ਕੈਨੇਡਾ ਵਿੱਚ ਨਕਲੀ ਡਿਗਰੀਆਂ ਦਾ ਜੰਜਾਲ

12 Fake degreesਸੀ ਬੀ ਸੀ (ਕੈਨੇਡੀਅਨ ਬਰਾਡਕਾਸਟਿੰਗ ਕਾਰਪੋਰੇਸ਼ਨ) ਦੇ ਇੱਕ ਸ਼ੋਅ ਦਾ ਨਾਮ ਮਾਰਕੀਟ ਪਲੇਸ (Marketplace) ਹੈ ਜੋ ਸਿਹਤ ਤੋਂ ਲੈ ਕੇ ਸੁਰੱਖਿਆ, ਫਰਾਡ ਆਦਿ ਉੱਤੇ ਪੜਤਾਲੀਆ ਰਿਪੋਰਟਿੰਗ ਪੇਸ਼ ਕਰਦਾ ਹੈ। ਬੀਤੇ ਦਿਨੀਂ ਮਾਰਕੀਟ ਪਲੇਸ ਨੇ ਸਾਹਮਣੇ ਲਿਆਂਦਾ ਕਿ ਵੱਡੀ ਗਿਣਤੀ ਵਿੱਚ ਕੈਨੇਡੀਅਨਾਂ ਦੀ ਸਿਹਤ ਨਾਲ ਇਸ ਲਈ ਖਿਲਵਾੜ ਹੋ ਰਿਹਾ ਹੋ ਸਕਦਾ ਹੈ ਕਿਉਂਕਿ ਉਹਨਾਂ ਦਾ ਇਲਾਜ ਕਰਨ ਵਾਲੇ ਡਾਕਟਰ, ਨਰਸਾਂ, ਮਨੋਵਿਗਿਆਨਕ, ਮਨੋਚਕਿਤਕਸਕ ਜਾਂ ਡਾਕਟਰੀ ਉਤਪਾਦ ਬਣਾਉਣ ਵਾਲੇ ਇੰਜਨੀਅਰਾਂ ਨੇ ਅਸਲ ਵਿੱਚ ਆਪਣੇ ਕਿੱਤੇ ਦੀ ਪੜਾਈ ਕੀਤੀ ਹੀ ਨਾ ਹੋਵੇ। ਇਹ ਅਜਿਹੇ ਫਰਾਡੀਏ ਹੋ ਸਕਦੇ ਹਨ ਜਿਹਨਾਂ ਨੇ ਨਕਲੀ ਡਿਗਰੀਆਂ ਖਰੀਦ ਕੇ ਆਪਣਾ ਧੰਦਾ ਚਲਾਇਆ ਹੁੰਦਾ ਹੈ। ਮਾਰਕੀਟ ਪਲੇਸ ਮੁਤਾਬਕ ਨਕਲੀ ਡਿਗਰੀਆਂ ਦੇ ਇਸ ਖੌਫਨਾਕ ਵਿਉਪਾਰ ਦਾ ਤੰਤਰਜਾਲ ਬਹੁਤ ਵੱਡਾ ਹੈ ਜਿਸ ਵਿੱਚੋਂ ਇੱਕ ਵੱਡਾ ਸ੍ਰੋਤ ਪਾਕਿਸਤਾਨ ਵਿੱਚ ਆਧਾਰਿਤ ਕੰਪਨੀ ਹੈ।

ਸੀ ਬੀ ਸੀ ਦੀ ਮਾਰਕੀਟ ਪਲੇਸ ਟੀਮ ਵੱਲੋਂ ਹਜ਼ਾਰਾਂ ਡਿਗਰੀਆਂ ਦੀ ਪੁਣਛਾਣ ਕਰਨ, ਸਬੰਧਿਤ ਲੋਕਾਂ ਦੀ ਨਿੱਜੀ ਜਾਣਕਾਰੀ ਨੂੰ ਘੋਖਣ ਤੋਂ ਬਾਅਦ ਸਿੱਟਾ ਕੱਢਿਆ ਗਿਆ ਕਿ 800 ਤੋਂ ਵੱਧ ਕੈਨੇਡੀਅਨਾਂ ਨੇ ਫਰਜ਼ੀ ਡਿਗਰੀਆਂ ਖਰੀਦੀਆਂ ਹੋ ਸਕਦੀਆਂ ਹਨ।

ਪਾਕਿਸਤਾਨ ਦੀ ਆਰਥਕ ਰਾਜਧਾਨੀ ਕਰਕੇ ਜਾਣੇ ਜਾਂਦੇ ਸ਼ਹਿਰ ਕਰਾਚੀ ਵਿੱਚ ਇੱਕ ਸੌਫਟਵੇਅਰ ਕੰਪਨੀ ਐਗਜੈਕਟ (Exact) ਜਦੋਂ 1997 ਵਿੱਚ ਹੋਂਦ ਵਿੱਚ ਆਈ ਸੀ ਤਾਂ ਇਸ ਕੋਲ 10 ਮੁਲਾਜ਼ਮ ਸਨ। 2013 ਵਿੱਚ ਇਸਦੇ ਚੇਅਰਮੈਨ ਸ਼ੋਹੇਬ ਅਹਿਮਦ ਸ਼ੇਖ ਨੇ ਨਿਊਜ਼ਵੀਕ ਰਿਸਾਲੇ ਕੋਲ ਦਾਅਵਾ ਕੀਤਾ ਕਿ ਕੰਪਨੀ ਦੇ 5200 ਮੁਲਾਜ਼ਮ ਹਨ। ਕੰਪਨੀ ਦੀ ਵੈੱਬਸਾਈਟ ਮੁਤਾਬਕ 2015 ਵਿੱਚ ਐਗਜੈਕਟ ਦੀਆਂ ਸੇਵਾਵਾਂ ਤੋਂ ਵਿਸ਼ਵ ਭਰ ਵਿੱਚ 2 ਬਿਲੀਅਨ ਉਪਭੋਗਤਾ ਲਾਭ ਹਾਸਲ ਕਰਦੇ ਹਨ। ਵਿਸ਼ਵ ਦੇ ਛੇ ਮਹਾਦੀਪਾਂ ਦੇ 120 ਮੁਲਕਾਂ ਦੇ 1300 ਸ਼ਹਿਰਾਂ ਵਿੱਚ ਐਗਜੈਕਟ ਕੰਪਨੀ ਦੇ ਦਫ਼ਤਰ ਹਨ ਜਿਹਨਾਂ ਨੂੰ ਚਲਾਉਣ ਲਈ 25 ਹਜ਼ਾਰ ਮੁਲਾਜ਼ਮ ਕੰਮ ਕਰਦੇ ਹਨ। ਹੈਰਾਨੀ ਦੀ ਗੱਲ ਕਿ ਪਾਕਸਤਾਨ ਸਰਕਾਰ ਦੇ ਰਿਕਾਰਡ ਮੁਤਾਬਕ ਇਸ ਕੰਪਨੀ ਦੇ ਚੇਅਰਮੈਨ ਸ਼ੋਹੇਬ ਅਹਿਮਦ ਸ਼ੇਖ ਨੇ 2014 ਵਿੱਚ ਮਹਿਜ਼ 26 ਰੁਪਏ ਟੈਕਸ ਵਜੋਂ ਸਰਕਾਰ ਨੂੰ ਅਦਾ ਕੀਤੇ ਜੋ ਮਸਾਂ 26 ਸੈਂਟ ਦੇ ਬਰਾਬਰ ਰਕਮ ਬਣਦੀ ਹੈ।

17 ਮਈ 2015 ਵਿੱਚ ਨਿਊਯਾਰਕ ਟਾਈਮਜ਼ ਵੱਲੋਂ ਇੱਕ ਪੜਤਾਲੀਆ ਰਿਪੋਰਟ ਛਾਪੀ ਗਈ ਜਿਸ ਮੁਤਾਬਕ ਐਗਜੈਕਟ ਬੇਸ਼ੱਕ ਖੁਦ ਨੂੰ ਸੌਫਟਵੇਅਰ ਬਿਜਸਨ ਵਾਲੀ ਕੰਪਨੀ ਦੱਸਦੀ ਹੈ ਪਰ ਅਸਲ ਵਿੱਚ ਇਸਦਾ ਕਾਰੋਬਾਰ ਨਕਲੀ ਡਿਗਰੀਆਂ ਛਾਪ ਕੇ ਵਿਸ਼ਵ ਭਰ ਵਿੱਚ ਲੋਕਾਂ ਨੂੰ ਘਰ ਬੈਠੇ ਬਿਠਾਏ ਵਕੀਲ, ਡਾਕਟਰ, ਇੰਜੀਨਿਅਰ, ਪ੍ਰੋਫੈਸਰ ਆਦਿ ਬਣਾਉਣਾ ਹੈ। ਟਾਈਮਜ਼ ਰਿਸਾਲੇ ਮੁਤਾਬਕ ਇਸ ਕੰਪਨੀ ਦੇ 2000 ਤਾਂ ਉਹ ਮੁਲਾਜ਼ਮ ਸਨ ਜਿਹੜੇ ਖੁਦ ਨੂੰ ਅਮਰੀਕਨ ਵਿੱਦਿਅਕ ਅਦਾਰਿਆਂ (ਕਾਲਜਾਂ, ਯੂਨੀਵਰਸਿਟੀਆਂ) ਦੇ ਅਧਿਕਾਰੀ ਦੱਸਕੇ ਨਕਲੀ ਡਿਗਰੀਆਂ ਪ੍ਰਦਾਨ ਕਰਨ ਦੀ ਸੇਵਾ ਨਿਭਾਉਂਦੇ ਸਨ।
ਅਮਰੀਕਾ ਦੀ ਤਫ਼ਤੀਸ਼ੀ ਏਜੰਸੀ ਐਫ ਬੀ ਆਈ ਦੇ ਸਾਬਕਾ ਏਜੰਟ ਐਲਨ ਈਜ਼ੈਲ ਦਾ ਫਰਜ਼ੀ ਡਿਗਰੀਆਂ ਬਾਰੇ ਜਾਂਚ ਕਰਨ ਦਾ ਕਈ ਦਹਾਕਿਆਂ ਦਾ ਅਨੁਭਵ ਹੈ। ਉਸਨੇ ਜੌਹਨ ਬੀਅਰ ਨਾਮਕ ਲੇਖਕ ਨਾਲ ਮਿਲ ਕੇ ਇੱਕ “Degree Mills: The Billion-Dollar Industry That Has Sold Over a Million Fake Diplomas,”ਸਿਰਲੇਖ ਹੇਠ ਕਿਤਾਬ ਲਿਖੀ ਸੀ। ਐਲਨ ਈਜ਼ੈਲ ਦੇ ਅੰਦਾਜ਼ੇ ਵਿੱਚ ਅਮਰੀਕਾ ਵਿੱਚ 50% ਪੀ ਐਚ ਡੀ ਡਿਗਰੀਆਂ ਫਰਜ਼ੀ ਹੁੰਦੀਆਂ ਹਨ। ਉਸਦਾ ਇਹ ਵੀ ਮੰਨਣਾ ਹੈ ਕਿ ਨਕਲੀ ਜਾਂ ਫਰਜ਼ੀ ਡਿਗਰੀਆਂ ਦੀ ਇੰਡਸਟਰੀ ਐਨੀ ਵੱਡੀ ਹੈ ਕਿ ਇਹ ਸਾਲਾਨਾ ਬਿਲੀਅਨ ਡਾਲਰਾਂ ਦਾ ਵਿਉਪਾਰ ਕਰਦੀ ਹੈ।
ਪਾਕਿਸਤਾਨ ਦੀ ਐਗਜੈਕਟ ਕੰਪਨੀ ਮਹਿਜ਼ ਇੱਕ ਮਿਸਾਲ ਹੈ ਅਤੇ ਸੀ ਬੀ ਸੀ ਦੀ ਮਾਰਕੀਟ ਪਲੇਸ ਵੱਲੋਂ 800 ਫਰਜ਼ੀ ਡਿਗਰੀਆਂ ਦਾ ਲਾਇਆ ਗਿਆ ਅਨੁਮਾਨ ਸਿਰਫ਼ ਉਹਨਾਂ ਵੱਲੋਂ ਕੀਤੀ ਗਈ ਇੱਕ ਤਫਤੀਸ਼ ਉੱਤੇ ਆਧਾਰਿਤ ਹੈ। ਕਈ ਦਹਾਕਿਆਂ ਤੱਕ ਨਕਲੀ ਡਿਗਰੀਆਂ ਬਾਰੇ ਤਫਤੀਸ਼ ਕਰਨ ਵਾਲੇ ਐਫ ਬੀ ਆਈ ਏਜੰਟ ਐਲਨ ਈਜ਼ੈਲ ਦਾ ਆਖਣਾ ਹੈ ਕਿ ਸੀ ਬੀ ਸੀ ਦੀ ਤਫਤੀਸ਼ ਕੈਨੇਡਾ ਵਿੱਚ ਫੈਲੇ ਅਨੇਕਾਂ ਨਕਲੀ ਡਿਗਰੀਆਂ ਦੇਣ ਵਾਲੇ ਸਕੂਲਾਂ ਦੀ ਅਸਲ ਤਸਵੀਰ ਪੇਸ਼ ਨਹੀਂ ਕਰਦੀ ।

ਨਕਲੀ ਡਿਗਰੀਆਂ ਦੇ ਤੰਤਰਜਾਲ ਨੂੰ ਨਕੇਲ ਪਾਉਣ ਬਾਬਤ ਫੈਡਰਲ ਸਰਕਾਰ ਨੂੰ ਸੰਜੀਦਾ ਹੋਣ ਦੀ ਲੋੜ ਹੈ। ਫਰਜ਼ੀ ਡਿਗਰੀਆਂ ਵਾਲੇ ਡਾਕਟਰ, ਨਰਸ ਆਦਿ ਕੈਨੇਡੀਅਨਾਂ ਦੀ ਸਿਹਤ ਲਈ ਜੋਖ਼ਮ ਤਾਂ ਹਨ ਹੀ, ਇਹ ਵਿੱਦਿਆ ਦੇ ਵਿਉਪਾਰੀਕਰਣ ਦੀ ਇੱਕ ਨਿੰਦਣਯੋਗ ਮਿਸਾਲ ਵੀ ਹਨ। ਕੈਨੇਡਾ ਦਾ ਇੰਮੀਗਰੇਸ਼ਨ ਸਿਸਟਮ ਪਰਵਾਸੀਆਂ ਦੀ ਵਿੱਦਿਅਕ ਯੋਗਤਾ ਦੇ ਆਧਾਰ ਉੱਤੇ ਚੱਲਦਾ ਹੈ। ਅਨੁਮਾਨ ਲਾਵੋ ਕਿ ਜੇਕਰ ਪਰਵਾਸੀ ਫਰਜ਼ੀ ਡਿਗਰੀਆਂ ਰਾਹੀਂ ਇੰਮੀਗਰੇਸ਼ਨ ਹਾਸਲ ਕਰ ਰਹੇ ਹਨ ਤਾਂ ਸਮੁੱਚੇ ਸਿਸਟਮ ਨੂੰ ਕਿੰਨੀ ਵੱਡੀ ਢਾਹ ਲੱਗ ਰਹੀ ਹੈ। ਚੇਤੇ ਰਹੇ ਕਿ ਇੰਮੀਗਰੇਸ਼ਨ ਹਾਸਲ ਕਰਨ ਲਈ ਅੰਗਰੇਜ਼ੀ ਦੇ IELTS ਆਦਿ ਟੈਸਟਾਂ ਦੇ ਨਕਲੀ ਸਰਟੀਫੀਕੇਟ ਮਿਲਣਾ ਕੋਈ ਲੁਕੀ ਛਿਪੀ ਗੱਲ ਨਹੀਂ ਹੈ।