ਕੈਪਟਨ ਅਮਰਿੰਦਰ ਨੇ ਲੰਗਰ ਤੇ ਹੋਰ ਧਾਰਮਿਕ ਸਮਾਨ ਨੂੰ ਜੀ ਐੱਸ ਟੀ ਤੋਂ ਛੋਟ ਦੇਣ ਦਾ ਪੱਖ ਲਿਆ

gst on langar
* ਸ੍ਰੋਮਣੀ ਕਮੇਟੀ ਦੀ ਹਮਾਇਤ ਵਿੱਚ ਕੇਂਦਰੀ ਖਜ਼ਾਨਾ ਮੰਤਰੀ ਨੂੰ ਚਿੱਠੀ ਲਿਖੀ
ਚੰਡੀਗੜ੍ਹ, 17 ਜੁਲਾਈ (ਪੋਸਟ ਬਿਊਰੋ)- ਵੱਖ-ਵੱਖ ਧਾਰਮਿਕ ਸੰਸਥਾਨਾਂ ਵੱਲੋਂ ਵਰਤਾਏ ਜਾਣ ਵਾਲੇ ਮੁਫਤ ਲੰਗਰ ਅਤੇ ਪ੍ਰਸ਼ਾਦ ਉੱਤੇ ਜੀ ਐੱਸ ਟੀ ਤੋਂ ਛੋਟ ਦੇਣ ਦੀ ਮੰਗ ਦੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਹਮਾਇਤ ਕੀਤੀ ਹੈ। ਉਨ੍ਹਾ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਹੋਰ ਸ਼ਖਸੀਅਤਾਂ ਅਤੇ ਸੰਸਥਾਵਾਂ ਵੱਲੋਂ ਲੰਗਰ ਅਤੇ ਪ੍ਰਸਾਦ ਉੱਤੇ ਜੀ ਐੱਸ ਟੀ ਖਤਮ ਕਰਨ ਦੀ ਅਪੀਲ ਕੀਤੇ ਜਾਣ ਤੋਂ ਬਾਅਦ ਇਸ ਸੰਬੰਧ ਵਿੱਚ ਕੇਂਦਰੀ ਖਜ਼ਾਨਾ ਮੰਤਰੀ ਅਰੁਣ ਜੇਤਲੀ ਨੂੰ ਚਿੱਠੀ ਲਿਖੀ ਹੈ।
ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰੀ ਵਿੱਤ ਮੰਤਰੀ ਨੂੰ ਯਾਦ ਦਿਵਾਇਆ ਕਿ ਮੁਫਤ ਲੰਗਰ ਦੀ ਸੇਵਾ ਕਰਨ ਲਈ ਗੁਰਦੁਆਰਿਆਂ ਨੂੰ ਸਪਲਾਈ ਕੀਤੀਆਂ ਜਾਂਦੀਆਂ ਵਸਤਾਂ ਉੱਤੇ ਵੈਟ ਦੇ ਭੁਗਤਾਨ ਤੋਂ ਛੋਟ ਦਿੱਤੀ ਗਈ ਸੀ, ਪਰ ਜੀ ਐੱਸ ਟੀ ਦੇ ਅਧੀਨ ਇਨ੍ਹਾਂ ਵਸਤੂਆਂ ਦੀ ਖਰੀਦ ਉੱਤੇ ਟੈਕਸ ਨਹੀਂ ਲਾਇਆ ਗਿਆ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਧਾਰਮਿਕ ਸੰਸਥਾਵਾਂ ਵੱਲੋਂ ਖਰੀਦੀਆਂ ਜਾਣ ਵਾਲੀਆਂ ਵਸਤਾਂ ਉੱਤੇ ਜੀ ਐੱਸ ਟੀ ਲਾਉਣਾ ਜਾਇਜ਼ ਨਹੀਂ ਹੈ, ਕਿਉਂਕਿ ਇਨ੍ਹਾਂ ਸੰਸਥਾਵਾਂ ਦੀ ਆਮਦਨ ਦਾ ਕੋਈ ਸ੍ਰੋਤ ਨਹੀਂ ਤੇ ਇਹ ਦਾਨ ਦੀ ਰਾਸ਼ੀ ਨਾਲ ਚਲਾਈਆਂ ਜਾਂਦੀਆਂ ਹਨ। ਉਨ੍ਹਾਂ ਨੇ ਇਸ ਮਾਮਲੇ ਨੂੰ ਫਿਰ ਵਿਚਾਰਨ ਅਤੇ ਸਾਰੀਆਂ ਧਾਰਮਿਕ ਸੰਸਥਾਵਾਂ ਨੂੰ ਜੀ ਐੱਸ ਟੀ ਤੋਂ ਛੋਟ ਦੇਣ ਲਈ ਕੇਂਦਰੀ ਮੰਤਰੀ ਨੂੰ ਅਪੀਲ ਕੀਤੀ ਹੈ।
ਵਰਨਣ ਯੋਗ ਹੈ ਕਿ ਕੇਂਦਰ ਸਰਕਾਰ ਨੇ ਪ੍ਰਸ਼ਾਦ ਦੀ ਖਰੀਦ ਅਤੇ ਵਿਕਰੀ ਤੋਂ ਇਲਾਵਾ ਧਾਰਮਿਕ ਸੰਸਥਾਵਾਂ ਵੱਲੋਂ ਲਗਾਏ ਜਾਂਦੇ ਮੁੱਫਤ ਲੰਗਰ ਦੀ ਸੇਵਾ ਲਈ ਖਰੀਦੀ ਜਾਣ ਵਾਲੀ ਸਮੱਗਰੀ ਨੂੰ ਜੀ ਐੱਸ ਟੀ ਦੇ ਦਾਇਰੇ ਵਿਚ ਰੱਖਿਆ ਹੈ। ਮੁੱਖ ਮੰਤਰੀ ਨੇ ਕਿਹਾ ਕਿ ਧਾਰਮਿਕ ਸੰਸਥਾਵਾਂ ਦੇ ਪ੍ਰਬੰਧਕਾਂ ਵੱਲੋਂ ਜੀ ਐੱਸ ਟੀ ਤੋਂ ਛੋਟ ਦੇਣ ਦੇ ਲਈ ਉਠਾਈ ਗਈ ਮੰਗ ਬਿਲਕੁਲ ਜਾਇਜ਼ ਹੈ ਅਤੇ ਇਹ ਭਾਰਤ ਸਰਕਾਰ ਵੱਲੋਂ ਮੰਨੀ ਜਾਣੀ ਚਾਹੀਦੀ ਹੈ।