ਕੈਪਟਨ ਅਮਰਿੰਦਰ ਵੱਲੋਂ 27 ਹਜ਼ਾਰ ‘ਨਿਯੁਕਤੀ ਪੱਤਰ’ ਵੰਡ ਦੇਣ ਦਾ ਦਾਅਵਾ

amrinder
* ਪੰਜਾਬ ਵਿੱਚ 43 ਹਜ਼ਾਰ ਹੋਰ ਨੌਕਰੀਆਂ ਪੈਦਾ ਕਰਨ ਦਾ ਐਲਾਨ
ਮੁਹਾਲੀ, 5 ਸਤੰਬਰ, (ਪੋਸਟ ਬਿਊਰੋ)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਚੋਣ ਵਾਅਦੇ ਦੀ ‘ਘਰ ਘਰ ਰੁਜ਼ਗਾਰ ਸਕੀਮ’ ਹੇਠ ਅੱਜ ਮੁਹਾਲੀ ਵਿੱਚ ਰਾਜ ਪੱਧਰ ਦੇ ਰੁਜ਼ਗਾਰ ਮੇਲੇ ਦੌਰਾਨ 27 ਹਜ਼ਾਰ ਨੌਜਵਾਨ ਲੜਕੇ ਲੜਕੀਆਂ ਨੂੰ ਰੁਜ਼ਗਾਰ ਦੇਣ ਦਾ ਦਾਅਵਾ ਕੀਤਾ ਹੈ। ਇਨ੍ਹਾਂ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਮੁੱਖ ਮੰਤਰੀ ਦੇ ਨਾਲ ਤਕਨੀਕੀ ਸਿੱਖਿਆ ਮੰਤਰੀ ਚਰਨਜੀਤ ਸਿੰਘ ਚੰਨੀ, ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ, ਸਿਹਤ ਮੰਤਰੀ ਬ੍ਰਹਮ ਮਹਿੰਦਰਾ, ਲੋਕਲ ਬਾਡੀਜ਼ ਮੰਤਰੀ ਨਵਜੋਤ ਸਿੰਘ ਸਿੱਧੂ ਤੇ ਮੰਤਰੀ ਸਾਧੂ ਸਿੰਘ ਧਰਮਸੋਤ ਅਤੇ ਵਿਧਾਇਕ ਬਲਬੀਰ ਸਿੰਘ ਸਿੱਧੂ ਨੇ ਵੰਡੇ। ਇਨ੍ਹਾਂ 27 ਹਜ਼ਾਰ ਨੌਜਵਾਨਾਂ ਵਿੱਚ 3 ਹਜ਼ਾਰ ਨੂੰ ਸਰਕਾਰੀ ਵਿਭਾਗਾਂ ਦੀ ਨੌਕਰੀ ਮਿਲੀ ਹੈ, ਜਿਨ੍ਹਾਂ ਵਿੱਚ 1337 ਨਵੇਂ ਭਰਤੀ ਕੀਤੇ ਗਏ ਅਧਿਆਪਕ ਵੀ ਸ਼ਾਮਲ ਦੱਸੇ ਗਏ ਹਨ।
ਇਸ ਮੌਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦੱਸਿਆ ਕਿ ਅੱਜ 27 ਹਜ਼ਾਰ ਨੌਜਵਾਨਾਂ ਨੂੰ ਨੌਕਰੀ ਦਿੱਤੀ ਹੈ ਤੇ 43 ਹਜ਼ਾਰ ਹੋਰ ਨਵੀਆਂ ਨੌਕਰੀਆਂ ਦੇਣ ਦੀ ਮੁੱਢਲੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਐਲਾਨ ਕੀਤਾ ਹੈ ਕਿ ਭਵਿੱਖ ਵਿੱਚ ਹਰ ਸਾਲ ਵਿੱਚ ਦੋ ਵਾਰ ਰੁਜ਼ਗਾਰ ਮੇਲੇ ਲਾਏ ਜਾਣਗੇ ਅਤੇ ਅਗਲਾ ਰੁਜ਼ਗਾਰ ਮੇਲਾ ਫਰਵਰੀ 2018 ਵਿੱਚ ਲੱਗੇਗਾ। ਅਮਰਿੰਦਰ ਸਿੰਘ ਨੇ ਕਿਹਾ ਕਿ ਸਰਕਾਰ ਨੇ 34 ਸਹਿਮਤੀ ਪੱਤਰਾਂ ਉੱਤੇ ਪਹਿਲਾਂ ਹੀ ਸਹੀ ਪਾਈ ਹੋਈ ਹੈ, ਜਿਸ ਨਾਲ 2.8 ਲੱਖ ਨੌਕਰੀਆਂ ਪੈਦਾ ਹੋਣਗੀਆਂ।
ਪੰਜਾਬ ਦੇ ਤਕਨੀਕੀ ਸਿੱਖਿਆ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਇਸ ਮੌਕੇ ਕਿਹਾ ਕਿ ‘ਘਰ ਘਰ ਰੁਜ਼ਗਾਰ’ ਦੀ ਸਕੀਮ ਨਾਲ ਪੰਜਾਬ ਸਰਕਾਰ ਵਿੱਚ ਲੋਕਾਂ ਦਾ ਵਿਸ਼ਵਾਸ ਵਧਿਆ ਹੈ। ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਜਿਨ੍ਹਾਂ ਫੈਕਟਰੀਆਂ ਦੀਆਂ ਚਿਮਨੀਆਂ ਬੰਦ ਪਈਆਂ ਹਨ, ਉਨ੍ਹਾਂ ਵਿੱਚੋਂ ਧੂੰਆਂ ਨਿਕਲਣਾ ਚਾਹੀਦਾ ਹੈ। ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਕੈਪਟਨ ਨੇ ਮਹੀਨਿਆਂ ਦੇ ਸ਼ਾਸਨ ਦੌਰਾਨ ਦੇਸ਼ ਦੀ ਰਾਜਨੀਤੀ ਵਿੱਚ ਜਵਾਬਦੇਹੀ ਤੇ ਭਰੋਸੇਯੋਗਤਾ ਦਾ ਸਬੂਤ ਦਿੱਤਾ ਹੈ। ਇਸ ਮੌਕੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ, ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੋਤ, ਉਚੇਰੀ ਸਿੱਖਿਆ ਮੰਤਰੀ ਅਰੁਣਾ ਚੌਧਰੀ, ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ, ਵਿਧਾਇਕ ਬਲਬੀਰ ਸਿੰਘ ਸਿੱਧੂ, ਗੁਰਪ੍ਰੀਤ ਸਿੰਘ ਜੀਪੀ ਤੇ ਰਾਜ ਕੁਮਾਰ ਵੇਰਕਾ ਵੀ ਹਾਜ਼ਰ ਸਨ।