ਕੈਨੇਡੀਅਨ ਸਿਆਸਤ ਨੂੰ ਗੋਡਿਆਂ ਪਰਨੇ ਕਰ ਰਹੀ ਹਨੇਰੀ?

ਹਾਲੀਵੁੱਡ ਦੇ ਪ੍ਰਸਿੱਧ ਨਿਰਮਾਤਾ ਹਾਰਵੀ ਵੀਅਨਸਟੀਨ ਵਿਰੁੱਧ ਐਕਸਟਰੈਸ ਅਲਿਸਾ ਮਿਲਾਨੋ ਨੇ ਜਿਸ ਵੇਲੇ ਸੈਕਸੁਅਲ ਅਸਾਟਲ ਦੇ ਦੋਸ਼ ਲਾਏ ਤਾਂ ਕਿਸੇ ਨੂੰ ਚਿੱਤ ਚੇਤੇ ਨਹੀਂ ਸੀ ਕਿ ਇਸ ਸਾਰਾ ਮਾਮਲੇ ਦੇ ਸਿੱਟੇ ਅਜਿਹੇ ਨਿਕਲਣਗੇ ਕਿ ਵੱਡੇ ਵੱਡੇ ਧਨੰਤਰਾਂ ਦੇ ਕਿਲੇ ਹਿੱਲ ਜਾਣਗੇ ਅਲਿਸਾ ਨੇ ਆਪਣੇ ਟਵਿੱਟਰ ਹੈਸ਼ਟੈਗ me too ਉੱਤੇ ਲਿਖਿਆ ਸੀ, “ਜੇ ਸਾਰੀਆਂ ਔਰਤਾਂ ਜੋ ਸੈਕਸੁਅਲ ਬਦਸਲੂਕੀ ਜਾਂ ਸੈਕਸੁਅਲ ਅਸਾਲਟ ਦਾ ਸਿ਼ਕਾਰ ਹੋਈਆਂ ਹਨ, ਆਪਣੇ ਸਟੈਸਟ ਉੱਤੇ me too ਲਿਖਣ ਤਾਂ ਅਸੀਂ ਲੋਕਾਂ ਨੂੰ ਇਹ ਅੰਦਾਜ਼ਾ ਲਾਉਣ ਵਿੱਚ ਮਦਦ ਕਰ ਸਕਦੇ ਹਾਂ ਕਿ ਇਹ ਸਮੱਸਿਆ ਕਿੰਨੀ ਵੱਡੀ ਹੈ

 ਦਿਨਾਂ ਵਿੱਚ ਮਿਲੀਅਨਾਂ ਹੀ ਲੋਕਾਂ ਨੇ ਆਪਣੇ ਟੱਵਿਟਰ, ਫੇਸਬੁੱਕ ਅਤੇ ਇਨਸਟਾਗਰਾਮ ਵਰਗੇ ਸੋਸ਼ਲ ਮੀਡੀਆ ਉੱਤੇ me too ਹੈਸ਼ਟੈਗ ਇਹ ਲਿਖਦੇ ਹੋਏ ਸਾਂਝਾ ਕੀਤਾ ਕਿ ਉਹ ਵੀ ਸੈਕਸੁਅਲ ਧੱਕੇਸ਼ਾਹੀ ਦਾ ਸਿ਼ਕਾਰ ਹੋਏ ਹਨ ਅਸਲ ਵਿੱਚ me too ਹੈਸ਼ਟੈਗ ਦਾ ਆਰੰਭ 2006 ਵਿੱਚ ਸੋਸ਼ਲ ਐਕਟਵਿਸਟ ਤਾਰਾਨਾ ਬਰਕ (Tarana Burke) ਨੇ ਆਰੰਭ ਕੀਤਾ ਸੀ ਬਰਕ ਦਾ ਆਖਣਾ ਹੈ ਕਿ ਉਸਨੇ ਇਹ ਹੈਸ਼ਟੈਗ ਇਸ ਲਈ ਆਰੰਭ ਕੀਤਾ ਕਿਉਂਕਿ ਇੱਕ 13 ਸਾਲਾ ਬੱਚੀ ਨੇ ਆਪਣੇ ਨਾਲ ਹੋਈ ਬਦਸਲੂਕੀ ਦੀ ਗੱਲ ਸਾਂਝੀ ਕੀਤੀ ਪਰ ਉਹ ਹਾਲਾਤਾਂ ਵੱਸ ਕੁੱਝ ਕਰ ਨਾ ਸਕੀ ਬਾਅਦ ਵਿੱਚ ਉਸਦੇ ਜਿ਼ਹਨ ਵਿੱਚ ਖਿਆਲ ਆਇਆ ਕਿ ਕਾਸ਼ ਮੈਂ ਉਸ ਬੱਚੀ ਨੂੰ ਆਖ ਸਕਦੀ me too ਭਾਵ ਜੋ ਤੇਰੇ ਨਾਲ ਹੋਇਆ ਹੈ, ਉਹ ਮੇਰੇ ਨਾਲ ਵੀ ਹੋਇਆ ਹੈ

 ਇੱਕ ਰਿਪੋਰਟ ਮੁਤਾਬਕ 2017 ਵਿੱਚ ਅਮਰੀਕਾ ਦੀਆਂ 54% ਔਰਤਾਂ ਨੇ ਸੈਕਸੁਅਲ ਬਦਸਲੂਕੀ ਦਾ ਸਿ਼ਕਾਰ ਹੋਣ ਦੀ ਗੱਲ ਕਬੂਲ ਕੀਤਾ ਅਤੇ 95% ਮਹਿਸੂਸ ਕਰਦੀਆਂ ਹਨ ਕਿ ਦੋਸ਼ੀ ਨੂੰ ਕੁੱਝ ਨਹੀਂ ਹੋ ਸਕਦਾ ਕਿਉਂਕਿ ਉਹ ਸੱਤਾ ਵਿੱਚ ਹੁੰਦਾ ਹੈ, ਮਸ਼ਹੂਰ ਹਸਤੀ ਹੁੰਦਾ ਹੈ ਅਤੇ ਉਸ ਕੋਲ ਲੋਕਾਂ ਖਾਸ ਕਰਕੇ ਔਰਤਾਂ ਦੇ ਜੀਵਨ ਨੂੰ ਪ੍ਰਭਾਵਿਤ ਕਰਨ ਦੀ ਸ਼ਕਤੀ ਹੁੰਦੀ ਹੈ ਇਸ me too ਮੁਹਿੰਮ ਦੇ ਸਿੱਟੇ ਵਜੋਂ 1 ਜਨਵਰੀ 2018 ਤੋਂ ਇੱਕ ਹੋਰ ਮੁਹਿੰਮ  Time’s Up ਆਰੰਭ ਹੋ ਚੁੱਕੀ ਹੈ ਇਸਦਾ ਮਕਸਦ ਸੈਕਸੁਅਲ ਧੱਕੇਸ਼ਾਹੀ ਖਿਲਾਫ਼ ਅੰਦੋਲਨ ਖੜਾ ਕਰਨਾ ਹੈ

 ਅਗਸਤ 2017 ਵਿੱਚ ਜਦੋਂ me too ਮੁਹਿੰਮ ਆਰੰਭ ਹੋਈ ਸੀ ਉਸ ਵੇਲੇ ਕਿਸੇ ਨੂੰ ਚਿੱਤ ਚੇਤੇ ਵੀ ਨਹੀਂ ਸੀ ਕਿ ਇਸ ਨਾਲ ਐਨੀ ਸੰਵੇਦਨਸ਼ੀਲਤਾ ਫੈਲ ਜਾਵੇਗੀ ਜੋ ਕੈਨੇਡਾ ਵਿੱਚ ਵੀ ਸਿਆਸਤਦਾਨਾਂ ਅਤੇ ਹੋਰ ਖੇਤਰਾਂ ਵਿੱਚ ਕੰਮ ਕਰਨ ਵਾਲੇ ਵੱਡੇ ਵੱਡੇ ਮਹਾਰਥੀਆਂ ਨੂੰ ਚਿੱਤ ਕਰਨ ਤਾਕਤ ਧਾਰਨ ਕਰ ਲਵੇਗੀ

 ਇਹ me too ਦਾ ਹੀ ਅਸਰ ਹੈ ਕਿ ਕੈਨੇਡਾ ਵਿੱਚ ਵੀ ਔਰਤਾਂ ਆਪਣੇ ਨਾਲ ਹੋਏ ਧੱਕੇ ਬਾਰੇ ਗੱਲ ਕਰਨ ਲਈ ਖੁੱਲ ਮਹਿਸੂਸ ਕਰਨ ਲੱਗੀਆਂ ਹਨ ਮਾਂਟਰੀਅਲ ਦੇ Just for Laughs comedy festival ਦੇ ਗਿਲਬਰਟ ਰੋਜ਼ੋਨ, ਟੈਲੀਵਿਜ਼ਨ ਸਟਾਰ ਐਰਿਕ ਸਾਲਵੇਲ, Soulpepper Theater ਦੇ ਅਲਬਰਟ ਸ਼ੂਲਜ਼ (Albert Schultz) ਆਦਿ ਉਹ ਹਸਤੀਆਂ ਹਨ ਜਿਹਨਾਂ ਦੇ ਕੈਰੀਅਰ ਸੈਕੁਸਅਲ ਬਦਸਲੂਕੀ ਦੋਸ਼ਾਂ ਕਾਰਣ ਖੱਡੇ ਵਿੱਚ ਜਾ ਪਏ ਇਹਨਾਂ ਵੱਲ ਕਿਸੇ ਨੇ ਅੱਖ ਤੱਕ ਚੁੱਕ ਕੇ ਨਹੀਂ ਸੀ ਵੇਖਣੀ ਜੇ me too ਮੁਹਿੰਮ ਨੇ ਔਰਤਾਂ ਵਾਸਤੇ ਆਪਣੀ ਗੱਲ ਕਰਨ ਦੇ ਮਾਹੌਲ ਨੂੰ ਪੈਦਾ ਨਾ ਕੀਤਾ ਹੁੰਦਾ ਪਰ ਇਸ ਮੁਹਿੰਮ ਨੇ ਸੱਭ ਤੋਂ ਵੱਡਾ ਧਮਾਕਾ ਕੈਨੇਡੀਅਨ ਸਿਆਸਤ ਵਿੱਚ ਵਪਰਾਇਆ

 ਸੱਭ ਤੋਂ ਪਹਿਲਾਂ ਨੋਵਾ ਸਕੋਸ਼ੀਆ ਵਿੱਚ ਕੰਜ਼ਰਵੇਟਿਵ ਪਾਰਟੀ ਦੇ ਲੀਡਰ ਜੇਮੀ ਬੇਲੀ (Jamie Baillie) ਨੂੰ ਆਪਣੀ ਗੱਦੀ ਤੋਂ ਲਾਂਭੇ ਹੋਣਾ ਪਿਆ ਹਾਲੇ ਜੇਮੀ ਬੇਲੀ ਦੀ ਗੱਲ ਠੰਡੀ ਵੀ ਨਹੀਂ ਸੀ ਹੋਈ ਕਿ ਉਂਟੇਰੀਓ ਪ੍ਰੋਵਿੰਸ਼ੀਅਲ ਟੋਰੀ ਲੀਡਰ ਪੈਟਰਿਕ ਬਰਾਊਨ ਨੂੰ ਨਮੋਸ਼ੀ ਭਰੇ ਮਾਹੌਲ ਵਿੱਚ ਸੱਭ ਕੁੱਝ ਛੱਡ ਕੇ ਭੱਜਣਾ ਪਿਆ ਪੈਟਰਿਕ ਦੇ ਜਾਣ ਤੋਂ ਬਾਅਦ ਟੋਰੀ ਪਾਰਟੀ ਨੂੰ ਮੁੜ ਪੈਰਾਂ ਸਿਰ ਕਰਨ ਲਈ ਜਿਸ ਲੀਡਰ ਦਾ ਸੱਭ ਤੋਂ ਅਹਿਮ ਰੋਲ ਸੀ, ਉਹ ਸੀ ਪਾਰਟੀ ਪ੍ਰਧਾਨ ਰਿੱਕ ਡਾਇਕਸਟਰਾ ਦੋ ਦਿਨ ਦੇ ਅੰਦਰ ਹੀ ਡਾਇਕਸਟਰਾ ਵੀ ਆਪਣੇ ਪਿਆਰੇ ਮਿੱਤਰ ਪੈਟਰਿਕ ਬਰਾਊਨ ਦੀ ਪੈੜ ਵਿੱਚ ਪੈਰ ਰੱਖਦਾ ਹੋਇਆ ਸੈਕਸੁਅਲ ਬਦਸਲੂਕੀ ਦੇ ਦੋਸ਼ਾਂ ਸਦਕਾ ਨਮੋਸ਼ੀ ਦੇ ਹਨੇਰੇ ਵੱਲ ਕੂਚ ਕਰ ਗਿਆ ਹੈ

 ਜਿਸ ਦਿਨ ਪੈਟਰਿਕ ਬਰਾਊਨ ਦਾ ਕਿੱਸਾ ਗਰਮਾਇਆ ਹੋਇਆ ਸੀ, ਲਿਬਰਲ ਪਾਰਟੀ ਵੱਲੋਂ ਆਪਣੇ ਇੱਕ ਫੈਡਰਲ ਮੰਤਰੀ ਕੈਂਟ ਹੈਰ (Kent Herr) ਨੂੰ ਜਲਦੀ ਤੋਂ ਜਲਦੀ ਲਾਂਭੇ ਕਰਨ ਲਈ ਕਾਹਲ ਭਰੀਆਂ ਯੋਜਨਾਵਾਂ ਬਣਾਈਆਂ ਜਾ ਰਹੀਆਂ ਸਨ ਕਾਹਲ ਐਨੀ ਕਿ ਪ੍ਰਧਾਨ ਮੰਤਰੀ ਨੂੰ ਡੇਵੋਸ (ਸਵਿੱਟਰਜ਼ਲੈਂਡ) ਤੋਂ ਕਾਰਵਾਈ ਕਰਨ ਦਾ ਸੰਕੇਤ ਦੇਣਾ ਪਿਆ ਜਿਸਦਾ ਸਿੱਧਾ ਅਰਥ ਸੀ ਕਿ ਮੰਤਰੀ ਵਜੋਂ ਕੈਂਟ ਹੈਰ ਹੁਣ ਚੰਦ ਕੁ ਘੰਟਿਆਂ ਦਾ ਹੀ ਮਹਿਮਾਨ ਹੈ 

ਹਾਲਾਤ ਐਨੇ ਨਾਜ਼ੁਕ ਹਨ ਕਿ ਕੱਲ ਖ਼ਬਰਾਂ ਆਈਆਂ ਹਨ ਕਿ ਗਰੀਨ ਪਾਰਟੀ ਦੀ ਨੇਤਾ ਐਲਿਜ਼ਾਬੈਥ ਮੇਅ ਨੇ ਇੱਕ ਵਕੀਲ ਨੂੰ ਫੀਸ ਦੇ ਕੇ ਖੁਦ ਬਾਰੇ ਜਾਂਚ ਕਰਨ ਲਈ ਕਿਹਾ ਹੈ ਤਾਂ ਜੋ ਪਤਾ ਲੱਗ ਸਕੇ ਕਿ ਉਸਨੇ ਆਪਣੇ ਦਫ਼ਤਰ ਦੇ ਕਿਸੇ ਸਟਾਫ਼ ਨਾਲ ਧੱਕੇਸ਼ਾਹੀ ਕੀਤੀ ਜਾਂ ਨਹੀਂ ਕੀਤੀ ਬੇਸ਼ੱਕ ਐਲਿਜ਼ਾਬੈਥ ਦਾ ਕਿੱਸਾ ਸੈਕਸੁਅਲ ਬਦਸਲੂਕੀ ਬਾਬਤ ਨਹੀਂ ਹੈ ਪਰ ਜੇ ਮੇਅ ਇੱਕ ਮਰਦ ਸਿਆਸਤਦਾਨ ਹੁੰਦੀ ਤਾਂ ਸ਼ਇਦ ਅੱਜ ਖਬ਼ਰਾਂ ਕੁੱਝ ਵੱਖਰੀ ਰੰਗਤ ਵਾਲੀਆਂ ਰਹੀਆਂ ਹੁੰਦੀਆਂ