ਕੈਨੇਡਾ ਦੇ ਦੋਂਹ ਮੰਤਰੀਆਂ ਦੇ ਨਵੇਂ ਬਿਆਨ ਪਿੱਛੋਂ ਟਰੂਡੋ ਨੂੰ ਅਮਰਿੰਦਰ ਸਿੰਘ ਵੱਲੋਂ ਵਧਾਈ


ਚੰਡੀਗੜ੍ਹ, 8 ਫਰਵਰੀ, (ਪੋਸਟ ਬਿਊਰੋ)- ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਵਲੋਂ ਖ਼ਾਲਿਸਤਾਨੀ ਪੱਖੀ ਧਿਰਾਂ ਦੇ ਹੱਕ ਵਿਚ ਖੜੋਣ ਤੋਂ ਨਾਂਹ ਕਰਨ ਦਾ ਸਵਾਗਤ ਕਰਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਉਨ੍ਹਾਂ ਦੇ ਦੇਸ਼ ਵਿਚ ਵਖਵਾਦੀ ਤਾਕਤਾਂ ਵਿਰੁਧ ਢੁਕਵਾਂ ਮਾਹੌਲ ਸਿਰਜਣ ਲਈ ਵਧਾਈ ਦਿਤੀ ਹੈ। ਉਨ੍ਹਾਂ ਨੇ ਇਸ ਨੂੰ ਠੀਕ ਸੇਧ ਵਿੱਚ ਚੁੱਕਿਆ ਕਦਮ ਕਿਹਾ ਹੈ।
ਵਰਨਣ ਯੋਗ ਹੈ ਕਿ ਬੁਧਵਾਰ ਕੈਨੇਡਾ ਦੀ ਪ੍ਰੱੈਸ ਵਿਚ ਛਪੇ ਹਰਜੀਤ ਸਿੰਘ ਸੱਜਣ ਦੇ ਬਿਆਨ ਮੁਤਾਬਕ ਉਨ੍ਹਾਂ ਨੇ ਅਤੇ ਕੈਨੇਡਾ ਦੇ ਮੰਤਰੀ ਅਮਰਜੀਤ ਸੋਹੀ ਨੇ ਨਾ ਸਿੱਖ ਕੌਮਪ੍ਰਸਤੀ ਲਹਿਰ ਪ੍ਰਤੀ ਹਮਦਰਦੀ ਪ੍ਰਗਟਾਈ ਹੈ ਅਤੇ ਨਾ ਇਸ ਦੇ ਪੱਖ ਵਿਚ ਹਨ, ਜਿਸ ਦਾ ਮਕਸਦ ਭਾਰਤ ਦੇ ਪੰਜਾਬ ਖਿੱਤੇ ਵਿਚ ਖ਼ਾਲਿਸਤਾਨ ਦੇ ਨਾਂ ਹੇਠ ਵੱਖਰਾ ਦੇਸ਼ ਬਣਾਉਣਾ ਹੈ। ਇਸ ਤੋਂ ਬਾਅਦ ਅੱਜ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਸ ਤੋਂ ਸਿੱਧ ਹੋ ਗਿਆ ਹੈ ਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਨੇ ਉਨ੍ਹਾਂ ਦੀ ਪਾਰਟੀ ਤੇ ਸਰਕਾਰ ਨੂੰ ਸਪੱਸ਼ਟ ਸੰਕੇਤ ਦਿਤਾ ਹੈ ਕਿ ਉਹ ਅਪਣੇ ਦੇਸ਼ ਨੂੰ ਭਾਰਤ ਵਿਰੋਧੀ ਗਤੀਵਿਧੀਆਂ ਲਈ ਵਰਤਣ ਦੀ ਆਗਿਆ ਨਹੀਂ ਦੇਣਗੇ। ਅੱਜ ਇਥੋਂ ਜਾਰੀ ਕੀਤੇ ਗਏ ਬਿਆਨ ਵਿਚ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਹਰਜੀਤ ਸਿੰਘ ਸੱਜਣ ਤੇ ਅਮਰਜੀਤ ਸੋਹੀ ਦੇ ਤਾਜ਼ਾ ਬਿਆਨਾਂ, ਜਿਨ੍ਹਾਂ ਵਿਚ ਉਨ੍ਹਾਂ ਨੇ ਖ਼ਾਲਿਸਤਾਨੀ ਉਦੇਸ਼ ਨਾਲ ਕੋਈ ਵਾਸਤਾ ਨਾ ਹੋਣ ਬਾਰੇ ਸਾਫ ਕਰ ਦਿਤਾ ਹੈ, ਨੇ ਕੈਨੇਡਾ ਨਾਲ ਬਿਹਤਰ ਸਬੰਧਾਂ ਲਈ ਰਾਹ ਪੱਧਰਾ ਕੀਤਾ ਹੈ, ਕਿਉਂ ਜੋ ਕੈਨੇਡਾ ਵਿਚ ਸਿੱਖਾਂ ਦੀ ਵੱਡੀ ਗਿਣਤੀ ਕਾਰਨ ਇਸ ਦੀ ਭਾਰਤ ਨਾਲ ਡੂੰਘੀ ਸਾਂਝ ਹੈ।