ਕੈਨੇਡੀਅਨ ਸਿਟੀਜ਼ਨ ਮਲਾਲਾ ਯੂਸਫਜ਼ਾਈ ਜਿਸਦਾ ਕਈਆਂ ਨਾਲ ਈਮਾਨ ਸਾਂਝਾ ਨਹੀਂ

zzzzzzzz-300x1111“ਮੈਂ ਇੱਕ ਮੁਸਲਮਾਨ ਹਾਂ ਅਤੇ ਮੈਂ ਯਕੀਨ ਕਰਦੀ ਹਾਂ ਕਿ ਜਦੋਂ ਤੁਸੀਂ ਇਸਲਾਮ ਦੇ ਨਾਮ ਉੱਤੇ ਬੰਦੂਕ ਚੁੱਕ ਲੈਂਦੇ ਹੋ ਅਤੇ ਬੇਦੋਸੇ ਲੋਕਾਂ ਨੂੰ ਮਾਰਦੇ ਹੋ, ਤੁਸੀਂ ਮੁਸਲਮਾਨ ਹੋਣ ਦਾ ਹੱਕ ਖੋ ਲੈਂਦੇ ਹੋ” ਇਹ ਸ਼ਬਦ ਹਨ ਮਲਾਲਾ ਯੂਸਫਜ਼ਾਈ ਦੇ ਹਨ ਜੋ ਉਸਨੇ ਕੱਲ ਕੈਨੇਡਾ ਦੀ ਆਨਰੇਰੀ ਸਿਟੀਜ਼ਨਸਿ਼ੱਪ ਕਬੂਲ ਕਰਨ ਤੋਂ ਬਾਅਦ ਹਾਊਸ ਆਫ ਕਾਮਨਜ਼ ਵਿੱਚ ਕੈਨੇਡਾ ਦੇ ਕਨੂੰਨ ਘਾੜਿਆਂ ਨੂੰ ਮੁਖਾਤਬ ਹੁੰਦੇ ਹੋਏ ਆਖੇ। 12 ਜੁਲਾਈ 1997 ਨੂੰ ਪੈਦਾ ਹੋਈ ਮਲਾਲਾ ਨੂੰ 15 ਕੁ ਸਾਲ ਦੀ ਅੱਲੜ ਉਮਰ ਵਿੱਚ ਪਾਕਿਸਤਾਨੀ ਤਾਲੀਬਾਨ ਅਤਿਵਾਦੀਆਂ ਦੀਆਂ ਗੋਲੀਆਂ ਦਾ ਸਿ਼ਕਾਰ ਹੋਣਾ ਪਿਆ ਸੀ। ਇਹ ਰੱਬ ਦੀ ਹੀ ਮਰਜ਼ੀ ਸੀ ਕਿ ਗੰਭੀਰ ਜਖ਼ਮੀ ਹੋਣ ਦੇ ਬਾਵਜੂਦ ਮਲਾਲਾ ਨੇ ਮੌਤ ਨੂੰ ਹੀ ਮਾਤ ਨਹੀਂ ਦਿੱਤੀ ਸਗੋਂ ਵਿਸ਼ਵ ਭਰ ਵਿੱਚ ਬੁਨਿਆਦੀ ਹੱਕਾਂ ਤੋਂ ਵਿਰਵੇ ਬੱਚਿਆਂ ਲਈ ਵਿੱਦਿਆ ਦੇ ਦਾਨ ਦਾ ਨਿਸ਼ਾਨ ਬਣ ਕੇ ਉੱਭਰੀ ਹੈ। ਅਤਿਵਾਦ ਦੀ ਕਾਲੀ ਸੋਚ ਲਈ ਇਸਤੋਂ ਵੱਧ ਹੱਤਕ ਕੀ ਹੋ ਸਕਦੀ ਹੈ?

ਸੱਭ ਤੋਂ ਘੱਟ ਉਮਰ ਵਿੱਚ ਨੋਬੇਲ ਇਨਾਮ ਜਿੱਤਣ, ਸੱਭ ਤੋਂ ਛੋਟੀ ਉਮਰ ਦੀ ਯੂਨਾਈਟਡਨ ਨੇਸ਼ਨਜ਼ ਦੀ ਅਮਨ ਦੀ ਸੰਦੇਸ਼ਵਾਹਕ ਬਣਨ ਅਤੇ ਸੱਭ ਤੋਂ ਘੱਟ ਉਮਰ ਵਿੱਚ ਕੈਨੇਡਾ ਦੀ ਪਾਰਲੀਮੈਂਟ ਨੂੰ ਸੰਬੋਧਨ ਕਰਨ ਦਾ ਮਾਣ ਹਾਸਲ ਕਰਨ ਵਰਗੇ ਅਨੇਕਾਂ ਖਿਤਾਬਾਂ ਤੋਂ ਵੀ ਵੱਡੀ ਮਲਾਲਾ ਦੀ ਇਹ ਪ੍ਰਾਪਤੀ ਹੈ ਕਿ ਉਹ ਮੌਤ ਦੀ ਉਦਾਸੀ ਨੂੰ ਪਛਾੜ ਕੇ ਰੋਸ਼ਨ ਅਤੇ ਆਸਵੰਦ ਜੀਵਨ ਦੀ ਪ੍ਰਤੀਕ ਬਣ ਗਈ ਹੈ।

ਮਲਾਲਾ ਦਾ ਇਹ ਆਖਣਾ ਬਹੁਤ ਸੰਕੇਤਕ ਹੈ ਕਿ ਉਸਨੂੰ 22 ਅਕਤੂਬਰ 2014 ਦਾ ਉਹ ਕਾਲਾ ਬੋਲਾ ਦਿਨ ਹਾਲੇ ਵੀ ਨਹੀਂ ਸੀ ਭੁੱਲਿਆ ਜਦੋਂ ਇੱਕ ਅਤਿਵਾਦੀ ਨੇ ਇਸਲਾਮ ਦੇ ਨਾਮ ਕੈਨੇਡਾ ਦੀ ਪਾਰਲੀਮੈਂਟ ਉੱਤੇ ਹਮਲਾ ਕਰਕੇ ਇੱਕ ਫੌਜੀ ਅਫ਼ਸਰ ਨੂੰ ਸ਼ਹੀਦ ਕਰ ਦਿੱਤਾ ਸੀ ਅਤੇ ਕੈਨੇਡਾ ਦੀ ਬੁਨਿਆਦੀ ਮਜ਼ਬੂਤੀ ਨੂੰ ਕਮਜ਼ੋਰ ਕਰਨ ਦਾ ਕੋਝਾ ਯਤਨ ਕੀਤਾ ਸੀ। ਉਸਦੇ ਆਪਣੇ ਸ਼ਬਦਾਂ ਵਿੱਚ ਉਹ ਟੋਰਾਂਟੋ ਪੀਅਰਸਨ ਏਅਰਪੋਰਟ ਉੱਤੇ ਪੁੱਜ ਜਾਣ ਦੇ ਬਾਵਜੂਦ 22 ਅਕਤੂਬਰ 2014 ਨੂੰ ਖੂਬਸੂਰਤ ਮੁਲਕ ਕੈਨੇਡਾ ਵਿੱਚ ਕਦਮ ਨਾ ਸੀ ਰੱਖ ਸਕੀ ਕਿਉਂਕਿ ਪਾਰਲੀਮੈਂਟ ਉੱਤੇ ਹਮਲਾ ਹੋ ਗਿਆ ਸੀ। ਮਲਾਲਾ ਦਾ ਆਖਣਾ ਹੈ ਕਿ ਪਾਰਲੀਮੈਂਟ ਉੱਤੇ ਹਮਲਾ ਕਰਨ ਵਾਲਾ ਅਤਿਵਾਦੀ ਆਪਣੇ ਆਪ ਨੂੰ ਮੁਸਲਮਾਨ ਜਰੂਰ ਆਖਦਾ ਸੀ ਲੇਕਿਨ ਉਸਦਾ ਮਲਾਲਾ ਨਾਲ ਈਮਾਨ ਸਾਂਝਾ ਨਹੀਂ ਸੀ। ਮਲਾਲਾ ਮੁਤਾਬਕ ਉਸ ਅਤਿਵਾਦੀ ਦਾ ਈਮਾਨ ਸੰਸਾਰ ਭਰ ਵਿੱਚ ਵੱਸਦੇ ਡੇਢ ਬਿਲੀਅਨ ਅਮਨਪਸੰਦ ਮੁਸਲਮਾਨਾਂ ਵਿੱਚੋਂ ਕਿਸੇ ਨਾਲ ਵੀ ਸਾਂਝਾ ਨਹੀਂ ਸੀ ਕਿਉਂਕਿ ਇਸਲਾਮ ਮੌਤ ਦਾ ਹਰਕਾਰਾ ਨਹੀਂ ਸਗੋਂ ਵਿੱਦਿਆ, ਕਰੁਣਾ ਅਤੇ ਦਯਾ ਬਖ਼ਸ਼ਣ ਦਾ ਕਰਮ ਹੈ। ਸਾਡੇ ਵਿੱਚੋਂ ਜਿ਼ਆਦਾਤਰ ਨੂੰ ਚੇਤੇ ਹੈ ਕਿ ਮਲਾਲਾ ਨੂੰ ਤਤਕਾਲੀ ਪ੍ਰਧਾਨ ਮੰਤਰੀ ਸਟੀਫਨ ਹਾਰਪਰ ਨੇ 2014 ਵਿੱਚ ਆਨਰੇਰੀ ਕੈਨੇਡੀਅਨ ਸਿਟੀਜ਼ਨਸਿ਼ੱਪ ਦੇਣ ਦਾ ਐਲਾਨ ਕੀਤਾ ਸੀ।

ਬੇਸ਼ੱਕ ਮਲਾਲਾ ਧਰਮ ਦੇ ਨਾਮ ਅਤਿਵਾਦ ਕਰਨ ਵਾਲਿਆਂ ਦੇ ਵਿਰੁੱਧ ਹੈ ਪਰ ਉਸਦੀ ਆਵਾਜ਼ ਵਿੱਚ ਰੰਜਸ਼ ਦੀ ਭਾਵਨਾ ਨਹੀਂ ਸਗੋਂ ਪਰੇਮ ਗੜੁੱਚੇ ਪੈਗਾਮ ਦਾ ਸੰਦੇਸ਼ ਹੈ। ਉਸਦੀ ਆਵਾਜ ਜਿੰਨੀ ਪਾਕਿਸਤਾਨ ਦੇ ਤਾਲੀਬਾਨੀ ਜਰਵਾਣਿਆਂ ਵਿਰੁੱਧ ਹੈ, ਉੱਨੀ ਹੈ ਕੈਨੇਡਾ ਵਿੱਚ ਬੁਨਿਆਦੀ ਮਨੁੱਖੀ ਅਧਿਕਾਰਾਂ ਤੋਂ ਵਿਰਵੀਆਂ ਹੋਈਆਂ ਸੈਂਕੜੇ ਮੂਲਵਾਸੀ ਔਰਤਾਂ ਦੇ ਹੱਕ ਵਿੱਚ ਹੈ। ਸਾਨੂੰ ਕੈਨੇਡਾ ਵਾਸੀਆਂ ਨੂੰ ਮਲਾਲਾ ਦੀ ਹਿੰਮਤ ਦੀ ਤਾਰੀਫ ਕਰਕੇ ਖੁਸ਼ ਹੋਣ ਤੱਕ ਸੀਮਤ ਨਹੀਂ ਹੋਣਾ ਚਾਹੀਦਾ ਕਿਉਂਕਿ ਅਜਿਹੀ ਫੋਕੀ ਗੱਲ ਨਾਲ ਨਾ ਮਲਾਲਾ ਦੇ ਕਾਰਜ ਦੀ ਪੂਰਤੀ ਹੋਵੇਗੀ ਅਤੇ ਨਾ ਹੀ ਸਾਡੇ ਸਮਾਜ ਵਿੱਚ ਪਾਈਆਂ ਜਾਂਦੀਆਂ ਬੁਰਾਈਆਂ ਦਾ ਅੰਤ ਹੋ ਸਕੇਗਾ। ਆਖਦੇ ਹਨ ਕਿ ਚੰਗਿਆਈ ਨੂੰ ਵੇਖਣ ਦਾ ਸਹੀ ਲਾਭ ਤਾਂ ਹੀ ਹੈ ਜੇਕਰ ਉਸਨੂੰ ਤੱਕ ਕੇ ਸਾਨੂੰ ਆਪਣੀਆਂ ਅੰਦਰੂਨੀ ਬੁਰਾਈਆਂ ਧੋ ਸੱਕਣ ਦੀ ਪ੍ਰੇਰਨਾ ਅਤੇ ਤਾਕਤ ਮਿਲੇ ਵਰਨਾ ਚੰਗਿਆਈ ਮਹਿਜ਼ ਇੱਕ ਭੁਲੇਖਾ ਹੈ। ਇਸ ਦ੍ਰਿਸ਼ਟੀਕੋਣ ਤੋਂ ਕੈਨੇਡਾ ਵਿੱਚ ਮਨੁੱਖੀ ਤਸਕਰੀ, ਜਿਸਮਾਨੀ ਸੋਸ਼ਣ ਵਰਗੀਆਂ ਅਲਾਮਤਾਂ ਦਾ ਸਿ਼ਕਾਰ ਹੋ ਰਹੀਆਂ ਕੈਨੇਡੀਅਨ ਔਰਤਾਂ ਨੂੰ ਹੱਕ ਬਣਦਾ ਹੈ ਕਿ ਉਹਨਾਂ ਦੇ ਹਮ-ਵਤਨ ਭਾਵ ਅਸੀਂ ਸਮੂਹ ਕੈਨੇਡੀਅਨ ਇਹਨਾਂ ਪੀੜਤ ਔਰਤਾਂ ਵਿੱਚੋਂ ਕਿਸੇ ਨੂੰ ਮਲਾਲਾ ਬਣਨ ਦਾ ਅਵਸਰ ਪ੍ਰਦਾਨ ਕਰੀਏ।

ਜਿਸ ਵਿਸ਼ਵ ਵਿੱਚ ਮਲਾਲਾ ਉੱਤੇ ਹਮਲਾ ਕਰਨ ਵਾਲੇ ਅਸਲ ਦੋਸ਼ੀ ਹਾਲੇ ਤੱਕ ਫੜੇ ਨਹੀਂ ਗਏ ਅਤੇ ਜਿਹੜੇ ਫੜੇ ਗਏ ਸਨ ਉਹਨਾਂ ਨੂੰ ਸਮੇਂ ਦੀ ਸਰਕਾਰ ਚੁੱਪ ਚੁਪੀਤੇ ਰਿਹਾਅ ਕਰ ਚੁੱਕੀ ਹੈ, ਜਿਸ ਵਿਸ਼ਵ ਵਿੱਚ ਨਾਈਜੀਰੀਆ ਦੇ ਬੋਕੋ ਹਰਾਮ ਵਰਗੇ ਅਤਿਵਾਦੀ ਗਰੁੱਪ ਸੈਂਕੜੇ ਬੇਕਸੂਰ ਰੱਬ ਦੀਆਂ ਜਾਈਆਂ ਨੂੰ ਪਲ ਦੇ ਫੋਰ ਵਿੱਚ ਅਗਵਾ ਕਰ ਲੈਂਦੇ ਹਨ ਅਤੇ ਰਿਹਾਅ ਹੋਣ ਤੋਂ ਸਾਲਾਂ ਬਾਅਦ ਵੀ ਇਹ ਧੀਆਂ ਸਮਾਜਕ ਨਮੋਸ਼ੀ ਦਾ ਜੀਵਨ ਜਿਊ ਰਹੀਆਂ ਹਨ, ਉਸ ਵਿਸ਼ਵ ਵਿੱਚ ਸੁਧਾਰ ਵਾਸਤੇ ਇੱਕ ਮਲਾਲਾ ਦਾ ਹੋਣਾ ਕਾਫੀ ਨਹੀਂ ਹੈ। ਐਸੇ ਵਿਸ਼ਵ ਵਿੱਚ ਮੁਸਲਾਮਾਨ ਅਤਿਵਾਦੀਆਂ ਨਾਲ ਈਮਾਨ ਸਾਂਝਾ ਨਾ ਕਰਨ ਦੀ ਜੁਰੱਅਤ ਕਰਨ ਵਾਲੀ ਇੱਕ ਮਲਾਲਾ ਨਹੀਂ ਸਗੋਂ ਧਰਮ ਦੇ ਨਾਮ ਉੱਤੇ ਬੇਦੋਸਿ਼ਆਂ ਦਾ ਕਤਲ ਕਰਨ ਵਾਲੇ ਹਰ ਧਰਮ ਵਿੱਚ ਮੌਜੂਦ ਅਤਿਵਾਦੀਆਂ ਨਾਲ ਈਮਾਨ ਸਾਂਝਾ ਨਾ ਕਰਨ ਦੀ ਹਿੰਮਤ ਰੱਖਣ ਵਾਲੀਆਂ ਸੈਂਕੜੇ ਲੱਖਾਂ ਮਲਾਲਾ ਲੋੜੀਂਦੀਆਂ ਹਨ।