ਕੈਨੇਡਾ ਦੀ ਕਲਾਈਮੇਟ ਚੇਂਜ ਬਾਰੇ ਰਾਜਦੂਤ ਨੇ ਆਪਣੇ ਅਹੁਦੇ ਤੋਂ ਦਿੱਤਾ ਅਸਤੀਫਾ

ਓਟਵਾ, 6 ਦਸੰਬਰ (ਪੋਸਟ ਬਿਊਰੋ) : ਪਤੀ ਦੀ ਅਚਾਨਕ ਮੌਤ ਹੋ ਜਾਣ ਕਾਰਨ ਕੈਨੇਡਾ ਦੀ ਕਲਾਈਮੇਟ ਚੇਂਜ ਬਾਰੇ ਰਾਜਦੂਤ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ।
ਜੈਨੀਫਰ ਮੈਕਿਨਤਾਇਰ ਨੂੰ ਜੂਨ ਦੇ ਅਖੀਰ ਵਿੱਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਇਸ ਅਹੁਦੇ ਉੱਤੇ ਨਿਯੁਕਤ ਕੀਤਾ ਗਿਆ ਸੀ। ਮੈਕਿਨਤਾਇਰ ਨੇ ਟਵਿੱਟਰ ਉੱਤੇ ਲਿਖਿਆ ਕਿ ਉਸ ਦਾ ਪਤੀ ਹਮੇਸ਼ਾਂ ਉਸ ਲਈ ਸੱਭ ਤੋਂ ਵੱਡਾ ਚੈਂਪੀਅਨ ਸੀ। ਮੈਕਿਨਤਾਇਰ ਨੇ ਦੱਸਿਆ “ਜਦੋਂ ਮੈਨੂੰ ਇਹ ਜੌਬ ਮਿਲੀ ਤਾਂ ਮੇਰੇ ਪਤੀ ਕਾਫੀ ਖੁਸ਼ ਸਨ। ਪਰ ਇਸ ਜੌਬ ਵਿੱਚ ਕਾਫੀ ਸਫਰ ਕਰਨਾ ਪੈਂਦਾ ਹੈ ਤੇ ਹੁਣ ਜਦੋਂ ਸਾਨੂੰ ਐਨਾ ਘਾਟਾ ਪਿਆ ਹੈ ਤਾਂ ਮੇਰੇ ਬੱਚਿਆਂ ਨੂੰ ਇਸ ਵੇਲੇ ਮੇਰੀ ਸੱਭ ਤੋਂ ਜਿ਼ਆਦਾ ਲੋੜ ਹੈ।”
ਮੈਕਿਨਤਾਇਰ ਨੇ ਇਹ ਵੀ ਆਖਿਆ ਕਿ ਕੈਨੇਡਾ ਦੇ ਕਲਾਈਮੇਟ ਸਬੰਧੀ ਏਜੰਡੇ ਨੂੰ ਅੱਗੇ ਵਧਾਉਣਾ ਉਸ ਲਈ ਕਾਫੀ ਮਾਣ ਵਾਲੀ ਗੱਲ ਸੀ ਪਰ ਉਨ੍ਹਾਂ ਇਸ ਗੱਲ ਉੱਤੇ ਵੀ ਭਰੋਸਾ ਪ੍ਰਗਟਾਇਆ ਕਿ ਕੈਨੇਡਾ ਦੀ ਇਸ ਮਾਮਲੇ ਵਿੱਚ ਲੀਡਰਸਿ਼ਪ ਜਾਰੀ ਰਹੇਗੀ। ਐਨਵਾਇਰਮੈਂਟ ਮੰਤਰੀ ਕੈਥਰੀਨ ਮੈਕੈਨਾ ਨੇ ਬੁੱਧਵਾਰ ਨੂੰ ਮੈਕਿਨਤਾਇਰ ਦੇ ਚੀਨ ਤੋਂ ਰਵਾਨਾ ਹੋਣ ਉੱਤੇ ਇੱਕ ਬਿਆਨ ਜਾਰੀ ਕਰਕੇ ਆਖਿਆ ਕਿ ਉਹ ਕਲਾਈਮੇਟ ਚੇਂਜ ਬਾਰੇ ਕਾਫੀ ਪ੍ਰਭਾਵਸ਼ਾਲੀ ਰਾਜਦੂਤ ਸੀ। ਉਨ੍ਹਾਂ ਇਹ ਵੀ ਆਖਿਆ ਕਿ ਅਸੀਂ ਜਲਦ ਹੀ ਉਨ੍ਹਾਂ ਦਾ ਬਦਲ ਲਿਆਂਵਾਂਗੇ। ਇੱਥੇ ਦੱਸਣਾ ਬਣਦਾ ਹੈ ਕਿ ਜਦੋਂ ਪਤੀ ਦੀ ਮੌਤ ਦੀ ਖਬਰ ਮਿਲੀ ਤਾਂ ਮੈਕਿਨਤਾਇਰ ਟਰੂਡੋ ਨਾਲ ਚੀਨ ਦੇ ਦੌਰੇ ਉੱਤੇ ਗਈ ਹੋਈ ਸੀ।