ਕੈਨੇਡੀਅਨ ਪਾਰਲੀਮੈਂਟ ਵਿਖੇ ਵਿਸਾਖੀ ਨੂੰ ਸਪ੍ਰਪਿਤ ਭੋਗ ਅਤੇ ਕੀਰਤਨ

Vaishakhi on parliament hillਓਟਾਵਾ ਪੋਸਟ ਬਿਉਰੋ: ਪੰਜਾਬੀ ਮੂਲ ਦੇ ਪਾਰਲੀਮੈਂਟ ਮੈਂਬਰਾਂ ਵੱਲੋਂ ਖਾਲਸੇ ਦੇ ਜਨਮ ਦਿਹਾੜੇ ਵਿਸਾਖੀ ਨੂੰ ਸਪ੍ਰਪਿਤ ਆਖੰਡ ਪਾਠ ਦੇ ਭੋਗ ਅਤੇ ਕੀਰਤਨ ਦਾ ਆਯੋਜਿਨ ਪਾਰਲੀਮੈਂਟ ਵਿੱਚ ਕਰਵਾਇਆ ਗਿਆ। ਆਖੰਡ ਪਾਠ ਦਿਨ ਸ਼ਨਿਚਰਵਾਰ ਨੂੰ ਆਰੰਭ ਹੋਏ ਅਤੇ ਸੋਮਵਾਰ ਨੂੰ ਭੋਗ ਪਾਏ ਗਏ ਜਿਸ ਉਪਰੰਤ ਕੀਰਤਨ ਦਰਬਾਰ ਸਜਾਇਆ ਗਿਆ। ਇਸ ਮੌਕੇ ਪੰਜਾਬੀ ਮੂਲ ਦੇ ਸਮੂਹ ਪਾਰਲੀਮੈਂਟ ਮੈਂਬਰਾਂ ਤੋਂ ਇਲਾਵਾ ਕਈ ਹੋਰ ਐਮ ਪੀ ਵੀ ਪੁੱਜੇ ਹੋਏ ਸਨ। ਕੈਨੇਡਾ ਦੇ ਵੱਖ ਵੱਖ ਹਿੱਸਿਆਂ ਤੋਂ ਆਏ ਢਾਈ ਤੋਂ ਤਿੰਨ ਦੇ ਕਰੀਬ ਸਿੱਖ ਸ਼ਰਧਾਲਆਂ ਨੇ ਵੀ ਆਪਣੀ ਹਾਜ਼ਰੀ ਭਰੀ।

ਪਾਰਲੀਮੈਂਟ ਅਹਾਤੇ ਦੇ ਲਾਗੇ 180 ਵੈਲਗਿੰਟਨ ਸਟਰੀਟ ਉੱਤੇ ਸਥਿਤ ਮੈਕਡਾਨਲਡ ਬਲਾਕ ਵਿੱਚ ਹੋਏ ਇਸ ਸਮਾਗਮ ਵਿੱਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਸ਼ਾਮਲ ਨਹੀਂ ਹੋ ਸਕੇ। ਇਹ ਦੋਵੇਂ ਅੱਜ ਕੱਲ ਵਿਮੀ ਰਿੱਜ ਦੇ ਸ਼ਤਾਬਦੀ ਸਮਾਗਮਾਂ ਵਿੱਚ ਭਾਗ ਲੈਣ ਲਈ ਫਰਾਂਸ ਪੁੱਜੇ ਹੋਏ ਹਨ।

ਇਸ ਮੌਕੇ ਇੱਕਤਰ ਧਾਰਮਿਕ ਸਭਾ ਨੂੰ ਹਾਊਸ ਆਫ ਕਾਮਨਜ਼ ਵਿੱਚ ਸਰਕਾਰੀ ਪੱਖ ਦੀ ਨੇਤਾ (ਮੰਤਰੀ ਅਹੁਦਾ) ਬਰਦੀਸ਼ ਕੌਰ ਚੱਗੜ ਅਤੇ ਓਟਾਵਾ ਸਿੱਖ ਸੁਸਾਇਟੀ ਦੇ ਪ੍ਰਧਾਨ ਰਾਮ ਸਰੂਪ ਸਿੰਘ ਨੇ ਸੰਬੋਧਨ ਕੀਤਾ। ਇਸ ਸਮਾਗਮ ਨੂੰ ਪਾਰਲੀਮੈਂਟ ਮੈਂਬਰਾਂ ਦੀ ਤਰਫ ਤੋਂ ਓਟਾਵਾ ਸਿੱਖ ਸੁਸਾਇਟੀ ਨੇ ਆਯਜਿਤ ਕੀਤਾ।

ਇਸ ਮੌਕੇ ਇੰਡੀਅਨ ਹਾਈ ਕਮਿਸ਼ਨਰ ਵਿਕਾਸ ਸਰੂਪ ਨੇ ਵੀ ਹਾਜ਼ਰੀ ਭਰੀ ਅਤੇ ਉਹਨਾਂ ਦੀ ਹਾਜ਼ਰੀ ਨੂੰ ਸਟੇਜ ਤੋਂ ਕਬੂਲ ਕੀਤਾ ਗਿਆ। ਪੰਜਾਬੀ ਪੱਤਰਕਾਰ ਬੌਬ ਦੁਸਾਂਝ ਨਾਲ ਗੱਲਬਾਤ ਕਰਦੇ ਹੋਏ ਜਿੱਥੇ ਹਾਈ ਕਮਿਸ਼ਨਰ ਨੇ ਵਿਸਾਖੀ ਦੀਆਂ ਮੁਬਾਰਕਾਂ ਪੇਸ਼ ਕੀਤੀਆਂ, ਊਸਦੇ ਨਾਲ ਹੀ ਆਸ ਪ੍ਰਗਟ ਕੀਤੀ ਕਿ ਆਉਣ ਵਾਲੇ ਸਮੇਂ ਵਿੱਚ ਭਾਰਤ-ਕੈਨੇਡਾ ਸਬੰਧ ਹੋਰ ਵੀ ਮਜ਼ਬੂਤ ਹੋਣਗੇ। ਹਾਲ ਵਿੱਚ ਹੀ ਨਿਯੁਕਤ ਕੀਤੇ ਗਏ ਸਿੱਖ ਸੀਨੇਟਰ ਸਾਬੀ ਮਰਵਾਹਾ ਨੇ ਵੀ ਇਸ ਸਮਾਗਮ ਵਿੱਚ ਹਾਜ਼ਰੀ ਲੁਆਈ।