ਕੈਨੇਡਾ ਦਾ ਸਾਊਦੀ ਅਰਬੀਆ ਨਾਲ ਖ਼ਤਰਨਾਕ ਦੋਸਤਾਨਾ

30 Saudi ammunitionਕੈਨੇਡੀਅਨ ਵਿਦੇਸ਼ ਮੰਤਰੀ ਕ੍ਰੀਸਟੀਆ ਫਰੀਲੈਂਡ ਦਾ ਦਿਲ ਕੱਲ ਤੋਂ ਬਹੁਤ ਹਲਕਾ ਪਿਆ ਹੋਇਆ ਹੈ। ਉਸਨੂੰ ਫਿ਼ਕਰ ਹੈ ਕਿ ਸਾਊਦੀ ਅਰਬੀਆ ਨੇ ਕਿਧਰੇ ਕੈਨੇਡਾ ਵਿੱਚ ਤਿਆਰ ਕੀਤੇ ਗਏ ਆਰਮਡ ਵਹੀਕਲਾਂ (ਭਾਰੀ ਅਤੇ ਮਾਰੂ ਹਥਿਆਰ ਚੁੱਕ ਕੇ ਲਿਜਾਣ ਵਾਲੇ ਵਾਹਨ ਜਿਵੇਂ ਕਿ ਟੈਂਕ) ਨੂੰ ਨਿਰਦੋਸ਼ੇ ਲੋਕਾਂ ਨੂੰ ਨਪੀੜਨ ਲਈ ਨਾ ਵਰਤਿਆ ਲਿਆ ਹੋਵੇ। ਰਿਪੋਰਟਾਂ ਆ ਰਹੀਆਂ ਹਨ ਕਿ ਸਾਊਦੀ ਅਰਬੀਆ ਨੇ ਇਹਨਾਂ ਵਾਹਨਾਂ ਨੂੰ ਸ਼ੀਆ ਮੁਸਲਮਾਨਾਂ ਦੀ ਬਹੁਤਾਤ ਵਾਲੇ ਪੂਰਬੀ ਸੂਬੇ ਦੇ ਅਲ-ਕ਼ਾਤਿਫ ਏਰੀਆ ਵਿੱਚ ਪੈਂਦੇ ਪਿੰਡ ਅਵਾਮੀਆ ਵਿੱਚ ਆਪਣੇ ਹੀ ਦੇਸ਼ ਵਾਸੀਆਂ ਨੂੰ ਮਾਰਨ ਵਾਸਤੇ ਵਰਤਿਆ ਹੈ। ਵਰਨਣਯੋਗ ਹੈ ਕਿ ਸਾਊਦੀ ਅਰਬੀਆ ਦੇ ਇਸ ਖਿੱਤੇ ਵਿੱਚ ਅਮਨ-ਕਨੂੰਨ ਦੇ ਹਾਲਾਤ ਬਹੁਤ ਖਰਾਬ ਹਨ। ਪਿਛਲੇ ਦਿਨੀਂ ਸਾਊਦੀ ਪ੍ਰਸ਼ਾਸ਼ਨ ਵੱਲੋਂ ਇਸ ਇਲਾਕੇ ਦੇ 14 ਲੋਕਾਂ ਨੂੰ ਦਿੱਤੀ ਫਾਂਸੀ ਦੀ ਸਜ਼ਾ ਨੂੰ ਸਾਊਦੀ ਸੁਪਰੀਮ ਕੋਰਟ ਨੇ ਬਰਕਰਾਰ ਰੱਖਿਆ ਸੀ।

ਸੁਆਲ ਹੁੰਦਾ ਹੈ ਕਿ ਸਾਡੀ ਵਿਦੇਸ਼ ਮੰਤਰੀ ਦਾ ਦਿਲ ਸਾਊਦੀ ਅਰਬੀਆ ਵਿੱਚ ਪੈਦਾ ਹੋਈ ਸਥਿਤੀ ਨੂੰ ਲੈ ਕੇ ਹੱਥਾਂ ਵਿੱਚ ਕਿਉਂ ਆ ਰਿਹਾ ਹੈ? ਕਾਰਣ ਇਹ ਕਿ ਪਿਛਲੇ ਸਾਲ ਤਤਕਾਲੀ ਵਿਦੇਸ਼ ਮੰਤਰੀ ਸਟੈਫਾਨ ਡੀਓਨ ਨੇ ਸਾਊਦੀ ਅਰਬੀਆ ਨੂੰ 15 ਬਿਲੀਅਨ ਡਾਲਰ ਦੇ ਹਥਿਆਰ ਵੇਚਣ ਦੇ ਇਕਰਾਰਨਾਮਾ ਉੱਤੇ ਦਸਤਖ਼ਤ ਕੀਤੇ ਸੀ। ਸਰਕਾਰ ਦਾ ਤਰਕ ਸੀ ਕਿ ਸਾਊਦੀ ਅਰਬੀਆ ਨੂੰ ਹਥਿਆਰ ਇਸ ਸ਼ਰਤ ਉੱਤੇ ਵੇਚੇ ਜਾ ਰਹੇ ਹਨ ਕਿ ਇਹਨਾਂ ਦਾ ਇਸਤੇਮਾਲ ਨਿਰਦੋਸ਼ਾਂ ਨੂੰ ਮਾਰਨ ਲਈ ਨਹੀਂ ਕੀਤਾ ਜਾਵੇਗਾ।

ਸੁਆਲ ਹੈ ਕਿ ਕੀ ਸਾਊਦੀ ਅਰਬੀਆ ਲਈ ਅਜਿਹੀਆਂ ਸ਼ਰਤਾਂ ਦੀ ਕੋਈ ਬੁੱਕਤ ਹੈ? ਸਾਊਦੀ ਅਰਬੀਆ ਦੇ ਉੱਚ ਅਧਿਕਾਰੀਆਂ ਨੇ ਪਿਛਲੇ ਸਾਲ ਕੈਨੇਡਾ ਨੂੰ ਸਪੱਸ਼ਟ ਕੀਤਾ ਸੀ ਕਿ ਜੇਕਰ ਕੈਨੇਡਾ ਹਥਿਆਰ ਵੇਚਣ ਤੱਕ ਗੱਲ ਨੂੰ ਸੀਮਤ ਰੱਖੇਗਾ ਤਾਂ ਹੀ ਦੋਵਾਂ ਮੁਲਕਾਂ ਦਰਮਿਆਨ ਦੋਸਤਾਨਾ ਸਬੰਧ ਕਾਇਮ ਰਹਿ ਸਕੱਣਗੇ। ਸਾਊਦੀ ਅਰਬੀਆ ਦਾ ਦਾਅਵਾ ਹੈ ਕਿ ਕੈਨੇਡਾ ਉਸਨੂੰ ਹਥਿਆਰ ਦੋਸਤਾਨਾ ਭਾਈਵਾਲੀ ਦੀ ਭਾਵਨਾ (Goodwill gesture) ਤਹਿਤ ਵੇਚਦਾ ਹੈ।

ਚੇਤੇ ਰਹੇ ਕਿ ਸਾਊਦੀ ਨੂੰ 15 ਬਿਲੀਅਨ ਡਾਲਰ ਦੇ ਹਥਿਆਰ ਵੇਚਣ ਦੇ ਸੌਦੇ ਦੀ ਬੁਨਿਆਦ ਸਾਬਕਾ ਪ੍ਰਧਾਨ ਮੰਤਰੀ ਸਟੀਫਨ ਹਾਰਪਰ ਨੇ ਰੱਖੀ ਸੀ। ਇਸਦਾ ਮਤਲਬ ਹੈ ਕਿ ਇਸ ਹਮਾਮ ਵਿੱਚ ਲਿਬਰਲ ਅਤੇ ਕੰਜ਼ਰਵੇਟਿਵ ਦੋਵੇਂ ਸਰਕਾਰਾਂ ਬਰਾਬਰ ਨੰਗੀਆਂ ਹਨ। ਕੀ ਸਾਊਦੀ ਅਰਬੀਆ ਨੂੰ ਹਥਿਆਰ ਵੇਚਣ ਵਾਲਾ ਕੈਨੇਡਾ ਇੱਕਲਾ ਮੁਲਕ ਹੈ? ਨਹੀਂ ਇੰਗਲੈਂਡ ਅਤੇ ਅਮਰੀਕਾ ਸਮੇਤ ਪੱਛਮੀ ਮੁਲਕਾਂ ਦੇ ਕਿੰਨੇ ਹੀ ਵਿਕਸਤ ਮੁਲਕ ਸਾਊਦੀਆਂ ਨੂੰ ਡਾਲਰਾਂ ਬਦਲੇ ਹਥਿਆਰਾਂ ਦੇ ਗੱਫੇ ਵੰਡ ਰਹੇ ਹਨ।

ਸਾਊਦੀ ਅਰਬੀਆ ਨੇ ਮਾਰਚ 2015 ਤੋਂ ਯਮਨ ਨਾਲ ਜੰਗ ਵਿੱਢੀ ਹੋਈ ਹੈ ਜਿੱਥੇ ਲੋਕਲ ਲੋਕਾਂ ਦੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕਰਨ ਦੀਆਂ ਖੌਫਨਾਕ ਰਿਪੋਰਟਾਂ ਆ ਰਹੀਆਂ ਹਨ। ਇਹ ਕਿਵੇਂ ਹੋ ਸਕਦਾ ਹੈ ਕਿ ਯਮਨ ਵਿੱਚ ਪਬਲਿਕ ਦੇ ਮਨੁੱਖੀ ਅਧਿਕਾਰਾਂ ਦਾ ਘਾਣ ਹੁੰਦਾ ਹੋਵੇ ਅਤੇ ਇੰਗਲੈਂਡ ਅਤੇ ਅਮਰੀਕਾ ਦੇ ਸ਼ਾਸ਼ਕਾਂ ਦਾ ਦਿਲ ਨਾ ਪਸੀਜ,। ਸੋ ਇਹਨਾਂ ਦੋਵਾਂ ਮੁਲਕਾਂ ਨੇ ਯਮਨ ਸਰਕਾਰ ਨੂੰ 371.5 ਮਿਲੀਅਨ ਪੌਂਡ ਦੇ ਰਾਹਤ ਫੰਡ ਅਦਾ ਕੀਤੇ ਹਨ। ਸ਼ਰਾਰਤ ਦੀ ਹੱਦ ਵੇਖੋ ਕਿ ਦੂਜੇ ਪਾਸੇ ਇੰਗਲੈਂਡ ਅਮਰੀਕਾ ਨੇ ਯਮਨ ਨਾਲ ਜੰਗ ਲੜਨ ਵਾਲੇ ਸਾਊਦੀ ਅਰਬੀਆ ਨੂੰ 3.3 ਬਿਲੀਅਨ ਪੌਂਡ ਦੇ ਹਥਿਆਰ ਵੀ ਵੇਚੇ ਜੋ ਦਿੱਤੀ ਗਈ ਰਾਹਤ ਰਾਸ਼ੀ ਤੋਂ 10 ਗੁਣਾ ਵੱਧ ਰਾਸ਼ੀ ਦੇ ਬਣਦੇ ਹਨ। ਇਸ ਵਿੱਚ ਆਪਾਂ ਕੈਨੇਡਾ ਵੱਲੋਂ ਵੇਚੇ ਜਾਣ ਵਾਲੇ 15 ਬਿਲੀਅਨ ਪੌਂਡਾਂ ਦੇ ਹਥਿਆਰਾਂ ਦਾ ਇਜ਼ਾਫਾ ਵੀ ਕਰ ਸਕਦੇ ਹਾਂ।

ਜਿਸ ਰਫਤਾਰ ਨਾਲ ਸਾਊਦੀਆਂ ਨੂੰ ਹਥਿਆਰ ਮਿਲਦੇ ਹਨ, ਉੱਨੀ ਹੀ ਤੇਜ਼ੀ ਨਾਲ ਮਨੁੱਖੀ ਅਧਿਕਾਰਾਂ ਦੇ ਘਾਣ ਹੋਣ ਦੀਆਂ ਖ਼ਬਰਾਂ ਆ ਰਹੀਆਂ ਹਨ। ਯੂ ਐਨ ਦੇ ਮਨੁੱਖੀ ਅਧਿਕਾਰਾਂ ਬਾਰੇ ਕਮਿਸ਼ਨ ਮੁਤਾਬਕ ਉੱਥੇ ਹੁਣ ਤੱਕ 4600 ਲੋਕਾਂ ਨੂੰ ਇੱਕ ਜਾਂ ਦੂਜੇ ਕਾਰਣਾਂ ਕਰਕੇ ਕਤਲ ਕੀਤਾ ਜਾ ਚੁੱਕਾ ਹੈ ਅਤੇ 8000 ਤੋਂ ਵੱਧ ਜ਼ਖਮੀ ਹੋਏ ਹਨ। ਅਦਾਲਤਾਂ ਵੱਲੋਂ ਕੀਤੇ ਸੱਚੇ ਝੂਠੇ ਫੈਸਲਿਆਂ ਦੇ ਆਧਾਰ ਉੱਤੇ ਸਾਊਦੀ ਅਰਬੀਆ 2017 ਦੇ ਪਹਿਲੇ ਛੇ ਮਹੀਨਿਆਂ ਵਿੱਚ 66 ਲੋਕਾਂ ਨੂੰ ਫਾਂਸੀ ਦੇ ਚੁੱਕਾ ਹੈ। ਇਹ ਉਹੀ ਸਾਊਦੀ ਅਰਬੀਆ ਹੈ ਜਿੱਥੇ ਓਮਰ ਖਾਦਰ ਦੇ ਪਰਿਵਾਰ ਦਾ ਓਸਾਮਾ ਬਿਨ ਲਾਦੇਨ ਦੇ ਪਰਿਵਾਰ ਨਾਲ ਦੋਸਤਾਨਾ ਪਰਵਾਨ ਚੜਦਾ ਰਿਹਾ ਸੀ।

ਕੀ ਸਾਊਦੀ ਅਰਬੀਆ ਅਤਿਵਾਦ ਨੂੰ ਸ਼ਹਿ ਦੇਂਦਾ ਹੈ? ਕੋਈ ਛੁਪੀ ਨਹੀਂ ਕਿ ਆਈਸਿਸ ਦੀ ਸੋਚ ਨੂੰ ਪੱਠੇ ਪਾਉਣ ਵਾਲੀ ਵਹਾਬੀ ਮੁਹਿੰਮ ਨੂੰ ਸਾਊਦੀ ਅਰਬੀਆ ਵੱਲੋਂ ਹੀ ਮਦਦ ਦਿੱਤੀ ਜਾਂਦੀ ਹੈ, ਹਥਿਆਰਾਂ ਰਾਹੀਂ ਅਤੇ ਡਾਲਰਾਂ ਰਾਹੀਂ। 9/11 ਦੇ 19 ਦੋਸ਼ੀਆਂ ਵਿੱਚੋਂ 15 ਸਾਊਦੀ ਅਰਬੀਆ ਦੇ ਸ਼ਹਿਰੀ ਸਨ। ਸੋ ਇੱਕ ਪਾਸੇ ਆਈਸਿਸ ਨਾਲ ਲੜਨ ਲਈ ਫੌਜਾਂ ਭੇਜੀਆਂ ਜਾਂਦੀਆਂ ਹਨ ਤਾਂ ਦੂਜੇ ਪਾਸੇ ਸਾਊਦੀ ਅਰਬੀਆ ਨੂੰ ਹੱਥੀਂ ਹਥਿਆਰ ਬਣਾ ਕੇ ਵੇਚ ਜਾਂਦੇ ਹਨ?

ਕੀ ਸਾਊਦੀ ਅਰਬੀਆ ਵਿੱਚ ਅਤਿਵਾਦ ਨੂੰ ਸ਼ੈਅ ਦੇਂਦਾ ਹੈ? ਸਾਊਦੀ ਅਰਬੀਆ ਦੇ ਅੰਦਰੂਨੀ ਮੰਤਰਾਲੇ (Interior Ministry) ਨੇ ਮਾਰਚ 2014 ਵਿੱਚ ਜਾਰੀ ਇੱਕ ਲਿਖਤੀ ਰਿਪੋਰਟ ਵਿੱਚ ਕਬੂਲ ਕੀਤਾ ਸੀ ਕਿ ਉਸਨੇ 3 ਲੱਖ 70 ਹਜ਼ਾਰ ਵਿਦੇਸ਼ੀ ਅਤਿਵਾਦੀਆਂ ਨੂੰ ਦੇਸ਼ ਨਿਕਾਲਾ ਦਿੱਤਾ ਹੈ ਅਤੇ 18,000 ਤੋਂ ਵੱਧ ਨੂੰ ਜੇਲ੍ਹ ਕੀਤੀ ਹੈ। ਜੇਕਰ ਐਨੇ ਅਤਿਵਾਦੀ ਮੌਜੂਦ ਸਨ ਤਾਂ ਹੀ ਦੇਸ਼ ਨਿਕਾਲਾ ਦਿੱਤਾ ਗਿਆ? ਕੌਣ ਜਾਣਦਾ ਹੈ ਕਿ ਹੋਰ ਕਿੰਨੇ ਕੁ ਬਾਕੀ ਹਨ? ਐਸੇ ਮੁਲਕ ਨੂੰ ਬਿਲੀਅਨ ਹੀ ਡਾਲਰਾਂ ਦੇ ਹਥਿਆਰ ਵੇਚ ਕੇ ਨਿਰਦੋਸ਼ਾਂ ਦੀ ਖੈਰ ਸੁੱਖ ਮੰਗਣ ਲਈ ਦੋਸਤਾਨਾ ਲਿਹਾਜ ਦੀ ਆਸ ਰੱਖਣੀ ਕਿੰਨੀ ਕੁ ਹੱਦ ਤੱਕ ਜ਼ਾਇਜ ਹੈ?