ਕੈਪਟਨ ਅਮਰਿੰਦਰ ਸਿੰਘ ਦੀ ਸਟੀਲ ਕਿੰਗ ਮਿੱਤਲ ਨਾਲ ਮੁਲਾਕਾਤ

capt amrinder singh met laxmi mittal
ਲੰਡਨ, 12 ਸਤੰਬਰ (ਪੋਸਟ ਬਿਊਰੋ)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੱਲ੍ਹ ਦੁਪਹਿਰ ਦੇ ਖਾਣੇ ਮੌਕੇ ਸਟੀਲ ਦੇ ਵਿਸ਼ਵ ਪ੍ਰਸਿੱਧ ਕਾਰੋਬਾਰੀ ਲਕਸ਼ਮੀ ਮਿੱਤਲ ਨਾਲ ਮੁਲਾਕਾਤ ਕੀਤੀ, ਜਿਸ ਦੌਰਾਨ ਸੂਬੇ ‘ਚ ਕਈ ਉਦਮਾਂ ਤੋਂ ਇਲਾਵਾ ਸੰਗਰੂਰ ‘ਚ ਪੈਟ੍ਰੋ ਕੈਮੀਕਲ ਇੰਡਸਟਰੀ ਲਈ ਪ੍ਰਾਜੈਕਟ ਲਾਉਣ ਬਾਰੇ ਵਿਚਾਰ ਹੋਈ। ਇਸ ਮੁਲਾਕਾਤ ਵਿੱਚ ਬਠਿੰਡਾ ‘ਚ 20 ਹਜ਼ਾਰ ਕਰੋੜ ਰੁਪਏ ਦੀ ਲਾਗਤ ਨਾਲ ਲਾਏ ਜਾਣ ਵਾਲੇ ਪੈਟ੍ਰੋਕੈਮੀਕਲ ਪਲਾਂਟ ਬਾਰੇ ਵੀ ਵਿਚਾਰ ਕੀਤਾ ਗਿਆ। ਬਠਿੰਡਾ ‘ਚ ਕੰਪਨੀ ਵੱਲੋਂ ਪਹਿਲਾਂ ਹੀ ਪੈਟ੍ਰੋਲੀਅਮ ਰਿਫਾਇਨਰੀ ਸਥਾਪਤ ਹੈ।
ਇਸ ਪ੍ਰਾਜੈਕਟ ਨਾਲ ਜਿਥੇ ਵੱਡੀ ਪੱਧਰ ‘ਤੇ ਰੁਜ਼ਗਾਰ ਦੇ ਮੌਕੇ ਪੈਦਾ ਹੋਣਗੇ, ਉਥੇ ਸੂਬੇ ਦੇ ਮਾਲੀਏ ‘ਚ ਵੀ ਵਾਧਾ ਹੋਵੇਗਾ। ਮਿੱਤਲ ਨੇ ਪੈਟ੍ਰੋਕੈਮੀਕਲ ਸਨਅਤ ਦੀ ਮਹੱਤਤਾ ‘ਤੇ ਜ਼ੋਰ ਦਿੰਦਿਆਂ ਇਸ ਨੂੰ ਸਨਅਤੀ ਵਿਕਾਸ ਦਾ ਅਹਿਮ ਸਰੋਤ ਦੱਸਿਆ ਤੇ ਨਾਲ ਹੀ ਮੁੱਖ ਮੰਤਰੀ ਨੂੰ ਸਰਕਾਰ ਕੋਲੋਂ ਬੁਨਿਆਦੀ ਢਾਂਚੇ ਲਈ ਸਹਿਯੋਗ ਦੀ ਅਪੀਲ ਕੀਤੀ ਹੈ। ਕੈਪਟਨ ਅਮਰਿੰਦਰ ਸਿੰਘ ਨੇ ਮਿੱਤਲ ਨੂੰ ਭਰੋਸਾ ਦਿੱਤਾ ਕਿ ਵਪਾਰ ਅਤੇ ਸਨਅਤੀ ਵਿਕਾਸ ਲਈ ਉਨ੍ਹਾਂ ਦੀ ਸਰਕਾਰ ਸੂਬੇ ਵਿੱਚ ਬੁਨਿਆਦੀ ਢਾਂਚਾ ਤੇ ਹੋਰ ਸਹੂਲਤਾਂ ਦੇਣ ਵਿੱਚ ਪੂਰੀ ਮਦਦ ਕਰੇਗੀ। ਮੁੱਖ ਮੰਤਰੀ ਨੇ ਕਾਰੋਬਾਰ ਸੁਖਾਲਾ ਬਣਾਉਣ ਲਈ ਉਨ੍ਹਾਂ ਦੀ ਸਰਕਾਰ ਵੱਲੋਂ ਚੁੱਕੇ ਕਦਮਾਂ ਦਾ ਜ਼ਿਕਰ ਕਰਦਿਆਂ ਦੱਸਿਆ ਕਿ ਛੇਤੀ ਹੀ ਨਵੀਂ ਸਨਅਤੀ ਨੀਤੀ ਲਿਆਂਦੀ ਜਾ ਰਹੀ ਹੈ, ਜਿਸ ਨਾਲ ਸੂਬੇ ‘ਚ ਸਨਅਤੀ ਵਿਕਾਸ ਨੂੰ ਹੁਲਾਰਾ ਮਿਲੇਗਾ। ਮਿੱਤਲ ਦੀ ਕੰਪਨੀ ਨੇ ਬਠਿੰਡਾ ਵਿਖੇ ਰਿਫਾਇਨਰੀ ਦੀ ਸਮਰੱਥਾ ਵਧਾਉਣ ਲਈ 22 ਹਜ਼ਾਰ ਕਰੋੜ ਦੀ ਲਾਗਤ ਵਾਲਾ ਪ੍ਰਾਜੈਕਟ ਪਹਿਲਾਂ ਸ਼ੁਰੂ ਕੀਤਾ ਹੋਇਆ ਹੈ। ਕੰਪਨੀ ਵੱਲੋਂ ਪਲਾਸਟਿਕ ਦੀ ਮੈਨੂਫੈਕਚਰਿੰਗ ਲਈ ਮੁੱਢਲਾ ਕੱਚਾ ਮਾਲ ਪੈਦਾ ਕਰਨ ਵਾਸਤੇ ਨੈਪਥਾ ਕਰੈਕਰ ਯੂਨਿਟ ਦੀ ਸਥਾਪਨਾ ਕੀਤੀ ਜਾ ਰਹੀ ਹੈ। ਮਿੱਤਲ ਨੇ ਕਿਹਾ ਕਿ ਉਨ੍ਹਾਂ ਦਾ ਕੰਪਨੀ ਪੰਜਾਬ ‘ਚ ਹੋਰ ਨਿਵੇਸ਼ ਕਰਨਾ ਚਾਹੁਮਦੀ ਹੈ, ਕਿਉਂਕਿ ਉਹ ਕਾਂਗਰਸ ਸਰਕਾਰ ਬਣਨ ਪਿੱਛੋਂ ਬਦਲੇ ਮਾਹੌਲ ਵਿੱਚ ਸਨਅਤੀ ਵਿਕਾਸ ਦੀ ਅਥਾਹ ਸਮਰੱਥਾ ਦੇਖਦੇ ਹਨ।