ਕੈਨੇਡਾ ਵਿੱਚ ਘਰਾਂ ਦੀਆਂ ਕੀਮਤਾਂ ਅਗਲੇ 10 ਸਾਲਾਂ ਤੱਕ ਸਥਿਰ ਰਹਿਣਗੀਆਂ:ਟੀਡੀ ਬੈਂਕ

ਟੀਡੀ ਬੈਂਕ ਵੱਲੋਂ ਪੇਸ਼ ਕੀਤੀ ਗਈ ਨਵੀਂ ਰਿਪੋਰਟ ਅਨੁਸਾਰ ਕੈਨੇਡਾ ਵਿੱਚ ਦਿਨੋਂ ਦਿਨ ਘਰਾਂ ਦੀਆਂ ਵੱਧਦੀਆਂ ਜਾ ਰਹੀਆਂ ਕੀਮਤਾਂ ਨੂੰ ਇੱਕ ਵਾਰੀ ਤਾਂ ਠੱਲ੍ਹ ਪੈ ਗਈ ਹੈ। ਇਸ ਦੇ ਨਾਲ ਹੀ ਨਿਵੇਸ਼ ਲਈ ਸੁਰੱਖਿਅਤ ਮੰਨੀ ਜਾਣ ਵਾਲੀ ਰੀਅਲ ਅਸਟੇਟ ਦਾ ਫੁਰਨਾ ਵੀ ਫੁਰ ਹੁੰਦਾ ਨਜ਼ਰ ਆ ਰਿਹਾ ਹੈ। ਕੁੱਲ ਮਿਲਾ ਕੇ ਟੀਡੀ ਬੈਂਕ ਦੀ ਰਿਪੋਰਟ ਦਾ ਨਿਚੋੜ ਇਹ ਹੈ ਕਿ ਅਗਲੇ ਦਸ ਸਾਲਾਂ ਤੱਕ ਕੈਨੇਡਾ ਵਿੱਚ ਘਰਾਂ ਦੀਆਂ ਕੀਮਤਾਂ ਸਥਿਰ ਰਹਿਣ ਦੀ ਸੰਭਾਵਨਾ ਹੈ। ਕੈਨੇਡਾ ਦੇ ਸੱਭ ਤੋਂ ਵੱਡੇ ਬੈਂਕ ਵੱਲੋਂ ਜਾਰੀ ਕੀਤੀ ਗਈ ਇਸ ਵਿਸੇ਼ਸ਼ ਰਿਪੋਰਟ ਵਿੱਚ ਆਖਿਆ ਗਿਆ ਹੈ ਕਿ ਪਿਛਲੇ ਦਸ ਸਾਲਾਂ ਵਿੱਚ ਘਰਾਂ ਦੀਆਂ ਕੀਮਤਾਂ ਕਾਫੀ ਵੱਧ ਰਹੀਆਂ, ਇੱਥੋਂ ਤੱਕ ਕਿ 2008-2009 ਦੇ ਮੰਦਵਾੜੇ ਦੌਰਾਨ ਵੀ ਇਨ੍ਹਾਂ ਕੀਮਤਾਂ ਵਿੱਚ ਕੋਈ ਫਰਕ ਨਹੀਂ ਪਿਆ। ਪਰ ਹੁਣ ਸਮਾਂ ਆ ਗਿਆ ਹੈ ਕਿ ਇਨ੍ਹਾਂ ਕੀਮਤਾਂ ਵਿੱਚ ਖੜੋਤ ਆਵੇ ਤੇ ਆਮ ਆਦਮੀ ਨੂੰ ਵੀ ਸਾਹ ਆ ਸਕੇ। ਕੁੱਝ ਮਾਹਿਰ ਜਿਹੋ ਜਿਹਾ ਮੰਨ ਕੇ ਚੱਲ ਰਹੇ ਸਨ ਉਵੇਂ ਇਨ੍ਹਾਂ ਕੀਮਤਾਂ ਵਿੱਚ ਇੱਕ ਦਮ ਵੀ ਗਿਰਾਵਟ ਨਹੀਂ ਆਈ। ਸਗੋਂ ਕੁੱਝ ਸਾਲਾਂ ਵਿੱਚ ਇਨ੍ਹਾਂ ਕੀਮਤਾਂ ਵਿੱਚ ਮੁੜ ਮਜ਼ਬੂਤੀ ਆਵੇਗੀ ਤੇ ਇਹ ਅੱਠ ਫੀ ਸਦੀ ਤੱਕ ਵੱਧ ਜਾਣਗੀਆਂ। ਟੀਡੀ ਦੇ ਚੀਫ ਇਕਨਾਮਿਸਟ ਕ੍ਰੇਗ ਅਲੈਗਜ਼ੈਂਡਰ ਦਾ ਕਹਿਣਾ ਹੈ ਕਿ ਅਗਲੇ ਦਸ ਸਾਲਾਂ ਮਹਿੰਗਾਈ ਨਾਲ ਨਜਿੱਠ ਲਏ ਜਾਣ ਤੋਂ ਬਾਅਦ ਵਿੱਚ ਘਰਾਂ ਦੀਆਂ ਕੀਮਤਾਂ ਵਿੱਚ ਦੋ ਫੀ ਸਦੀ ਵਾਧਾ ਹੋਵੇਗਾ। ਬੈਂਕ ਦਾ ਕਹਿਣਾ ਹੈ ਕਿ ਕਰਜ਼ਾ ਲੈਣ ਵਾਲਿਆਂ ਲਈ ਤੇ ਕਰਜ਼ਾ ਦੇਣ ਵਾਲਿਆਂ ਲਈ ਸਖ਼ਤ ਨਿਯਮ ਇਸੇ ਲਈ ਹਨ ਤਾਂ ਕਿ ਕੀਮਤਾਂ ਨੂੰ ਨਰਮ ਰੱਖਿਆ ਜਾ ਸਕੇ। ਇਨ੍ਹਾਂ ਤੋਂ ਇਲਾਵਾ ਜਿਹੜੇ ਹੋਰ ਕਾਰਨ ਇਸ ਸੱਭ ਵਿੱਚ ਯੋਗਦਾਨ ਪਾਉਂਦੇ ਹਨ ਉਹ ਹਨ ਉਮਰਦਰਾਜ਼ ਹੋ ਰਹੀ ਅਬਾਦੀ, ਅਬਾਦੀ ਤੇ ਅਰਥਚਾਰੇ ਦਾ ਮੱਠਾ ਵਿਕਾਸ ਤੇ ਉੱਚੀਆਂ ਵਿਆਜ਼ ਦਰਾਂ। ਬੈਂਕ ਦਾ ਮੰਨਣਾ ਹੈ ਕਿ ਮਾਰਕਿਟ ਨੂੰ ਅਗਲੇ ਤਿੰਨ ਸਾਲਾਂ ਵਿੱਚ ਲੀਹ ਉੱਤੇ ਲਿਆਂਦਾ ਜਾ ਸਕਦਾ ਹੈ ਪਰ ਅਲੈਂਗਜ਼ੈਂਡਰ ਦਾ ਕਹਿਣਾ ਹੈ ਕਿ ਇਹ ਵੀ ਸੰਭਵ ਹੈ ਕਿ ਕੀਮਤਾਂ ਉਸ ਹੱਦ ਤੱਕ ਨਾ ਡਿੱਗਣ। ਕੈਪਿਟਲ ਇਕਨਾਮਿਸਟਸ ਸਮੇਤ ਕੁੱਝ ਮਾਹਿਰਾਂ ਵੱਲੋਂ ਇਹ ਪੇਸ਼ੀਨਿਗੋਈ ਕੀਤੀ ਗਈ ਹੈ ਕਿ ਵੱਡੀ ਸੋਧ ਹੋਣ ਦੀ ਸੰਭਾਵਨਾ ਹੈ ਕਿਉਂਕਿ ਉਨ੍ਹਾਂ ਦੇ ਹਿਸਾਬ ਨਾਲ ਕੈਨੇਡਾ ਵਿੱਚ ਘਰਾਂ ਦੀਆਂ ਕੀਮਤਾਂ 25 ਫੀ ਸਦੀ ਤੱਕ ਵੱਧ ਹੋ ਸਕਦੀਆਂ ਹਨ। ਅਲੈਗਜ਼ੈਂਡਰ ਦਾ ਕਹਿਣਾ ਹੈ ਕਿ ਇਹ ਤਾਂ ਗੱਲ ਨੂੰ ਕਾਫੀ ਵਧਾ ਚੜ੍ਹਾ ਕੇ ਸਮਝਣ ਵਾਲੀ ਗੱਲ ਹੈ, ਉਨ੍ਹਾਂ ਦੇ ਹਿਸਾਬ ਨਾਲ ਘਰਾਂ ਦੀਆਂ ਕੀਮਤਾਂ ਹੱਦ ਦਸ ਫੀ ਸਦੀ ਤੱਕ ਵੱਧ ਸਕਦੀਆਂ ਹਨ।