ਕੈਨੇਡੀਅਨ ਸਿੱਖ ਅਤੇ ਨਸਲਵਾਦ: ਇੱਕ ਦ੍ਰਿਸ਼ਟੀਕੋਣ!

racismਕੈਨੇਡਾ ਵਿੱਚ 5 ਲੱਖ ਦੇ ਕਰੀਬ ਸਿੱਖ ਵੱਸਦੇ ਹਨ ਜੋ ਕਿ ਕੈਨੇਡਾ ਦੀ ਆਬਾਦੀ ਦਾ ਤਕਰੀਬਨ 1.4% ਹਿੱਸਾ ਬਣਦੇ ਹਨ। ਵਿਸ਼ਵ ਵਿੱਚ ਸਿੱਖਾਂ ਦੀ ਕੁੱਲ ਗਿਣਤੀ 2 ਕਰੋੜ 7 ਲੱਖ ਦੇ ਕਰੀਬ ਦੱਸੀ ਜਾਂਦੀ ਹੈ ਅਤੇ ਇਸ ਹਿਸਾਬ ਨਾਲ ਕੈਨੇਡੀਨ ਸਿੱਖ ਕੁੱਲ ਸਿੱਖ ਭਾਈਚਾਰੇ ਦਾ 1.8 % ਦੇ ਕਰੀਬ ਬਣਦੇ ਹਨ। ਸੋ ਸਿੱਖ ਖਾਲਸਾ ਦੇ ਜਨਮ ਸਥਾਨ ਪੰਜਾਬ ਵਿੱਚ ਬੇਸ਼ੱਕ ਸਿੱਖ ਮਾਮੂਲੀ ਜਿਹੀ ਬਹੁ-ਗਿਣਤੀ ਵਿੱਚ (58%) ਹਨ ਪਰ ਭਾਰਤ ਦੇ ਕੁੱਲ ਜਨ ਸੰਖਿਆ ਦੇ ਮੁਕਾਬਲੇ ਇਹ ਗਿਣਤੀ ਮਹਿਜ਼ 1.72% ਹੀ ਬਣਦੀ ਹੈ। ਭਾਵ ਇਹ ਕਿ ਸਿੱਖ ਭਾਈਚਾਰਾ ਆਪਣੇ ਮਾਤਰੀ ਮੂਲਕ ਭਾਰਤ ਤੋਂ ਲੈ ਕੇ ਵਿਸ਼ਵ ਵਿੱਚ ਜਿੱਥੇ ਕਿਤੇ ਵੀ ਜਾ ਵੱਸਿਆ ਹੈ, ਉਹ ਹਰ ਥਾਂ ਘੱਟ ਗਿਣਤੀ ਹੈ ਬਲਕਿ ਕਿਹਾ ਜਾਵੇ ਕਿ ਨਿਗੂਣੀ ਨਫ਼ਰੀ ਵਾਲਾ ਘੱਟ ਗਿਣਤੀ ਫਿਰਕਾ ਹੈ।
ਇਸ ਤੱਥ ਦੇ ਪਿਛੋਕੜ ਵਿੱਚ ਕਈ ਗੱਲਾਂ ਵਿਚਾਰੀਆਂ ਜਾ ਸਕਦੀਆਂ ਹਨ। ਬੀਤੇ ਵੀਕਐਂਡ ਐਨ ਡੀ ਪੀ ਲੀਡਰਸਿ਼ੱਪ ਰੇਸ ਦੇ ਉਮੀਦਵਾਰ ਜਗਮੀਤ ਸਿੰਘ ਦੀ ਬਰੈਂਪਟਨ ਰੈਲੀ ਵਿੱਚ ਇੱਕ ਔਰਤ ਵੱਲੋਂ ਉਸਦੀ ਰੈਲੀ ਵਿੱਚ ਇਸਲਾਮਿਕ ਕਨੂੰਨ ਸ਼ਰੀਆ ਬਾਰੇ ਗੁੱਸੇ ਵਿੱਚ ਆ ਕੇ ਬੋਲਿਆ ਗਿਆ। ਜਗਮੀਤ ਸਿੰਘ ਨੇ ਬਹੁਤ ਸਮਝਦਾਰੀ ਨਾਲ ਇਸ ਨਾਜ਼ੁਕ ਸਥਿਤੀ ਦਾ ਸਲੀਕੇ ਨਾਲ ਨਿਪਟਾਰਾ ਕੀਤਾ। ਇੱਕ ਸਿਆਸਤਦਾਨ ਤੋਂ ਅਜਿਹੇ ਵਰਤਾਅ ਦੀ ਉਮੀਦ ਕਰਨੀ ਸੁਭਾਵਿਕ ਹੈ। ਸੁਆਲ ਹੈ ਕਿ ਜੇਕਰ ਵੱਡੀ ਗਿਣਤੀ ਵਿੱਚ ਸਿੱਖ ਨਫ਼ਰੀ ਵਾਲੇ ਸ਼ਹਿਰ ਬਰੈਂਪਟਨ ਵਿੱਚ ਕੁੱਝ ਲੋਕ ਸਿੱਖਾਂ ਨੂੰ ਮੁਸਲਾਮਾਨ ਸਮਝ ਸਕਦੇ ਹਨ ਤਾਂ ਹੋਰ ਥਾਵਾਂ ਉੱਤੇ ਸਥਿਤੀ ਕਿਹੋ ਜਿਹੀ ਹੋਵੇਗੀ? 9/11 ਤੋਂ ਬਾਅਦ ਅਮਰੀਕਾ ਵਿੱਚ ਕਿੰਨੀਆਂ ਹੀ ਘਟਨਾਵਾਂ ਹੋਈਆਂ ਸਨ ਜਿੱਥੇ ਦਸਤਾਰਧਾਰੀ ਸਿੱਖਾਂ ਨੂੰ ਮੁਸਲਾਮਨ ਸਮਝ ਕੇ ਨਸਲੀ ਨਫ਼ਰਤ ਦਾ ਸਿ਼ਕਾਰ ਬਣਾਇਆ ਗਿਆ।

ਨਸਲੀ ਨਫ਼ਰਤ ਕਿਸੇ ਵੀ ਫਿ਼ਰਕੇ ਵਿਰੁੱਧ ਹੋਵੇ ਮਾੜੀ ਹੈ ਅਤੇ ਇਹ ਵਿਸ਼ਵ ਦੇ ਕਿਸੇ ਵੀ ਥਾਂ, ਭਾਰਤ, ਪਾਕਿਸਤਾਨ, ਇੰਗਲੈਂਡ, ਅਮਰੀਕਾ ਕਿਤੇ ਵੀ ਵਾਪਰੇ ਮਾੜੀ ਹੈ।

ਅਸੀਂ ਆਪਣੀ ਗੱਲ ਉੱਤੇ ਵਾਪਸ ਆਉਂਦੇ ਹਾਂ ਕਿ ਨਸਲਵਾਦ ਦੇ ਚੱਲ ਰਹੇ ਵਰਤਾਰੇ ਵਿੱਚ ਸਿੱਖ ਭਾਈਚਾਰੇ ਦਾ ਪ੍ਰਤੀਕਰਮ ਕਿਹੋ ਜਿਹਾ ਹੋਣਾ ਚਾਹੀਦੈ ਹੈ? ਇੱਥੇ ਇਰਾਦਾ ਇੱਕ ਧਰਮ ਦਾ ਦੂਜੇ ਨਾਲ ਮੁਕਾਬਲਾ ਕਰਕੇ ਵੇਖਣਾ ਨਹੀਂ ਸਗੋਂ ਮੰਤਵ ਇਹ ਹੈ ਕਿ ਸਾਡੇ ਸਮਾਜ ਨੂੰ ਦਰਪੇਸ਼ ਨਸਲਵਾਦ ਦੀ ਸੱਮਸਿਆ ਵਿੱਚ ਸਿੱਖ ਭਾਈਚਾਰਾ ਕੀ ਰੋਲ ਅਦਾ ਕਰ ਸਕਦਾ ਹੈ। ਇਸ ਰੋਲ ਨੂੰ ਇਹ ਗੱਲ ਨੂੰ ਕਬੂਲ ਕਰਦੇ ਹੋਏ ਘੋਖਣਾ ਹੈ ਕਿ ਆਪਣੀ ਵਿੱਲਖਣ ਦਿੱਖ ਅਤੇ ਪਹਿਚਾਣ ਕਾਰਣ ਸਿੱਖਾਂ ਨੂੰ ਹੋਰ ਭਾਈਚਾਰਿਆਂ (ਬਲੈਕ ਕਮਿਊਨਿਟੀ ਨੂੰ ਛੱਡ ਕੇ) ਨਾਲੋਂ ਵੱਧ ਨਸਲਵਾਦ ਦਾ ਸਿ਼ਕਾਰ ਹੋਣਾ ਪੈਂਦਾ ਹੈ।
ਸਿੱਖ ਭਾਈਚਾਰੇ ਦੇ ਅੰਤਰੀਵੀ ਪਰੀਪੇਖ ਤੋਂ ਜੇਕਰ ਵੇਖਿਆ ਜਾਵੇ ਤਾਂ ਇਸਨੂੰ ਕੈਨੇਡਾ ਵਿੱਚ ਉਹਨਾਂ ਤਬਕਿਆਂ ਦੀ ਪਿੱਠ ਉੱਤੇ ਖੜਾ ਹੋਣਾ ਚਾਹੀਦਾ ਹੈ ਜਿਹੜੇ ਆਪਣੀ ਆਵਾਜ਼ ਚੁੱਕਣ ਵਿੱਚ ਕਮਜ਼ੋਰ ਹਨ ਜਾਂ ਆਪਣੀ ਗੱਲ ਆਖਣ ਦੇ ਕਾਬਲ ਨਹੀਂ ਹੋ ਪਾ ਰਹੇ। ਇਹਨਾਂ ਵਿੱਚ ਕੈਨੇਡਾ ਦੇ ਮੂਲਵਾਸੀ, ਔਰਤਾਂ, ਬਲੈਕ ਕਮਿਊਨਿਟੀ ਮੁੱਖ ਤੌਰ ਉੱਤੇ ਗਿਣੇ ਜਾ ਸਕਦੇ ਹਨ। ਜਿੱਥੇ ਕਿਤੇ ਮੁਸਲਮਾਨ ਭਾਈਚਾਰੇ ਜਾਂ ਕਿਸੇ ਹੋਰ ਨਾਲ ਵਿਤਕਰਾ ਹੁੰਦਾ ਹੋਵੇ, ਉੱਥੇ ਉਹਨਾਂ ਦੇ ਹੱਕ ਵਿੱਚ ਖੜਾ ਹੋਣ ਦੀ ਲੋੜ ਹੈ। ਪਰ ਇਹ ਸਾਥ ਹੱਕ ਸੱਚ ਦੇ ਸਿਧਾਂਤ ਉੱਤੇ ਖਰ੍ਹਾ ਉੱਤਰਦਾ ਹੋਵੇ। ਇਸ ਵਿੱਚ ਮੁੱਖ ਧਾਰਾ ਦੇ ਉਹ ਕੈਨੇਡੀਅਨ ਵੀ ਸ਼ਾਮਲ ਹੋਣੇ ਚਾਹੀਦੇ ਹਨ ਜਿਹੜੇ ਕਈ ਵਾਰ ਘੱਟ ਗਿਣਤੀਆਂ ਦੇ ਧੱਕੇ ਦਾ ਸਿ਼ਕਾਰ ਹੋ ਜਾਂਦੇ ਹਨ।

ਨੌਰਥ ਅਮਰੀਕਨ ਵਿੱਚ ਖੁਦ ਦੇ ਮਨੁੱਖੀ ਅਧਿਕਾਰਾਂ ਲਈ ਜਦੋਜਹਿਦ ਕਰਨ ਦਾ ਪ੍ਰਚਿੱਲਤ ਸਿਧਾਂਤ ਚੰਗਾ ਹੈ ਜਿਸ ਤਹਿਤ ਹਰ ਕਮਿਊਨਿਟੀ (ਬਲੈਕ, ਮੂਲਵਾਸੀ ਅਤੇ ਹੋਰ ਪੀੜਤ ਕਮਿਊਨਿਟੀਆਂ) ਦੇ ਲੋਕ ਖੁਦ ਲਈ ਖੁਦ ਮੂਹਰੇ ਹੋ ਕੇ ਲੜਦੇ ਹਨ। ਸਿੱਖ ਭਾਈਚਾਰੇ ਵੱਲੋਂ ਪੀੜਤ ਕਮਿਊਨਿਟੀਆਂ ਦਾ ਸਾਥ ਦੇ ਕੇ ਅਤੇ ਉਹਨਾਂ ਦੇ ਹੱਕ ਲਈ ਖੁਦ ਦੇ ਹਿੱਤਾਂ ਦੀ ਬਲੀ ਦੇ ਕੇ ਮਨੁੱਖੀ ਅਧਿਕਾਰਾਂ ਦੇ ਸਿਧਾਂਤ ਨੂੰ ਹੋਰ ਵੀ ਉੱਚਾ ਚੁੱਕਿਆ ਜਾ ਸਕਦਾ ਹੈ। ਜੇਕਰ ਪੁਰਾਤਨ ਸਿੱਖ ਇਤਿਹਾਸ ਨੂੰ ਵੇਖੀਏ ਤਾਂ ਗੁਰੂ ਦੇ ਸਿੱਖ ਖੁਦ ਲਈ ਨਹੀਂ ਸਨ ਲੜਦੇ ਸਗੋਂ ਹੋਰਾਂ ਦੇ ਹੱਕ ਮਹਿਫੂਜ਼ ਰੱਖਣ ਲਈ ਕੁਰਬਾਨੀਆਂ ਕਰਦੇ ਸਨ।

ਅੱਜ ਜਦੋਂ ਅਮਰੀਕਾ, ਕੈਨੇਡਾ ਵਿੱਚ ਨਸਲਵਾਦ ਇੱਕ ਭਿੰਅਕਰ ਰੂਪ ਧਾਰਨ ਕਰਦਾ ਜਾ ਰਿਹਾ ਹੈ, ਨੂੰ ਇਸ ਕਿਸਮ ਦੇ ਮਨੁੱਖੀ ਅਧਿਕਾਰਾਂ ਦੇ ਆਲੰਬਰਦਾਰਾਂ ਦੀ ਸਖ਼ਤ ਲੋੜ ਹੈ। ਕੈਨੇਡਾ ਦੇ ਬਹੁ-ਨਸਲੀ ਜਨ-ਜੀਵਨ ਨੂੰ ਕਮਿਊਨਿਟੀ ਵਿਸ਼ੇਸ਼ ਦੇ ਇੱਕਲੇ ਕਾਰੇ ਉੱਦਮ ਨਾਲ ਮਜ਼ਬੂਤ ਨਹੀਂ ਕੀਤਾ ਜਾ ਸਕਦਾ ਸਗੋਂ ‘ਸਰਬੱਤ ਦੇ ਭਲੇ’ ਦੇ ਉੱਤੇ ਪਹਿਰਾ ਦੇ ਕੇ ਯੋਗਦਾਨ ਪਾਇਆ ਜਾ ਸਕਦਾ ਹੈ। ਹੋਰ ਕਈ ਧਰਮਾਂ ਤੋਂ ਉਲਟ ਸਿੱਖਾਂ ਲਈ ਅਜਿਹੇ ਉੱਦਮ ਵਿੱਚ ਸ਼ਾਮਲ ਹੋਣਾ ਲਾਜ਼ਮੀ ਬਣਦਾ ਹੈ ਕਿਉਂਕਿ ਸਿੱਖਾਂ ਲਈ ਸਿਰਫ਼ ਦੂਜਿਆਂ ਦੇ ਹੱਕਾਂ ਦੀ ਰਖਵਾਲੀ ਲਈ ਖੜਾ ਹੋਣਾ ਮਹੱਤਵ ਰੱਖਦਾ ਹੈ ਨਾ ਕਿ ਕਿਸੇ ਨੂੰ ਕਿਸੇ ਦੇ ਧਰਮ ਤੋਂ ਥਿੜਕਾ ਕੇ, ਵਰਲਗਾ ਕੇ ਜਾਂ ਧਮਕਾ ਕੇ ਆਪਣੇ ਵਰਗਾ ਬਣਾਉਣਾ।