ਕੈਨੇਡਾ ਦੇ ਇੰਮੀਗਰੇਸ਼ਨ ਸਿਸਟਮ ਲਈ ਚੁਣੌਤੀਆਂ ਅਤੇ ਸੰਭਾਵਨਾਵਾਂ

ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਪ੍ਰਸ਼ਾਸ਼ਨ ਵੱਲੋਂ ਕੱਲ ਐਲਾਨ ਕੀਤਾ ਗਿਆ ਕਿ ਅਲ-ਸਲਵਾਡੋਰ ਦੇ 2 ਲੱਖ ਤੋਂ ਵੱਧ ਸ਼ਹਿਰੀਆਂ ਤੋਂ ਅਸਥਾਈ ਰੱਖਿਆ ਦਾ ਦਰਜ਼ਾ ਚੁੱਕ ਲਿਆ ਜਾਵੇਗਾ। ਇਸਦਾ ਅਰਥ ਹੈ ਕਿ ਜਿਵੇਂ ਪਹਿਲਾਂ ਹੇਤੀ, ਨਿਕਾਰਾਗੁਆ, ਸੁਡਾਨ ਦੇਸ਼ਾਂ ਦੇ ਵਾਸੀਆਂ ਉੱਤੇ ਟਰੰਪ ਦਾ ਆਰਾ ਚੱਲਿਆ ਸੀ, ਹੁਣ ਅਲ-ਸਲਵਾਡੋਰ ਦੇ ਅਮੀਰਕਾ ਵਿੱਚ ਵੱਸਦੇ ਸ਼ਹਿਰੀ ਪ੍ਰਭਾਵਿਤ ਹੋਣਗੇ। ਚੇਤੇ ਰਹੇ ਕਿ 1990 ਵਿੱਚ ਅਮਰੀਕਾ ਨੇ ਭੂਚਾਲ, ਹੜ੍ਹ, ਜੰਗ ਜਾਂ ਹੋਰ ਆਫ਼ਤਾਂ ਦਾ ਸਿ਼ਕਾਰ ਹੋਣ ਵਾਲੇ ਮੁਲਕਾਂ ਦੇ ਲੋਕਾਂ ਨੂੰ ਅਸਥਾਈ ਸ਼ਰਣ ਦੇਣ ਦਾ ਪ੍ਰੋਗਰਾਮ ਐਲਾਨ ਵਿੱਚ ਲਿਆਂਦਾ ਸੀ। ਜਿਵੇਂ ਅਕਸਰ ਹੁੰਦਾ ਹੈ ਕਿ ਅਤਿ ਗਰੀਬ ਮੁਲਕਾਂ ਵਿੱਚੋਂ ਅਮਰੀਕਾ ਵਰਗੇ ਬੇਹੱਦ ਵਿਕਸਿਤ ਮੁਲਕ ਵਿੱਚ ਆ ਕੇ ਵੱਸਣ ਵਾਲੇ ਲੋਕਾਂ ਦਾ ਮੁੜ ਆਪਣੇ ਦੇਸ਼ ਜਾਣਾ ਲੱਗਭੱਗ ਅਸੰਭਵ ਹੁੰਦਾ ਹੈ, ਉਹ ਇਹਨਾਂ ਦੇਸ਼ਾਂ ਦੇ ਸ਼ਰਣਰਥਾਈਆਂ ਨਾਲ ਵੀ ਹੋਇਆ। ਅਮਰੀਕਾ ਵਿੱਚ 10 ਮੁਲਕਾਂ ਤੋਂ ਸਾਢੇ ਚਾਰ ਲੱਖ ਲੋਕ ਇਸ ਕੈਟਗਰੀ ਤਹਿਤ ਆ ਕੇ ਵੱਸੇ ਹੋਏ ਹਨ ਜਿਹਨਾਂ ਵਿੱਚੋਂ 2 ਲੱਖ 63 ਹਜ਼ਾਰ ਇੱਕਲੇ ਅਲ-ਸਲਵਾਡੋਰ ਤੋਂ ਹਨ। ਕਈ ਸ਼ਰਣਾਰਥੀ ਅਮਰੀਕਾ ਵਿੱਚ ਪੱਕੇ ਹੋ ਚੁੱਕੇ ਹਨ ਪਰ ਜਿ਼ਆਦਾਤਰ ਹਾਲੇ ਤੱਕ ਕੱਚੇ ਹਨ।

ਟਰੰਫ ਪ੍ਰਸ਼ਾਸ਼ਨ ਵੱਲੋਂ ਅਲ-ਸਲਵਾਡੋਰ ਦੇ ਅਸਥਾਈ ਸ਼ਰਣਾਰਥੀਆਂ ਨੂੰ ਕੱਢਣ ਦੇ ਐਲਾਨ ਕਰਨਾ ਉਸ ਭੈਅ ਖੜਾ ਕਰਨ ਦੀ ਨੀਤੀ ਦਾ ਹਿੱਸਾ ਹੈ ਜਿਸਦਾ ਵਿਸ਼ਵ ਭਰ ਵਿੱਚ ਆਮ ਕਰਕੇ ਪਰ ਕੈਨੇਡਾ ਉੱਤੇ ਖਾਸ ਕਰਕੇ ਪ੍ਰਭਾਵ ਪੈਂਦਾ ਹੈ। ਟਰੰਪ ਦੇ ਇਹੋ ਜਿਹੇ ਬਿਆਨਾਂ ਕਾਰਣ ਇੱਕਲੇ 2017 ਵਿੱਚ 35 ਤੋਂ 40 ਹਜ਼ਾਰ ਸ਼ਰਨਾਰਥੀ ਅਮਰੀਕਾ ਦੇ ਬਾਰਡਰ ਰਾਹੀਂ ਕੈਨੇਡਾ ਦਾਖਲ ਹੋ ਚੁੱਕੇ ਹਨ। ਕੈਨੇਡੀਅਨ ਇੰਮੀਗਰੇਸ਼ਨ ਅਧਿਆਕਰੀਆਂ ਮੁਤਾਬਕ ਇੱਕ ਸ਼ਰਣਾਰਥੀ ਦੇ ਕੇਸ ਨੂੰ ਰਾਹ ਉੱਤੇ ਪਾਉਣ ਉੱਤੇ ਕੈਨੇਡਾ ਦੇ ਵੱਖ 2 ਵਿਭਾਗਾਂ ਨੂੰ 15 ਤੋਂ 20 ਹਜ਼ਾਰ ਡਾਲਰ ਖਰਚ ਕਰਨੇ ਪੈਂਦੇ ਹਨ। ਲਿਬਰਲ ਸਰਕਾਰ ਅਤੇ ਵਿਰੋਧੀ ਕੰਜ਼ਰਵੇਟਿਵ ਪਾਰਟੀ ਦੇ ਅਮਰੀਕਾ ਤੋਂ ਆਉਣ ਵਾਲੇ ਸ਼ਰਣਾਰਥੀਆਂ ਬਾਰੇ ਵੱਖੋ ਵੱਖਰੇ ਸਟੈਂਡ ਰਹੇ ਹਨ ਜਿਹੜੇ ਉਹਨਾਂ ਦੇ ਰਾਜਨੀਤਕ ਸਿਧਾਂਤਾਂ ਅਤੇ ਉਦੇਸ਼ਾਂ ਨਾਲ ਮੇਲ ਖਾਂਦੇ ਹਨ। ਪਰ ਇੱਕ ਹੋਰ ਪੱਖ ਜੋ ਹਾਲੇ ਤੱਕ ਚਰਚਾ ਦਾ ਵਿਸ਼ਾ ਨਹੀਂ ਬਣਿਆ, ਉਹ ਹੈ ਟਰੰਪ ਵੱਲੋਂ ਕੈਨੇਡਾ ਦੇ ਮੈਰਿਟ ਆਧਾਰਿਤ ਇੰਮੀਗਰੇਸ਼ਨ ਸਿਸਟਮ ਵਰਗਾ ਸਿਸਟਮ ਹੋਂਦ ਵਿੱਚ ਲਿਆਉਣਾ ਅਤੇ ਉਸਦਾ ਕੈਨੇਡਾ ਉੱਤੇ ਪੈਣ ਵਾਲਾ ਪ੍ਰਭਾਵ।

ਅਮਰੀਕੀ ਸੈਨੇਟ ਵਿੱਚ ਪ੍ਰਵਾਨਗੀ ਦੀ ਉਡੀਕ ਕਰ ਰਹੇ ਨਵੇਂ ਸਿਸਟਮ ਮੁਤਾਬਕ ਅਮਰੀਕਾ ਵਿੱਚ ਰੈਜ਼ੀਡੈਂਟ ਪਰਮਾਮੈਂਟ ਬਣਨ ਲਈ ਕੈਨੇਡਾ ਵਾਗੂੰ ਪੁਆਇੰਟ ਸਿਸਟਮ ਤਹਿਤ ਅਰਜ਼ੀ ਕਰਨੀ ਹੋਵੇਗੀ। ਇਸ ਵਿੱਚ ਵੱਧ ਤੋਂ ਵੱਧ 100 ਪੁਆਇੰਟ ਹਾਸਲ ਕੀਤੇ ਜਾ ਸਕਦੇ ਹਨ ਜਿਸ ਵਿੱਚ ਵਿੱਦਿਆ ਦੇ 15, ਰੁਜ਼ਗਾਰ ਦੇ 20, ਵਿੱਦਿਆ ਨਾਲ ਮੇਲ ਖਾਂਦੇ ਰੁਜ਼ਗਾਰ ਹਾਸਲ ਕਰਨ ਵਾਲਿਆਂ ਨੂੰ 10, ਉੱਦਮੀਆਂ ਨੂੰ 10, ਅੰਗਰੇਜ਼ੀ ਦੇ ਗਿਆਨ ਲਈ 10 ਅਤੇ ਵੱਧ ਮੰਗ ਵਾਲੇ ਕਿੱਤੇ ਵਿੱਚ ਰੁਜ਼ਗਾਰ ਹਾਸਲ ਕਰਨ ਵਾਲਿਆਂ ਨੂੰ 10 ਪੁਆਇੰਟ ਹੋਣਗੇ। ਅਮਰੀਕਾ ਦੇ ਪ੍ਰਸਤਾਵਿਤ ਸਿਸਟਮ ਵਿੱਚ ਪੁਆਇੰਟ ਲੈਣੇ ਕੈਨੇਡਾ ਵਾਗੂੰ ਸੌਖੇ ਨਹੀਂ ਹਨ ਸਗੋਂ ਹਰ ਵਰਗ ਵਿੱਚ ਕਈ ਕਿਸਮ ਦੀਆਂ ਘੁਣਤਰਾਂ ਪਾਈਆਂ ਜਾਂਦੀਆਂ ਹਨ।

ਮਾਹਰਾਂ ਦਾ ਖਿਆਲ ਹੈ ਕਿ ਬੇਸ਼ੱਕ ਅਮਰੀਕਾ ਵਿੱਚੋਂ ਕੈਨੇਡਾ ਆਉਣ ਵਾਲਿਆਂ ਦੀ ਗਿਣਤੀ ਵੱਧਦੀ ਜਾ ਰਹੀ ਹੈ, ਸੱਚਾਈ ਹਾਲੇ ਵੀ ਇਹਨਾਂ ਵਿੱਚ ਜਿ਼ਆਦਾਤਰ ਉਹ ਲੋਕ ਹਨ ਜੋ ਅਮਰੀਕਾ ਵਿੱਚ ਕਈ ਕਾਰਣਾਂ ਕਰਕੇ ਸਥਾਪਤ ਨਹੀਂ ਹੋ ਸਕੇ। ਇਹਨਾਂ ਕੋਲ ਵਿੱਦਿਆ ਅਤੇ ਅਨੁਭਵ ਦੀ ਘਾਟ ਹੋਣ ਦੇ ਵੱਧ ਆਸਾਰ ਹਨ। ਇਸਦੇ ਉਲਟ ਕੈਨੇਡਾ ਦੇ ਵੱਧ ਪੜੇ ਲਿਖੇ, ਹੁਨਰਮੰਦ ਅਤੇ ਲਿਆਕਤ ਵਾਲੇ ਲੋਕ ਅਮਰੀਕਾ ਵੱਲ ਵਹੀਰਾਂ ਘੱਤਣ ਨੂੰ ਤਰਜੀਹ ਦੇਂਦੇ ਹਨ।

ਇਸਦਾ ਅਰਥ ਹੈ ਕਿ ਆਉਣ ਵਾਲੇ ਸਾਲਾਂ ਵਿੱਚ ਅਮਰੀਕ ਤੋਂ ਕੈਨੇਡਾ ਵਿੱਚ ਉਹਨਾਂ ਪਰਵਾਸੀਆਂ ਦੀ ਆਮਦ ਦਾ ਵੱਧਣਾ ਲਗਾਤਾਰ ਜਾਰੀ ਰਹਿ ਸਕਦਾ ਹੈ ਜੋ ਘੱਟੋ ਘੱਟ ਮੁੱਢਲੇ ਦਿਨਾਂ ਵਿੱਚ ਸਰਕਾਰੀ ਸ੍ਰੋਤਾਂ ਉੱਤੇ ਜੀਵਨ ਬਸਰ ਕਰਨ ਲਈ ਮਜ਼ਬੂਰ ਹੋਣਗੇ। ਇਸਦੇ ਉਲਟ ਕੈਨੇਡਾ ਤੋਂ ਅਮਰੀਕਾ ਵਿੱਚ ਹੁਨਰਮੰਦ ਲੋਕਾਂ ਦੇ ਅਮਰੀਕਾ ਵਿੱਚ ਪਰਵਾਸ ਕਰਨ ਦੀ ਦਰ ਵਿੱਚ ਹੋਰ ਵੀ ਵਾਧਾ ਹੋ ਸਕਦਾ ਹੈ। ਅੰਤ ਨੂੰ ਨਤੀਜਾ ਕੁੱਝ ਵੀ ਨਿਕਲੇ, ਇਹਨਾਂ ਸੰਭਾਵਿਤ ਬਦਲਾਵਾਂ ਕਾਰਣ ਇੰਮੀਗਰੇਸ਼ਨ ਦਾ ਕੰਮ ਕਰਨ ਵਾਲੇ ਪ੍ਰੋਫੈਸ਼ਨਲਾਂ ਦੇ ਪਹਿਲਾਂ ਨਾਲੋਂ ਵੀ ਵੱਧ ਮਸਰੂਫ ਹੋ ਜਾਣ ਦੀਆਂ ਸੰਭਾਵਨਾਵਾਂ ਹਨ।