ਕੈਪਟਨ ਅਮਰਿੰਦਰ ਨੇ ਕਿਹਾ: ਸ਼ਿਲਾਂਗ ਦੇ ਕਿਸੇ ਵੀ ਗੁਰਦੁਆਰਾ ਸਾਹਿਬ ਨੂੰ ਨੁਕਸਾਨ ਨਹੀਂ ਪੁੱਜਾ


ਜਲੰਧਰ, 6 ਜੂਨ (ਪੋਸਟ ਬਿਊਰੋ)- ਉੱਤਰ ਪੂਰਬੀ ਰਾਜ ਮੇਘਾਲਿਆ ਦੀ ਰਾਜਧਾਨੀ ਸਿ਼ਲਾਂਗ ਬਾਰੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਓਥੇ ਕਿਸੇ ਵੀ ਗੁਰਦੁਆਰਾ ਸਾਹਿਬ ਨੂੰ ਨੁਕਸਾਨ ਨਹੀਂ ਪੁੱਜਾ ਹੈ।
ਮੁੱਖ ਮੰਤਰੀ ਨੇ ਸ਼ਿਲਾਂਗ ਵਿੱਚ ਦਲਿਤ ਸਿੱਖਾਂ ਵਿਰੁੱਧ ਹੋਈ ਹਿੰਸਾ ਦੀ ਜਾਂਚ ਲਈ ਭੇਜੇ ਵਫਦ ਦੀ ਰਿਪੋਰਟ ਲੈਣ ਦੇ ਬਾਅਦ ਇਹ ਟਿੱਪਣੀ ਕੀਤੀ ਹੈ। ਇਸ ਬਾਰੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਮੁੱਖ ਮੰਤਰੀ ਨੂੰ ਸੂਚਿਤ ਕੀਤਾ ਹੈ ਕਿ ਮੇਘਾਲਿਆ ਸਰਕਾਰ ਨੇ ਸਥਿਤੀ ‘ਤੇ ਕਾਬੂ ਪਾਉਣ ਲਈ ਪ੍ਰਭਾਵਸ਼ਾਲੀ ਕਦਮ ਚੁੱਕੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਸ਼ਿਲਾਂਗ ਭੇਜਿਆ ਵਫਦ ਵਾਪਸ ਆ ਕੇ ਉਨ੍ਹਾਂ ਨੂੰ ਵਿਸਥਾਰ ‘ਚ ਰਿਪੋਰਟ ਦੇਵੇਗਾ ਤੇ ਪੰਜਾਬ ਸਰਕਾਰ ਸ਼ਿਲਾਂਗ ਦੀ ਸਥਿਤੀ ‘ਤੇ ਪੂਰੀ ਤਰ੍ਹਾਂ ਨਜ਼ਰ ਰੱਖ ਰਹੀ ਹੈ ਅਤੇ ਸਿੱਖਾਂ ਦੇ ਹਿੱਤਾਂ ਦੀ ਪੂਰੀ ਤਰ੍ਹਾਂ ਰੱਖਿਆ ਕੀਤੀ ਜਾਵੇਗੀ।
ਇਸ ਮੌਕੇ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਵਿੱਚ ਹਿੰਸਾ ਖਤਮ ਕਰਨ ਲਈ ਉਹ ਵਚਨਬੱਧ ਹਨ ਅਤੇ ਜਲਦੀ ਹੀ ਸੂਬੇ ਵਿੱਚੋਂ ਸਾਰੇ ਗੈਂਗਸਟਰਾਂ ਦਾ ਖਾਤਮਾ ਕਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜੋ ਵੀ ਕਾਨੂੰਨ ਆਪਣੇ ਹੱਥ ਵਿੱਚ ਲਵੇਗਾ, ਉਸ ਦੇ ਖਿਲਾਫ ਸਖਤੀ ਹੋਵੇਗੀ, ਕਿਸੇ ਨੂੰ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਕਿਹਾ ਕਿ ਪਿਛਲੇ 10 ਸਾਲਾਂ ਤੋਂ ਗੈਂਗਸਟਰਾਂ ਕਾਰਨ ਪੰਜਾਬ ਨੇ ਭਾਰੀ ਨੁਕਸਾਨ ਝੱਲਿਆ ਹੈ, ਪਰ ਇਸ ਵੇਲੇ ਪੁਲਸ ਨੂੰ ਵੱਡੀਆਂ ਸਫਲਤਾਵਾਂ ਮਿਲੀਆਂ ਹਨ।