ਕੈਪਟਨ ਅਮਰਿੰਦਰ ਨੇ ਕਿਹਾ: ਰਾਜੀਵ ਗਾਂਧੀ ਦੇ ਦਿੱਲੀ ਪੁੱਜਣ ਤੋਂ ਪਹਿਲਾਂ ਹੀ ਦੰਗੇ ਸ਼ੁਰੂ ਹੋ ਚੁੱਕੇ ਸਨ


ਚੰਡੀਗਡ੍ਹ, 12 ਫਰਵਰੀ (ਪੋਸਟ ਬਿਊਰੋ)- ਦਿੱਲੀ ਵਿੱਚ ਤਿੰਨ ਦਹਾਕੇ ਪਹਿਲਾਂ ਹੋਏ ਦੰਗਿਆਂ ‘ਚ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨੂੰ ਗਲਤ ਢੰਗ ਨਾਲ ਪੇਸ਼ ਕਰਨ ਲਈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਆਲੋਚਨਾ ਕੀਤੀ ਹੈ।
ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਕਿਹਾ ਕਿ ਇੰਦਰਾ ਗਾਂਧੀ ਦੀ ਮੌਤ ਦੇ ਬਾਅਦ ਹਿੰਸਾ ਸ਼ੁਰੂ ਹੋਣ ਵੇਲੇ ਰਾਜੀਵ ਗਾਂਧੀ ਦਿੱਲੀ ‘ਚ ਮੌਜੂਦ ਹੀ ਨਹੀਂ ਸੀ। ਉਨ੍ਹਾਂ ਕਿਹਾ ਕਿ ਦਿੱਲੀ ਦੰਗੇ ਸ਼ੁਰੂ ਹੋਣ ਵੇਲੇ ਰਾਜੀਵ ਗਾਂਧੀ ਚੋਣ ਦੌਰੇ ‘ਤੇ ਕਲਕੱਤਾ ਤੋਂ ਕੋਈ 150 ਕਿਲੋਮੀਟਰ ਦੂਰ ਕੋਟਾਈ ਵਿਖੇ ਸਨ। ਜਗਦੀਸ਼ ਟਾਈਟਲਰ ਦੇ ਸਟਿੰਗ ਆਪਰੇਸ਼ਨ ਨਾਲ ਰਾਜੀਵ ਗਾਂਧੀ ਨੂੰ ਜੋੜਨ ਦੀ ਕੋਸ਼ਿਸ਼ ਕਰਨ ਲਈ ਮੁੱਖ ਮੰਤਰੀ ਨੇ ਅਕਾਲੀ ਆਗੂਆਂ ਦੀ ਤਿੱਖੀ ਆਲੋਚਨਾ ਕੀਤੀ ਤੇ ਕਿਹਾ ਕਿ ਇਹ ਗੱਲ ਪੂਰੀ ਤਰ੍ਹਾਂ ਰਿਕਾਰਡ ਉਤੇ ਹੈ ਕਿ ਰਾਜੀਵ ਗਾਂਧੀ ਆਪਣੀ ਮਾਤਾ ਦੇ ਕਤਲ ਬਾਰੇ ਜਾਣਕਾਰੀ ਮਿਲਣ ਪਿੱਛੋਂ ਦਿੱਲੀ ਵਾਪਸ ਆਏ ਸਨ ਅਤੇ ਉਸ ਸਮੇਂ ਦੰਗੇ ਸ਼ੁਰੂ ਹੋ ਚੁੱਕੇ ਸਨ ਅਤੇ ਕਦੀ ਵੀ ਜਗਦੀਸ਼ ਟਾਈਟਲਰ ਨੇ ਰਾਜੀਵ ਗਾਂਧੀ ਨੂੰ ਦੰਗਿਆਂ ਦੇ ਨਾਲ ਨਹੀਂ ਜੋੜਿਆ। ਅਮਰਿੰਦਰ ਸਿੰਘ ਨੇ ਕਿਹਾ ਕਿ ਅਸਲ ਵਿੱਚ ਟਾਈਟਲਰ ਨੇ ਆਪਣੀ ਇੰਟਰਵਿਊ ‘ਚ ਸਪਸ਼ਟ ਕਿਹਾ ਹੈ ਕਿ ਰਾਜੀਵ ਗਾਂਧੀ ਨੇ ਸਥਿਤੀ ‘ਤੇ ਕੰਟਰੋਲ ਕਰਨ ਦੀ ਕੋਸ਼ਿਸ਼ ਕੀਤੀ, ਜੋ ਉਨ੍ਹਾਂ ਦੇ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕਣ ਤੱਕ ਗੰਭੀਰ ਰੂਪ ਧਾਰਨ ਕਰ ਗਈ ਸੀ। ਰਾਜੀਵ ਗਾਂਧੀ ਨੇ ਸਾਰੇ ਪਾਰਟੀ ਵਿਧਾਇਕਾਂ ਨੂੰ ਆਪੋ-ਆਪਣੇ ਹਲਕਿਆਂ ਵਿੱਚ ਜਾਣ ਦੀਆਂ ਹਦਾਇਤਾਂ ਜਾਰੀ ਕੀਤੀਆਂ ਅਤੇ ਉਨ੍ਹਾਂ ਨੂੰ ਹਰ ਕੀਮਤ ‘ਤੇ ਸਥਿਤੀ ਸ਼ਾਂਤ ਕਰਨ ਲਈ ਵੀ ਕਿਹਾ ਸੀ।