ਕੈਨੇਡਾ ਵਿੱਚ ਵਿਆਹ ਬਾਰੇ ਬਦਲਦੀਆਂ ਧਾਰਨਾਵਾਂ

ਬੀਤੇ ਦਿਨੀਂ ਐਂਗਸ ਰੀਡ ਵੱਲੋਂ ਕਰਵਾਏ ਗਏ ਇੱਕ ਸਰਵੇਖਣ ਵਿੱਚ ਪਾਇਆ ਗਿਆ ਕਿ 53% ਕੈਨੇਡੀਅਨਾਂ ਦਾ ਖਿਆਲ ਹੈ ਕਿ ਵਿਆਹ ਕਰਵਾਉਣਾ ਮਨੁੱਖੀ ਜੀਵਨ ਲਈ ਕੋਈ ਮਹੱਤਤਾ ਵਾਲਾ ਕੰਮ ਨਹੀਂ ਹੈ। 76% ਕੈਨੇਡੀਅਨਾਂ ਦਾ ਖਿਆਲ ਹੈ ਕਿ ਵਿਆਹ ਦੀ ਸੰਸਥਾ ਨੂੰ ਮਜ਼ਬੂਤ ਰੱਖਣ ਵਿੱਚ ਧਰਮ ਦਾ ਕੋਈ ਰੋਲ ਨਹੀਂ ਹੈ। ਇਹ ਵੱਖਰੀ ਗੱਲ ਹੈ ਕਿ ਬਹੁ ਗਿਣਤੀ ਕੈਨੇਡੀਅਨ ਹਾਲੇ ਵੀ ਵਿਆਹ ਕਿਸੇ ਧਾਰਮਿਕ ਮਰਿਆਦਾ ਅਨੁਸਾਰ ਕਰਦੇ ਹਨ ਪਰ ਜਾਪਦਾ ਹੈ ਕਿ ਧਾਰਮਿਕ ਰਸਮ ਕਰਨਾ ਮਹਿਜ਼ ਇੱਕ ਮਜ਼ਬੂਰੀ ਹੈ ਨਾ ਕਿ ਧਰਮ ਦੀ ਗੱਲ ਦੀ ਪਾਲਣਾ ਕਰਨਾ।

ਇਸ ਕਿਸਮ ਦੀਆਂ ਪੈਦਾ ਹੋ ਰਹੀਆਂ ਨਵੀਆਂ ਪਿਰਤਾਂ ਵਿੱਚ ਨਵੀਂ ਪੀੜੀ ਦੇ ਨੌਜਵਾਨਾਂ ਨੂੰ ਕਈ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਮਿਸਾਲ ਵਜੋਂ ਪਰਵਾਸੀ ਭਾਈਚਾਰੇ ਦੇ ਬਹੁਤ ਨੌਜਵਾਨ ਲੜਕੇ ਲੜਕੀਆਂ ਲਈ ਮਾਨਸਿਕ ਸਮੱਸਿਆ ਬਣਦੀ ਜਾ ਰਹੀ ਹੈ ਕਿ ਅਰੈਂਜ਼ਡ ਮੈਰਿਜ ਭਾਵ ਮਾਪਿਆਂ ਵੱਲੋਂ ਤੈਅ ਕੀਤੇ ਰਿਸ਼ਤੇ ਉਹਨਾਂ ਨੂੰ ਪਸੰਦ ਨਹੀਂ ਆਉਂਦੇ ਅਤੇ ਖੁਦ ਹਾਣੀ ਲੱਭਣ ਦੀ ਉਮਰ ਉਹ ਕੈਰੀਅਰ ਨੂੰ ਸਥਾਪਤ ਕਰਨ ਦੇ ਚੱਕਰ ਵਿੱਚ ਗੁਆ ਬੈਠਦੇ ਹਨ। ਅੱਜ ਕੱਲ 32-34 ਸਾਲ ਤੱਕ ਵਿਆਹ ਨਾ ਕਰਵਾਉਣਾ ਇੱਕ ਫੈਸ਼ਨ ਬਣਦਾ ਜਾ ਰਿਹਾ ਹੈ। ਦੇਰੀ ਨਾਲ ਕੀਤੇ ਅਜਿਹੇ ਵਿਆਹ ਜੇ ਟੁੱਟ ਜਾਣ ਤਾਂ ਦੁਬਾਰਾ ਵਿਆਹੁਤਾ ਜੀਵਨ ਦੀ ਗੱਡੀ ਦਾ ਲੀਹ ਉੱਤੇ ਆਉਣਾ ਔਖਾ ਹੋ ਜਾਂਦਾ ਹੈ। ਮਾਪੇ ਆਪਣੀ ਥਾਂ ਝੂਰਦੇ ਹਨ ਅਤੇ ਬੱਚੇ ਆਪਣੀ ਥਾਂ ਸੰਘਰਸ਼ ਕਰਦੇ ਹਨ। ਇਸ ਸੱਭ ਕਾਸੇ ਦਾ ਨਤੀਜਾ ਨਿਕਲਦਾ ਹੈ ਕਿ ਜੀਵਨ ਵਿੱਚੋਂ ਖੁਸ਼ੀ ਖੰਬ ਲਾ ਕੇ ਉੱਡ ਜਾਂਦੀ ਹੈ। ਖਿੱਚ ਧੁਹ ਕੇ ਕੀਤੇ ਜਾਣ ਵਾਲੇ ਮਜਬੂਰੀ ਭਰੇ ਕੰਮ ਵਾਗੂੰ ਨਵੀਂ ਪੀੜੀ ਦੇ ਨੌਜਵਾਨਾਂ ਲਈ ਵਿਆਹ ਵੀ ਇੱਕ ਟਾਲੀ ਜਾ ਸੱਕਣ ਵਾਲੀ ਮਜਬੂਰੀ ਬਣਦਾ ਜਾ ਰਿਹਾ ਹੈ।

ਚੰਗਾ ਹੈ ਜਾਂ ਮੰਦਾ ਪਰ ਇੱਕ ਤੱਥ ਪਰਵਾਸੀ ਘੱਟ ਗਿਣਤੀ ਭਾਈਚਾਰਿਆਂ ਬਾਬਤ ਇਹ ਹੈ ਕਿ ਇਹਨਾਂ ਦੇ ਬਹੁ-ਗਿਣਤੀ ਮੈਂਬਰ ਹਾਲੇ ਵੀ (63%) ਵਿਆਹ ਨੂੰ ਇੱਕ ਜਰੂਰੀ ਰਸਮ ਮੰਨਦੇ ਹਨ। ਵਿਆਹ ਨੂੰ ਜਰੂਰੀ ਸਮਝਣ ਬਾਰੇ ਮੁੱਖ ਧਾਰਾ ਦੀ 53% ਦੇ ਮੁਕਾਬਲੇ ਪਰਵਾਸੀ ਭਾਈਚਾਰਿਆਂ ਦੀ 63%ਦਰ ਚੰਗੀ ਹੈ। ਪਰ ਲੱਗਭਗ 40 % ਘੱਟ ਗਿਣਤੀ ਨੌਜਵਾਨਾਂ  (young people belonging to minority communities in Canada) ਦਾ ਵਿਆਹ ਦੀ ਸੰਸਥਾ ਵਿੱਚ ਯਕੀਨ ਨਾ ਰੱਖਣਾ ਸ਼ਰਤੀਆ ਹੀ ਉਹਨਾਂ ਬਹੁ ਗਿਣਤੀ ਮਾਪਿਆਂ ਲਈ ਇੱਕ ਚੁਣੌਤੀ ਹੈ ਜੋ ਮਹਿਸੂਸ ਕਰਦੇ ਹਨ ਕਿ ਬੱਚਿਆਂ ਦੇ ਵਿਆਹ ਕਰਨੇ ਮਾਪਿਆਂ ਦੀ ਜੁੰਮੇਵਾਰੀ ਹੂੰਦੀ ਹੈ।

ਵਿਆਹ ਦੀ ਸੰਸਥਾ ਵਿੱਚ ਧਰਮ ਦੇ ਘੱਟ ਰਹੇ ਰੋਲ ਅਤੇ ਆਰਥਕਤਾ ਦੀਆਂ ਮਜਬੂਰੀਆਂ ਦਿਲਚਸਪ ਕੋਣ ਪੈਦਾ ਕਰਦੀਆਂ ਹਨ। ਸਿੱਖ, ਹਿੰਦੂ, ਮੁਸਲਮਾਨ ਆਦਿ ਰਿਵਾਇਤੀ ਭਾਈਚਾਰਿਆਂ (traditional religious communities )ਵਿੱਚ ਵਿਆਹ ਕਰਵਾਉਣਾ ਧਰਮ ਦਾ ਇੱਕ ਅਨਿੱਖੜਵਾਂ ਸ਼ਬਦ ਹੈ। ਮਿਸਾਲ ਵਜੋਂ ਹਿੰਦੂ ਅਤੇ ਸਿੱਖ ਮਾਨਤਾਵਾਂ ਮੁਤਾਬਕ ਵਿਆਹ ਦੋ ਆਤਮਾਵਾਂ ਦਾ ਮੇਲ ਹੈ ਅਤੇ ਵਿਆਹੁਤਾ ਜੀਵਨ ਪ੍ਰਮਾਤਮਾ ਨਾਲ ਮੇਲ ਲਈ ਇੱਕ ਲੋੜੀਂਦਾ ਪੜਾਅ ਹੈ। ਇਸ ਸੋਚ ਦੇ ਆਧਾਰ ਦਾ ਕਮਜ਼ੋਰ ਹੋਣਾ ਸਮੁੱਚੇ ਭਾਈਚਾਰੇ ਦੀ ਸਮਾਜਕ ਹੋਂਦ ਲਈ ਖਤਰਾ ਹੋ ਸਕਦਾ ਹੈ। ਸੁਆਲ ਇਹ ਵੀ ਹੈ ਕਿ ਅਜਿਹਾ ਵਾਪਰ ਕਿਉਂ ਰਿਹਾ ਹੈ? ਉਹ ਰੋਲ ਮਾਡਲ ਕਿੱਥੇ ਹਨ ਜੋ ਨਵੀਂ ਪੀੜੀ ਨੂੰ ਦੱਸ ਸੱਕਣ ਕਿ ਵਿਆਹ ਦੀ ਅਸਲ ਮਹੱਤਤਾ ਕੀ ਹੈ। ਕਿੱਥੇ ਹਨ ਉਹ ਲੋਕ ਜਿਹਨਾਂ ਦੇ ਜੀਵਨ ਨੂੰ ਵੇਖ ਕੇ ਅਗਲੀ ਪੀੜੀ ਸਮਝ ਸਕੇ ਕਿ ਜੀਵਨ ਵਿੱਚ ਵਿਆਹ ਕਰਨਾ ਸੁਖਦਾਈ ਚੀਜ਼ ਹੈ।

ਨਵੀਂ ਪੀੜੀ ਲਈ ਵਿਆਹ ਇੱਕ ਖਰਚੇ ਦਾ ਸਾਧਨ ਅਤੇ ਕੈਰੀਅਰ ਵਿੱਚ ਰੁਕਾਵਟ ਪੈਦਾ ਕਰਨ ਵਾਲੀ ਘਟਨਾ ਬਣਦਾ ਜਾ ਰਿਹਾ ਹੈ। ਇੱਕ ਸਰੇਵਖਣ ਮੁਤਾਬਕ 18 ਤੋਂ 34 % ਉਮਰ ਦੇ 70% ਕੈਨੇਡੀਅਨ ਸੋਚਦੇ ਹਨ ਕਿ ਜੇ ਵਿਆਹ ਕਰਨਾ ਸਸਤਾ ਹੋਵੇ ਤਾਂ ਚੰਗੀ ਗੱਲ ਹੈ। ਜੇ ਔਸਤਨ ਕੈਨੇਡੀਅਨ ਸ਼ਾਦੀ ਉੱਤੇ 10 ਤੋਂ 20 ਹਜ਼ਾਰ ਡਾਲਰ ਖਰਚ ਕਰਦੇ ਹਨ ਤਾਂ ਭਾਰਤੀ ਮੂਲ ਦੇ ਕੈਨੇਡੀਅਨ ਔਸਤਨ 80 ਹਜ਼ਾਰ ਤੋਂ 1 ਲੱਖ ਡਾਲਰ ਤੱਕ ਵਿਆਹ ਦੇ ਖਰਚਿਆਂ ਉੱਤੇ ਉਡਾ ਦੇਂਦੇ ਹਨ। ਇਸਤੋਂ ਬਾਅਦ ਤਲਾਕ ਹੋ ਜਾਵੇ ਤਾਂ ਸਮੁੱਚੇ ਪਰਿਵਾਰ ਦਾ ਹਿਸਾਬ ਕਿਤਾਬ ਹਿੱਲ ਕੇ ਰਹਿ ਜਾਂਦਾ ਹੈ।

ਆਧੁਨਿਕ ਜਮਾਨੇ ਵਿੱਚ ਵੱਡੀ ਸਮੱਸਿਆ ਹੈ ਕਿ ਵਿਆਹ ਨੂੰ ਜੋੜ ਕੇ ਰੱਖਣ ਵਾਲੇ ਰੋਲ ਮਾਡਲ ਘੱਟ ਅਤੇ ਇਸਦੇ ਉਲਟ ਵਿਆਹ ਦੇ ਟੁੱਟਣ ਨੂੰ ਫੈਸ਼ਨ ਵਜੋਂ ਪੇਸ਼ ਕਰਨ ਵਾਲਿਆਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਜਿੱਥੇ ਇਹ ਰੁਝਾਨ ਸਾਰੇ ਕੈਨੇਡੀਅਨਾਂ ਲਈ ਚੁਣੌਤੀ ਹੈ, ਉੱਥੇ ਇਹ ਰੁਝਾਨ ਪਰਵਾਸੀਆਂ ਲਈ ਇਹ ਹੋਰ ਵੀ ਵੱਡਾ ਸੰਕਟ ਬਣਦਾ ਜਾ ਰਿਹਾ ਹੈ ਜਿਸਦੇ ਹੱਲ ਕਈ ਕੋਈ ਜੱਥੇਬੰਦਕ ਯਤਨ ਹੁੰਦੇ ਨਜ਼ਰ ਨਹੀਂ ਆ ਰਹੇ।