ਕੈਨੇਡਾ ਭੇਜਣ ਦੇ ਨਾਮ ਉੱਤੇ ਸਾਢੇ 93 ਲੱਖ ਰੁਪਏ ਦੀ ਠੱਗੀ


ਬਟਾਲਾ, 16 ਅਪ੍ਰੈਲ (ਪੋਸਟ ਬਿਊਰੋ)- ਕੈਨੇਡਾ ਭੇਜਣ ਅਤੇ ਓਥੇ ਵਰਕ ਪਰਮਿਟ ਲਗਵਾਉਣ ਦੇ ਨਾਮ ‘ਤੇ ਟਰੈਵਲ ਏਜੰਟ ਵੱਲੋਂ ਸਾਢੇ 93 ਲੱਖ ਦੀ ਠੱਗੀ ਦੇ ਦੋਸ਼ ਵਿੱਚ ਸਿਵਲ ਲਾਈਨ ਬਟਾਲਾ ਪੁਲਸ ਨੇ ਇਕ ਏਜੰਟ ਦੇ ਖਿਲਾਫ ਧੋਖਾਧੜੀ ਦਾ ਕੇਸ ਦਰਜ ਕੀਤਾ ਹੈ। ਇਸ ਸੰਬੰਧ ਵਿੱਚ ਅੱਗੇ ਕਾਰਵਾਈ ਚੱਲ ਰਹੀ ਹੈ।
ਥਾਣਾ ਸਿਵਲ ਲਾਈਨਜ਼ ਬਟਾਲਾ ਦੇ ਏ ਐਸ ਆਈ ਸੁਖਜਿੰਦਰ ਸਿੰਘ ਨੇ ਦੱਸਿਆ ਕਿ ਪਿੰਡ ਝਾਡੀਆਂਵਾਲ ਦੇ ਵਾਸੀ ਬਲਵਿੰਦਰ ਸਿੰਘ ਪੁੱਤਰ ਤੀਰਥ ਸਿੰਘ ਨੇ ਪੁਲਸ ਨੂੰ ਲਿਖਤੀ ਸ਼ਿਕਾਇਤ ਵਿੱਚ ਦੋਸ਼ ਲਾਇਆ ਕਿ ਉਸ ਦੇ ਨਾਲ ਨਰਿੰਦਰ ਸਿੰਘ ਵਾਸੀ ਸਿਨੇਮਾ ਰੋਡ ਬਟਾਲਾ, ਹਰਮਨਪ੍ਰੀਤ ਸਿੰਘ ਵਾਸੀ ਗਾਦੜੀਆਂ, ਬਲਜੀਤ ਸਿੰਘ ਵਾਸੀ ਸਮਰਾਂਵਾਂ, ਮਨਜਿੰਦਰ ਸਿੰਘ ਅਤੇ ਮਨਪ੍ਰੀਤ ਸਿੰਘ ਪਿੰਡ ਤੁੰਗ ਸਮੇਤ ਛੇ ਲੋਕਾਂ ਨੇ ਚੰਡੀਗੜ੍ਹ ਦੇ ਟਰੈਵਲ ਏਜੰਟ ਗੁਰਪ੍ਰੀਤ ਸਿੰਘ ਨੂੰ ਕੈਨੇਡਾ ਭੇਜਣ ਦੇ ਇਲਾਵਾ ਵਰਕ ਪਰਮਿਟ ਲਗਵਾਉਣ ਲਈ 93 ਲੱਖ 50 ਹਜ਼ਾਰ ਰੁਪਏ ਦਿੱਤੇ ਸਨ। ਸਾਰਿਆਂ ਤੋਂ ਪੈਸੇ ਲੈਣ ਦੇ ਬਾਅਦ ਏਜੰਟ ਨੇ ਨਾ ਕੈਨੇਡਾ ਭੇਜਿਆ ਅਤੇ ਨਾ ਪੈਸੇ ਵਾਪਸ ਕੀਤੇ। ਸ਼ਿਕਾਇਤ ਕਰਤਾ ਨੇ ਦੋਸ਼ ਲਾਇਆ ਕਿ ਟਰੈਵਲ ਏਜੰਟ ਨੇ ਉਨ੍ਹਾਂ ਨਾਲ ਧੋਖਾਧੜੀ ਕੀਤੀ। ਏ ਐਸ ਆਈ ਸੁਖਜਿੰਦਰ ਸਿੰਘ ਨੇ ਦੱਸਿਆ ਕਿ ਸ਼ਿਕਾਇਤ ਦੀ ਜਾਂਚ ਡੀ ਐਸ ਪੀ ਸਿਟੀ ਬਟਾਲਾ ਸੁੱਚਾ ਸਿੰਘ ਬਲ ਅਤੇ ਐਸ ਪੀ ਆਪਰੇਸ਼ਨ ਬਟਾਲਾ ਨੇ ਕੀਤੀ ਤਾਂ ਦੋਸ਼ ਠੀਕ ਪਾਏ ਗਏ। ਇਸ ਦੇ ਬਾਅਦ ਐਸ ਐਸ ਪੀ ਬਟਾਲਾ ਦੇ ਹੁਕਮਾਂ ‘ਤੇ ਦੋਸ਼ੀ ਟਰੈਵਲ ਏਜੰਟ ਦੇ ਖਿਲਾਫ ਥਾਣਾ ਸਿਵਲ ਲਾਈਨ ਵਿੱਚ ਧਾਰਾ 420, 406 ਦੇ ਤਹਿਤ ਮਾਮਲਾ ਦਰਜ ਕਰਕੇ ਦੋਸ਼ੀ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ।