ਕੈਪਟਨ ਅਮਰਿੰਦਰ ਸਿੰਘ ਨੂੰ ਅਦਾਲਤ ਤੋਂ ਵਿਦੇਸ਼ ਦੌਰੇ ਜਾਣ ਦੀ ਛੋਟ ਮਿਲੀ

amrinder
ਮੋਹਾਲੀ, 1 ਸਤੰਬਰ (ਪੋਸਟ ਬਿਊਰੋ)- ਵਿਜੀਲੈਂਸ ਵਿਭਾਗ ਦੀ ਮੋਹਾਲੀ ਵਾਲੀ ਅਦਾਲਤ ਵਿੱਚ ਇੰਪਰੂਵਮੈਂਟ ਟਰੱਸਟ ਅੰਮ੍ਰਿਤਸਰ ਦੇ ਜ਼ਮੀਨੀ ਘਪਲੇ ਦੇ ਕੇਸ ਦੌਰਾਨ ਵੀ ਕੈਪਟਨ ਅਮਰਿੰਦਰ ਸਿੰਘ ਵਿਦੇਸ਼ ਜਾ ਸਕਣਗੇ। ਕੱਲ੍ਹ ਕੱਲ ਉਨ੍ਹਾ ਨੇ ਏਥੇ ਜ਼ਿਲ੍ਹਾ ਅਦਾਲਤ ਵਿੱਚ ਵਿਦੇਸ਼ ਜਾਣ ਲਈ ਜ਼ਮਾਨਤੀ ਬਾਂਡ ਪੇਸ਼ ਕਰ ਦਿੱਤੇ। ਪੰਜ ਲੱਖ ਰੁਪਏ ਦੇ ਬਾਂਡ ਮੋਹਾਲੀ ਦੇ ਵਸਨੀਕ ਮਨੇਸ਼ਵਰ ਸਿੰਘ ਖਹਿਰਾ ਨੇ ਦਿੱਤੇ ਹਨ, ਜਿਹੜੇ ਫਿਕਸ ਡਿਪਾਜਿ਼ਟ ਦੇ ਰੂਪ ਵਿੱਚ ਹਨ।
ਵਰਨਣ ਯੋਗ ਹੈ ਕਿ ਬੀਤੀ 24 ਅਗਸਤ ਨੂੰ ਕੈਪਟਨ ਅਮਰਿੰਦਰ ਸਿੰਘ ਨੇ ਅਦਾਲਤ ਵੱਲੋਂ ਵਿਦੇਸ਼ ਜਾਣ ਲਈ ਆਗਿਆ ਮੰਗੀ ਸੀ, ਜਿਸ ਉੱਤੇ ਅਦਾਲਤ ਨੇ ਜ਼ਮਾਨਤੀ ਬਾਂਡ ਦੇ ਹੁਕਮ ਦਿੱਤੇ ਸਨ। ਇਸ ਦੇ ਨਾਲ ਵਿਜੀਲੈਂਸ ਬਿਊਰੋ ਨੇ ਕੈਪਟਨ ਅਮਰਿੰਦਰ ਸਿੰਘ ਦੀ ਵਿਦੇਸ਼ ਫੇਰੀ ਉੱਤੇ ਕੋਈ ਇਤਰਾਜ਼ ਨਾ ਹੋਣ ਦੀ ਗੱਲ ਕਹੀ ਸੀ। ਅਦਾਲਤ ਨੇ ਇਸ ਕੇਸ ਦੀ ਅਗਲੀ ਸੁਣਵਾਈ ਛੇ ਨਵੰਬਰ ਤੈਅ ਕੀਤੀ ਹੋਈ ਹੈ। ਕੈਪਟਨ ਅਮਰਿੰਦਰ ਸਿੰਘ ਪੰਜ ਤੋਂ 20 ਸਤੰਬਰ ਤੱਕ ਵਿਦੇਸ਼ੀ ਦੌਰੇ ਉੱਤੇ ਰਹਿਣਗੇ। ਅਦਾਲਤ ਵਿੱਚ ਦਾਇਰ ਅਰਜ਼ੀ ਵਿੱਚ ਉਨ੍ਹਾ ਦੇ ਵਕੀਲਾਂ ਨੇ ਬੇਨਤੀ ਕੀਤੀ ਕਿ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ ਮੁੱਖ ਮੰਤਰੀ ਵਜੋਂ ਵਿਦੇਸ਼ ਫੇਰੀ ਵੇਲੇ ਇਸ ਰਾਜ ਦੀ ਬਿਹਤਰੀ ਲਈ ਕੰਮ ਕਰਨ ਜਾ ਰਹੇ ਹਨ। ਪਤਾ ਲੱਗਾ ਹੈ ਕਿ ਕੈਪਟਨ ਇਸ ਦੌਰੇ ਦੌਰਾਨ ਉਦਯੋਗਪਤੀਆਂ ਨਾਲ ਇੱਕ ਬੈਠਕ ਕਰਨਗੇ ਅਤੇ ਇੰਗਲੈਂਡ ਵਿੱਚ ਆਪਣੀ ਸਾਰਾਗੜੀ ਦੇ ਸ਼ਹੀਦਾਂ ਬਾਰੇ ਲਿਖੀ ਕਿਤਾਬ ਜਾਰੀ ਕਰਨਗੇ। ਅਦਾਲਤ ਦੇ ਹੁਕਮ ਹਨ ਕਿ ਕੈਪਟਨ ਅਮਰਿੰਦਰ ਸਿੰਘ ਆਪਣੇ ਵਿਦੇਸ਼ ਦੌਰੇ ਦੌਰਾਨ ਅਦਾਲਤ ਵਿੱਚ ਚੱਲਦੇ ਕੇਸ ਦੇ ਸੰਬੰਧਤ ਸਬੂਤਾਂ ਨਾਲ ਛੇੜਛਾੜ ਕਰਨ ਦੀ ਕੋਸ਼ਿਸ਼ ਨਹੀਂ ਕਰਨਗੇ। ਇਸ ਕੇਸ ਨਾਲ ਸੰਬੰਧਤ ਕਿਸੇ ਵਿਅਕਤੀ ਨੂੰ ਨਹੀਂ ਮਿਲਣਗੇ, ਜੇ ਕੈਪਟਨ ਦੀ ਗੈਰ ਹਾਜ਼ਰੀ ਅਤੇ ਉਸ ਦੇ ਵਕੀਲਾਂ ਅਤੇ ਵਫਦਾਂ ਦੀ ਹਾਜ਼ਰੀ ਵਿੱਚ ਕੇਸ ਦੀ ਸੁਣਵਾਈ ਹੁੰਦੀ ਹੈ ਤਾਂ ਉਹ ਇਤਰਾਜ਼ ਨਹੀਂ ਕਰਨਗੇ ਅਤੇ ਵਿਦੇਸ਼ ਦੌਰੇ ਤੋਂ ਵਾਪਸ ਆਣ ਕੇ ਪਾਸਪੋਰਟ ਦੀ ਕਾਪੀ ਅਦਾਲਤ ਵਿੱਚ ਜਮ੍ਹਾ ਕਰਵਾਉਣੀ ਹੋਵੇਗੀ ਜਿਸ ਤੋਂ ਇਹ ਪਤਾ ਲੱਗੇਗਾ ਕਿ ਕੈਪਟਨ ਨੇ ਕਿਹੜੇ ਦੇਸ਼ਾਂ ਵਿੱਚ ਜਾਣ ਲਈ ਆਗਿਆ ਲਈ ਅਤੇ ਕੀ ਉਹ ਉਨ੍ਹਾਂ ਦੇਸ਼ਾਂ ਵਿੱਚ ਗਏ ਹਨ।