨਵੇਂ ਪ੍ਰੋਗਰਾਮ ਹੇਠ ਸੰਸਾਰ ਦੇ ਵੱਖ-ਵੱਖ ਦੇਸ਼ਾਂ ਵਿਚ ਰਹਿੰਦੇ ਪੰਜਾਬੀ ਮੂਲ ਦੇ ਨੌਜਵਾਨ ਮੁੰਡੇ-ਕੁੜੀਆਂ ਦਾ ਪੰਜਾਬ ਵਿਚ ਦੋ ਹਫਤਿਆਂ ਦੀ ਯਾਤਰਾ ਦਾ ਪ੍ਰਬੰਧ ਕੀਤਾ ਜਾਵੇਗਾ, ਜਿਸ ਵਿੱਚ ਇਹ ਨੌਜਵਾਨ 3 ਦਿਨ ਆਪਣੇ ਜੱਦੀ ਘਰਾਂ ਵਿਚ ਵੀ ਰਹਿਣਗੇ। ਸਰਕਾਰੀ ਤੌਰ ਉੱਤੇ ਉਲੀਕੇ ਜਾਣ ਵਾਲੇ ਇਸ ਯਾਤਰਾ ਪ੍ਰੋਗਰਾਮ ਹੇਠ ਉਨ੍ਹਾਂ ਨੌਜਵਾਨਾਂ ਨੂੰ ਪੰਜਾਬ ਦੀਆਂ ਇਤਿਹਾਸਕ, ਸੱਭਿਆਚਾਰਕ ਅਤੇ ਹੋਰ ਖੂਬਸੂਰਤ ਥਾਵਾਂ ਵਿਖਾਈਆਂ ਜਾਣਗੀਆਂ। ਸਰਕਾਰ ਦੇ ਇਸ ਨਵੇਂ ਪ੍ਰੋਗਰਾਮ ਬਾਰੇ ਕੈਪਟਨ ਅਮਰਿੰਦਰ ਸਿੰਘ ਖੁਦ ਜਾਣਕਾਰੀ ਦੇਣਗੇ ਅਤੇ ਲੋਕਾਂ ਨੂੰ ਪੰਜਾਬ ਨਾਲ ਜੁੜਨ ਵਾਸਤੇ ਪ੍ਰੇਰਿਤ ਕਰਨਗੇ।