ਕੈਪਟਨ ਅਮਰਿੰਦਰ ਸਿੰਘ ਤੇ ਉਸ ਦੇ ਪੁੱਤਰ ਦੇ ਖਿਲਾਫ ਕੇਸ ਖਾਰਜ

amrinder and raninder
ਮੋਹਾਲੀ, 18 ਮਈ, (ਪੋਸਟ ਬਿਊਰੋ)- ਪੰਜਾਬ ਵਿਜੀਲੈਂਸ ਵੱਲੋਂ ਕੈਪਟਨ ਅਮਰਿੰਦਰ ਸਿੰਘ ਅਤੇ ਉਨ੍ਹਾਂ ਦੇ ਪੁੱਤਰ ਰਣਇੰਦਰ ਸਿੰਘ ਦੇ ਵਿਰੁੱਧ ਉਨ੍ਹਾਂ ਦੀ ਕੰਪਨੀ (ਮੈਸਰਜ਼ ਤੇਗਸ ਮਸਰਾਦੋ) ਪ੍ਰਾਈਵੇਟ ਲਿਮਟਿਡ ਦੇ ਸੰਬੰਧ ਵਿੱਚ ਦਰਜ ਕੀਤੀ ਗਈ ਐਫ ਆਈ ਆਰ ਵਿੱਚ ਕਲੋਜ਼ਰ ਰਿਪੋਰਟ ਪੇਸ਼ ਕਰਨ ਪਿੱਛੋਂ ਮੁਹਾਲੀ ਦੇ ਵਧੀਕ ਜ਼ਿਲ੍ਹਾ ਸੈਸ਼ਨ ਜੱਜ ਦੀ ਅਦਾਲਤ ਨੇ ਇਸ ਕੇਸ ਨੂੰ ਖਾਰਜ ਕਰ ਦਿੱਤਾ ਹੈ।
ਵਰਨਣ ਯੋਗ ਹੈ ਕਿ ਪੰਜਾਬ ਵਿਜੀਲੈਂਸ ਨੇ ਮਾਰਚ 2017 ਵਿੱਚ ਇਹ ਕੇਸ ਖਾਰਜ ਕਰਨ ਲਈ ਅਦਾਲਤ ਨੂੰ ਕੰਸਲੇਸ਼ਨ ਰਿਪੋਰਟ ਪੇਸ਼ ਕੀਤੀ ਸੀ, ਜਿਸ ਵਿੱਚ ਲਿਖਿਆ ਸੀ ਕਿ ਬੈਂਕ ਆਫ ਬੜੌਦਾ ਵੱਲੋਂ ਟ੍ਰਿਬਿਊਨਲ ਅਤੇ ਡੀ ਆਰ ਏ ਟੀ ਵਿੱਚ ਕੈਪਟਨ ਅਮਰਿੰਦਰ ਸਿੰਘ ਅਤੇ ਰਣਇੰਦਰ ਸਿੰਘ ਦੀ ਕੰਪਨੀ ਦੇ ਖਿਲਾਫ਼ ਕੇਸ ਪਾਇਆ ਗਿਆ ਸੀ, ਪਰ ਉਹ ਕੰਪਨੀ ਦੇ ਹੱਕ ਵਿੱਚ ਹੋ ਗਿਆ ਹੈ ਅਤੇ ਅੰਤ ਵਿੱਚ ਬੈਂਕ ਅਤੇ ਕੰਪਨੀ ਵਿਚਕਾਰ 1.13 ਕਰੋੜ ਵਿੱਚ ਸਮਝੌਤਾ ਹੋ ਗਿਆ ਹੈ। ਇਸ ਰਿਪੋਰਟ ਵਿੱਚ ਅੱਗੇ ਦੱਸਿਆ ਗਿਆ ਕਿ ਜੋ ਕਰਜ਼ਾ 1.5 ਕਰੋੜ ਲੁਧਿਆਣਾ ਦੀ ਕੰਪਨੀ ਤੋਂ ਲਿਆ ਗਿਆ ਸੀ, ਉਹ ਕੈਪਟਨ ਅਮਰਿੰਦਰ ਸਿੰਘ ਨੇ ਵਾਪਸ ਕਰ ਦਿੱਤਾ ਸੀ ਅਤੇ ਜੋ ਜ਼ਮੀਨ ਪਟਿਆਲਾ ਦੇ ਪਿੰਡ ਮੈਣ ਵਿਖੇ ਖਰੀਦੀ ਗਈ ਸੀ, ਉਸ ਨਾਲ ਕੰਪਨੀ ਦਾ ਕੋਈ ਸਬੰਧ ਹੀ ਨਹੀਂ। ਕਲਕੱਤੇ ਵਾਲੀ ਕੰਪਨੀ ਨਾਨ-ਬੈਂਕਿੰਗ ਫਾਇਨਾਂਸ ਕੰਪਨੀ ਸੀ, ਜਿਨ੍ਹਾਂ ਨੇ ਕੈਪਟਨ ਅਮਰਿੰਦਰ ਸਿੰਘ ਦੀ ਕੰਪਨੀ ਵਿੱਚ ਕੰਪਨੀ ਦੇ ਸ਼ੇਅਰ ਖਰੀਦੇ ਸਨ, ਉਸ ਨੇ ਕਿਸੇ ਵੀ ਡਾਇਰੈਕਟਰ ਨੂੰ ਨਿੱਜੀ ਤੌਰ ਉੱਤੇ ਕਾਰਾਂ ਖਰੀਦਣ ਲਈ ਕੋਈ ਪੈਸਾ ਨਹੀਂ ਦਿੱਤਾ।
ਇਸ ਤੋਂ ਪਹਿਲਾਂ ਵਿਜੀਲੈਂਸ ਨੇ ਫਰਵਰੀ 2009 ਵਿੱਚ ਦਰਜ ਕੀਤੇ ਕੇਸ ਵਿੱਚ ਇਹ ਕਿਹਾ ਸੀ ਕਿ ਕੈਪਟਨ ਅਮਰਿੰਦਰ ਸਿੰਘ ਤੇ ਉਨ੍ਹਾਂ ਦੇ ਪੁੱਤਰ ਰਣਇੰਦਰ ਸਿੰਘ ਨੇ ਉਕਤ ਕੰਪਨੀ ਮਸ਼ਰੂਮ ਐਕਸਪੋਰਟ ਕਰਨ ਲਈ ਬਣਾਈ ਸੀ, ਪਰ ਉਸ ਨੂੰ 1991-92 ਵਿੱਚ 5.24 ਕਰੋੜ ਰੁਪਏ ਦਾ ਘਾਟਾ ਪੈ ਗਿਆ ਸੀ। ਕੰਪਨੀ ਨੇ ਬੈਂਕ ਆਫ ਬੜੌਦਾ ਤੋਂ ਕਰਜ਼ਾ ਲਿਆ ਸੀ, ਜੋ 14 ਕਰੋੜ ਰੁਪਏ ਤੱਕ ਪਹੁੰਚ ਗਿਆ ਸੀ। ਕੈਪਟਨ ਅਮਰਿੰਦਰ ਸਿੰਘ ਵੱਲੋਂ ਆਪਣਾ ਰਸੂਖ ਵਰਤ ਕੇ ਇਹ ਕਰਜ਼ਾ 1.30 ਕਰੋੜ ਵਿੱਚ ਸੈਟਲ ਕਰ ਲਿਆ ਸੀ। ਇਹ ਦੋਸ਼ ਲਾਇਆ ਗਿਆ ਸੀ ਕਿ ਇਸ ਤਰ੍ਹਾਂ ਬੈਂਕ ਤੋਂ ਗਲਤ ਢੰਗ ਨਾਲ 12 ਕਰੋੜ ਰੁਪਏ ਦਾ ਫਾਇਦਾ ਲੈ ਕੇ ਕਾਨੂੰਨੀ ਜੁਰਮ ਕੀਤਾ ਗਿਆ ਹੈ। ਅੱਜ ਇਹ ਸਾਰਾ ਕੇਸ ਸਬੂਤਾਂ ਦੀ ਅਣਹੋਂਦ ਦੇ ਕਾਰਨ ਝੂਠਾ ਸਾਬਤ ਹੋਣ ਕਾਰਨ ਰੱਦ ਹੋ ਗਿਆ ਹੈ।