ਕੈਨੇਡਾ ਨੇ ਸਾਡੇ ਨਾਲ ਸਹੀ ਵਿਵਹਾਰ ਨਹੀਂ ਕੀਤਾ : ਟਰੰਪ


ਵਾਸਿੰ਼ਗਟਨ, 12 ਫਰਵਰੀ (ਪੋਸਟ ਬਿਊਰੋ) : ਰਾਸ਼ਟਰਪਤੀ ਡੌਨਲਡ ਟਰੰਪ ਕੈਨੇਡੀਅਨ ਟਰੇਡ ਪ੍ਰੈਕਟਿਸਿਜ਼ ਬਾਰੇ ਸਿ਼ਕਾਇਤ ਕਰ ਰਹੇ ਹਨ ਜਦਕਿ ਉਨ੍ਹਾਂ ਕੌਮਾਂਤਰੀ ਟੈਕਸ ਲਾਏ ਜਾਣ ਦੀ ਧਮਕੀ ਵੀ ਦਿੱਤੀ ਹੈ। ਇਸ ਤੋਂ ਇਹ ਡਰ ਖੜ੍ਹਾ ਹੋ ਗਿਆ ਹੈ ਕਿ ਟਰੰਪ ਕਿਤੇ ਨਵੀਆਂ ਅਮਰੀਕੀ ਇੰਪੋਰਟ ਪਨੈਲਿਟੀਜ਼ ਲਾਉਣ ਬਾਰੇ ਵਿਚਾਰ ਤਾਂ ਨਹੀਂ ਕਰ ਰਹੇ।
ਟਰੰਪ ਨੇ ਇਹ ਟਿੱਪਣੀਆਂ ਸੋਮਵਾਰ ਨੂੰ ਵਾੲ੍ਹੀਟ ਹਾਊਸ ਵਿੱਚ ਕੀਤੀਆਂ ਤੇ ਇਸ ਦੇ ਨਾਲ ਹੀ ਚਿਰਾਂ ਤੋਂ ਉਡੀਕੇ ਜਾ ਰਹੇ ਇਨਫਰਾਸਟ੍ਰਕਚਰ ਪਲੈਨ ਦਾ ਵੀ ਉਨ੍ਹਾਂ ਵੱਲੋਂ ਖੁਲਾਸਾ ਕੀਤਾ ਗਿਆ। ਪੱਤਰਕਾਰਾਂ ਨਾਲ ਲੰਮਾਂ ਸਮਾਂ ਗੱਲਬਾਤ ਕਰਨ ਦੌਰਾਨ ਟਰੰਪ ਨੇ ਅਮਰੀਕਾ ਦੇ ਭਾਈਵਾਲ ਸਮਝੇ ਜਾਂਦੇ ਦੇਸ਼ਾਂ ਬਾਰੇ ਵੀ ਸਿ਼ਕਾਇਤ ਕੀਤੀ। ਉਨ੍ਹਾਂ ਸਿੱਧੇ ਤੌਰ ਉੱਤੇ ਨਾਂ ਲੈਂਦਿਆਂ ਆਖਿਆ ਕਿ ਕੈਨੇਡਾ ਨੇ ਖੇਤੀਬਾੜੀ ਤੇ ਸਰਹੱਦਾਂ ਪਾਰ ਕਰਨ ਦੇ ਸਬੰਧ ਵਿੱਚ ਸਾਡੇ ਨਾਲ ਸਹੀ ਵਿਵਹਾਰ ਨਹੀਂ ਕੀਤਾ।
ਅਸੀਂ ਅਜਿਹਾ ਨਹੀਂ ਹੋਣ ਦੇ ਸਕਦੇ ਕਿ ਦੂਜੇ ਦੇਸ਼ ਸਾਡਾ ਫਾਇਦਾ ਚੁੱਕੀ ਜਾਣ। ਇਹ ਸਪਸ਼ਟ ਨਹੀਂ ਹੋ ਸਕਿਆ ਕਿ ਉਹ ਕਿਸ ਗੱਲ ਬਾਰੇ ਉਚੇਚੇ ਤੌਰ ਉੱਤੇ ਬੋਲ ਰਹੇ ਸਨ। ਇਸ ਦੌਰਾਨ ਵਾੲ੍ਹੀਟ ਹਾਊਸ ਨੇ ਆਖਿਆ ਕਿ ਕਿਸੇ ਕਿਸਮ ਦਾ ਟੈਕਸ ਸਬੰਧੀ ਕੋਈ ਖਤਰਾ ਨਹੀਂ ਹੈ। ਟਰੰਪ ਨੇ ਵੀ ਇਹ ਵਾਅਦਾ ਕੀਤਾ ਕਿ ਨਵੇਂ ਟੈਕਸਾਂ ਬਾਰੇ ਜਲਦ ਹੀ ਸੱਭ ਕੁੱਝ ਸਾਫ ਹੋ ਜਾਵੇਗਾ। ਅਸੀਂ ਸਾਡਾ ਲਾਹਾ ਲੈਣ ਵਾਲੇ ਦੇਸ਼ਾਂ ਉੱਤੇ ਟੈਕਸ ਲਾਵਾਂਗੇ। ਕੁੱਝ ਤਾਂ ਸਾਡੇ ਤਥਾ ਕਥਿਤ ਭਾਈਵਾਲ ਹਨ ਪਰ ਵਪਾਰ ਨੂੰ ਲੈ ਕੇ ਉਹ ਭਾਈਵਾਲ ਨਹੀਂ ਹਨ। ਇਸ ਲਈ ਆਉਣ ਵਾਲੇ ਹਫਤਿਆਂ ਵਿੱਚ ਤੁਸੀਂ ਜਾਣ ਜਾਓਂਗੇ ਜਦੋਂ ਅਸੀਂ ਉਨ੍ਹਾਂ ਉੱਤੇ ਟੈਕਸ ਲਾਵਾਂਗੇ।
ਇਹ ਅਜੇ ਤੱਕ ਪਤਾ ਨਹੀਂ ਚੱਲ ਸਕਿਆ ਟਰੰਪ ਕਿਸ ਤਰ੍ਹਾਂ ਦੇ ਟੈਕਸ ਦੀ ਗੱਲ ਕਰ ਰਹੇ ਸਨ। ਇਸ ਸਾਲ ਦੇ ਸ਼ੁਰੂ ਵਿੱਚ ਪ੍ਰਸ਼ਾਸਨ ਨੇ ਆਪਣੇ ਵਿੱਤੀ ਸੁਧਾਰਾਂ ਵਿੱਚ ਬੌਰਡਰ ਐਡਜਸਟਮੈਂਟ ਦੇ ਆਈਡੀਆ ਨੂੰ ਛੱਡ ਦਿੱਤਾ। ਅਜਿਹਾ ਇਸ ਲਈ ਕੀਤਾ ਗਿਆ ਕਿਉਂਕਿ ਕੈਪੀਟਲ ਹਿੱਲ ਉੱਤੇ ਇਸ ਦਾ ਬਹੁਤ ਜਿ਼ਆਦਾ ਵਿਰੋਧ ਹੋਇਆ ਸੀ।