ਕੈਨੇਡਾ ਦੇ ਬਹਾਨੇ ਲੱਖਾਂ ਰੁਪਏ ਠੱਗ ਕੇ ਗੁਹਾਟੀ ਵਿੱਚ ਬੰਦੀ ਬਣਾਉਣ ਵਾਲੇ ਏਜੰਟਾਂ ਉੱਤੇ ਕੇਸ ਦਰਜ


ਟਾਂਡਾ ਉੜਮੁੜ, 16 ਮਈ (ਪੋਸਟ ਬਿਊਰੋ)- ਕੈਨੇਡਾ ਭੇਜਣ ਦੇ ਲਾ ਲਾ ਕੇ ਲੱਖਾਂ ਰੁਪਏ ਠੱਗਣ ਪਿੱਛੋਂ ਨੌਜਵਾਨ ਨੂੰ ਗੁਹਾਟੀ (ਆਸਾਮ) ਵਿੱਚ ਬੰਦੀ ਬਣਾ ਕੇ ਰੱਖਣ ਵਾਲੇ ਦੋ ਟਰੈਵਲ ਏਜੰਟਾਂ ਦੇ ਖਿਲਾਫ ਟਾਂਡਾ ਪੁਲਸ ਨੇ ਕੇਸ ਦਰਜ ਕੀਤਾ ਹੈ। ਇਹ ਕੇਸ ਪੀੜਤ ਨੌਜਵਾਨ ਜਸਕਰਨ ਸਿੰਘ ਦੇ ਪਿਤਾ ਲਖਵਿੰਦਰ ਸਿੰਘ ਪੁੱਤਰ ਹਰਭਜਨ ਸਿੰਘ ਵਾਸੀ ਰੜਾ ਦੇ ਬਿਆਨ ਉੱਤੇ ਮਨਪ੍ਰੀਤ ਸਿੰਘ ਮਨੀ ਪੁੱਤਰ ਲਛਮਣ ਸਿੰਘ ਅਤੇ ਉਸ ਦੇ ਭਰਾ ਪ੍ਰਗਟ ਸਿੰਘ ਉਰਫ ਪੈਰੀ ਨਵਾਬ ਵਾਸੀ ਸੰਦਲੀ ਬੋਹਾ (ਮਾਨਸਾ) ਖਿਲਾਫ ਕੀਤਾ ਗਿਆ ਹੈ, ਜਿਸ ਦੀ ਜਾਂਚ ਜਾਰੀ ਹੈ।
ਲਖਵਿੰਦਰ ਸਿੰਘ ਨੇ ਪੁਲਸ ਨੂੰ ਦੱਸਿਆ ਕਿ ਉਸ ਨੇ ਉਕਤ ਟਰੈਵਲ ਏਜੰਟਾਂ ਦੇ ਝਾਂਸੇ ਵਿੱਚ ਆ ਕੇ ਆਪਣੇ ਪੁੱਤਰ ਜਸਕਰਨ ਸਿੰਘ ਨੂੰ ਕੈਨੇਡਾ ਭੇਜਣ ਲਈ 2016 ਅਤੇ 2017 ਵਿੱਚ ਵੱਖ-ਵੱਖ ਦਿਨਾਂ ਵਿੱਚ ਕੁੱਲ ਸਾਢੇ 25 ਲੱਖ ਰੁਪਏ ਉਕਤ ਏਜੰਟਾਂ ਨੂੰ ਦਿੱਤੇ ਸਨ, ਜਿਨ੍ਹਾਂ ਨੇ ਜਸਕਰਨ ਸਿੰਘ ਨੂੰ 25 ਮਈ 2017 ਨੂੰ ਪਹਿਲਾਂ ਗੁਹਾਟੀ ਤੇ ਫਿਰ ਮੁੰਬਈ ਦੀ ਫਲਾਈਟ ਉੱਤੇ ਚੜ੍ਹਾ ਦਿੱਤਾ। ਇਸ ਦੇ ਬਾਅਦ 18 ਨਵੰਬਰ 2017 ਨੂੰ ਏਜੰਟਾਂ ਨੇ ਉਸ ਦੇ ਬੇਟੇ ਦੀ ਫੋਨ ਉੱਤੇ ਗੱਲ ਕਰਵਾਈ ਕਿ ਉਹ ਕੈਨੇਡਾ ਪਹੁੰਚ ਗਿਆ ਹੈ, ਜਿਸ ਪਿੱਛੋਂ ਵਾਅਦੇ ਅਨੁਸਾਰ ਕੁੱਲ ਰਕਮ ਵਿੱਚੋਂ ਰਹਿੰਦੇ 16 ਲੱਖ ਰੁਪਏ ਵੀ ਉਨ੍ਹਾਂ ਨੂੰ ਦੇ ਦਿੱਤੇ ਗਏ। ਉਹ ਖੁਸ਼ ਸਨ ਕਿ ਉਨ੍ਹਾਂ ਦਾ ਪੁੱਤਰ ਕੈਨੇਡਾ ਪਹੁੰਚ ਗਿਆ ਹੈ। ਉਸ ਦੇ ਬਾਅਦ 26 ਨਵੰਬਰ ਨੂੰ ਜਸਕਰਨ ਸਿੰਘ ਬੁਰੀ ਹਾਲਤ ਵਿੱਚ ਘਰ ਆਇਆ ਅਤੇ ਉਸ ਨੇ ਦੱਸਿਆ ਕਿ ਕੈਨੇਡਾ ਪਹੁੰਚਣ ਦਾ ਫੋਨ ਟਰੈਵਲ ਏਜੰਟਾਂ ਨੇ ਉਸ ਕੋਲੋਂ ਡਰਾ-ਧਮਕਾ ਕੇ ਕਰਵਾਇਆ ਸੀ। ਉਕਤ ਏਜੰਟਾਂ ਨੇ ਗੁਹਾਟੀ ਵਿੱਚ ਉਸ ਦੇ ਨਾਲ ਕਈ ਹੋਰ ਲੜਕਿਆਂ ਨੂੰ ਵੀ ਬੰਦੀ ਬਣਾ ਕੇ ਉਨ੍ਹਾਂ ਉਤੇ ਤਸੱ਼ਦਦ ਕੀਤਾ ਹੈ। ਜਦੋਂ ਏਜੰਟ ਉਸ ਨੂੰ ਮਾਰਨ ਦੀ ਸਾਜਿਸ਼ ਲਈ ਗੁਹਾਟੀ ਤੋਂ ਕੋਲਕਾਤਾ ਲਿਜਾ ਰਹੇ ਸਨ ਤਾਂ ਉਹ ਕਿਸੇ ਤਰ੍ਹਾਂ ਉਨ੍ਹਾਂ ਦੇ ਚੁੰਗਲ ‘ਚੋਂ ਨਿਕਲਣ ਵਿੱਚ ਸਫਲ ਹੋ ਗਿਆ। ਪੁਲਸ ਨੇ ਜਾਂਚ ਤੋਂ ਬਾਅਦ ਹੁਣ ਉਕਤ ਏਜੰਟਾਂ ਖਿਲਾਫ ਕੇਸ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।