ਕੈਨੇਡਾ ਦਾ ਪਲੇਠਾ ਵਿਸ਼ਵ ਨਿਊਜ਼ ਦਿਵਸ

ਯੂਨਾਈਟਡ ਨੇਸ਼ਨ ਵੱਲੋਂ ਹਰ ਸਾਲ 3 ਮਈ ਨੂੰ 1993 ਤੋਂ ਵਿਸ਼ਵ ਪਰੈੱਸ ਦਿਵਸ ਮਨਾਇਆ ਜਾਂਦਾ ਹੈ ਅਤੇ ਇਸ ਸਾਲ ਕੈਨੇਡੀਅਨ ਜਰਨਲਿਜ਼ਮ ਫਾਉਂਡੇਸ਼ਨ ਦੇ ਉੱਦਮ ਸਦਕਾ ਕੈਨੇਡਾ ਭਰ ਵਿੱਚ 3 ਮਈ ਨੂੰ ਇੱਕ ਵੱਖਰੇ ਨਾਮ ‘ਵਰਲਡ ਨਿਊਜ਼ ਡੇਅ ਅਰਥਾਤ ਵਿਸ਼ਵ ਸਮਾਚਾਰ ਦਿਵਸ ਵਜੋਂ ਇਹ ਦਿਵਸ ਪਹਿਲੀ ਵਾਰ ਮਨਾਇਆ ਗਿਆ। ਇਸ ਬਾਬਤ ਪਲੇਠਾ ਪ੍ਰੋਗਰਾਮ ਟੋਰਾਂਟੋ ਵਿੱਚ ਆਯੋਜਤ ਕੀਤਾ ਗਿਆ ਜਿਸ ਵਿੱਚ ਬੀਤੇ ਦਿਨੀਂ ਕਾਬੁਲ, ਅਫਗਾਨਸਤਾਨ ਵਿੱਚ ਅਤਿਵਾਦੀਆਂ ਹੱਥੋਂ ਮਾਰੇ ਗਏ 9 ਪੱਤਰਕਾਰਾਂ ਨੂੰ ਚੇਤੇ ਕਰਨਾ ਸ਼ਾਮਲ ਸੀ। ਚੇਤੇ ਰਹੇ ਕਿ ਹਾਲ ਦੇ ਇਤਿਹਾਸ ਵਿੱਚ ਜੋ ਖੂਨੀ ਮੁਕਾਮ ਅਫਗਾਨਸਤਾਨ ਵਿੱਚ 2001 ਤੋਂ ਬਾਅਦ ਪਾਇਆ ਜਾ ਰਿਹਾ ਹੈ, ਪੱਤਰਕਾਰਾਂ ਉੱਤੇ ਇਹ ਸੱਭ ਤੋਂ ਵੱਧ ਵਹਿਸ਼ੀ ਅਤੇ ਜ਼ਾਲਮਾਨਾ ਹਮਲਾ ਸੀ।

ਜੇ ਗੱਲ ਨੂੰ ਕੈਨੇਡੀਅਨ ਪਰੀਪੇਖ ਵਿੱਚ ਕੀਤਾ ਜਾਵੇ ਤਾਂ 1992 ਤੋਂ ਚਾਰ ਕੈਨੇਡੀਅਨ ਪੱਤਰਕਾਰ ਹਨ ਜੋ ਆਪਣੇ ਕਿੱਤੇ ਦਾ ਫਰਜ਼ ਨਿਭਾਉਂਦੇ ਹੋਏ ਕਤਲ ਹੋਏ। ਇਹਨਾਂ ਵਿੱਚ 34 ਸਾਲਾ ਕੈਲਗਰੀ ਹੈਰਾਲਡ ਦੀ ਅਫਗਾਨਸਤਾਨ ਵਿੱਚ 2009 ਵਿੱਚ ਬੰਬ ਬਲਾਸਟ ਦੌਰਾਨ ਮਾਰੀ ਗਈ ਮਿਸ਼ੇਲ ਲੈਂਗ, 2014 ਵਿੱਚ ਸੀਰੀਆ ਵਿੱਚ ਮਾਰਿਆ ਗਿਆ ਫਰੀਲਾਂਸ ਫੋਟੋਜਰਨਲਿਸਟ ਅਲੀ ਮੁਸਤਾਫਾ, ਇਰਾਨੀ ਮੂਲ ਦੀ ਪੱਤਰਕਾਰ ਜ਼ਾਹਰਾ ਕਾਜ਼ੇਮੀ ਜੋ ਤਹਿਰਾਨ ਵਿੱਚ ਸਰਕਾਰ ਵਿਰੋਧੀ ਪਰਦਰਸ਼ਨ ਨੂੰ ਕਵਰ ਕਰਦੀ ਹੋਈ ਇਰਾਨ ਦੇ ਸਰਕਾਰੀ ਅਧਿਕਾਰੀਆਂ ਹੱਥੋਂ ਬੇਹੱਦ ਗੰਭੀਰ ਰੂਪ ਵਿੱਚ ਜਖ਼ਮੀ ਹੋਈ ਦਮ ਤੋੜ ਗਈ ਸੀ ਅਤੇ ਚੌਥਾ ਪੱਤਰਕਾਰ ਕੋਈ ਹੋਰ ਨਹੀਂ ਸਗੋਂ 1998 ਵਿੱਚ ਮਾਰਿਆ ਗਿਆ ਪੰਜਾਬੀ ਭਾਈਚਾਰੇ ਦਾ ਜਾਣਿਆ ਪਹਿਚਾਣਿਆ ਪੱਤਰਕਾਰ ਤਾਰਾ ਸਿੰਘ ਹੇਅਰ ਸੀ। 1999 ਵਿੱਚ ਕੈਨੇਡੀਅਨ ਜਰਨਲਿਸਟਜ਼ ਫਾਰ ਫਰੀ ਐਕਸਪ੍ਰੈਸ਼ਨ(Canadian Journalists for Free Expression) ਨੇ ਆਪਣੇ ਕੈਨੇਡੀਅਨ ਪ੍ਰੈਸ ਫਰੀਡਮ ਅਵਾਰਡ ਦਾ ਨਾਮਕਰਣ ਤਾਰਾ ਸਿੰਘ ਹੇਅਰ ਦੇ ਸਨਮਾਨ ਵਿੱਚ ਤਾਰਾ ਸਿੰਘ ਹੇਅਰ ਅਵਾਰਡ ਵਜੋਂ ਕੀਤਾ ਸੀ।

ਜੇ ਵਿਸ਼ਵ ਭਰ ਦੀ ਗੱਲ ਕੀਤੀ ਜਾਵੇ ਤਾਂ ਮੀਡੀਆ ਦੀ ਅਜ਼ਾਦੀ ਲਈ ਕੰਮ ਕਰਨ ਵਾਲੀ ਰਿਪੋਰਟਰਜ਼ ਵਿਦਾਊਟ ਬਾਰਡਰਜ਼  (Reporters Without Borders) ਵੱਲੋਂ ਦਿੱਤੇ ਗਏ 180 ਦੇਸ਼ਾਂ ਦੇ ਅੰਕੜਿਆਂ ਮੁਤਾਬਕ ਪੱਤਰਕਾਰਾਂ ਲਈ ਕੰਮ ਕਰਨ ਵਾਸਤੇ ਵਿਸ਼ਵ ਭਰ ਵਿੱਚ ਸੱਭ ਤੋਂ ਵੱਧ ਖਤਰਨਾਕ ਮਾਹੌਲ ਨੌਰਥ ਕੋਰੀਆ ਵਿੱਚ ਹੈ ਅਤੇ ਸੱਭ ਤੋਂ ਬਿਹਤਰ ਹਾਲਾਤ ਨੌਰਵੇ ਵਿੱਚ ਹਨ। ਕੈਨੇਡਾ ਦਾ ਵਿਸ਼ਵ ਵਿੱਚ 18ਵਾਂ ਨੰਬਰ ਹੈ ਜਿਸਦਾ ਅਰਥ ਹੈ ਕਿ 17 ਅਜਿਹੇ ਮੁਲਕ ਹਨ ਜਿੱਥੇ ਕੰਮ ਕਰਨਾ ਪੱਤਰਕਾਰਾਂ ਲਈ ਕੈਨੇਡਾ ਨਾਲੋਂ ਚੰਗਾ ਅਤੇ ਸੁਰੱਖਿਅਤ ਹੈ। ਅਮਰੀਕਾ ਦੀ ਰੈਂਕਿੰਗ 21 ਹੈ। ਪਿਛਲੇ ਸਾਲਾਂ ਨਾਲੋਂ ਕੈਨੇਡਾ ਨੂੰ ਪੱਤਰਕਾਰ ਅਜ਼ਾਦੀ ਲਈ ਮਿਲਣ ਵਾਲੇ ਅੰਕਾਂ ਵਿੱਚ 14 ਅੰਕਾਂ ਦੀ ਕਮੀ ਕੀਤੀ ਗਈ ਹੈ। ਇਸ ਵਿੱਚ ਵਿਸ਼ੇਸ਼ ਕਾਰਣ ਸਰਕਾਰ ਵੱਲੋਂ ਪੱਤਰਕਾਰ ਬੈਨ ਮਾਕੁਸ਼ ਨੂੰ ਉਹ ਜਾਣਕਾਰੀ ਰੀਲੀਜ਼ ਕਰਨ ਲਈ ਪੁਲੀਸ ਰਾਹੀਂ ਉਹ ਜਾਣਕਾਰੀ ਰੀਲੀਜ਼ ਕਰਨ ਵਾਸਤੇ ਦਬਾਅ ਪਾਉਣਾ ਹੈ ਜੋ ਉਸਨੂੰ ਕੈਲਗਰੀ ਦੇ ਫਾਰਾਹ ਮੁਹਮੰਦ ਸਿ਼ਰਡੋਨ ਕੋਲੋਂ ਹਾਸਲ ਹੋਈ ਸੀ। ਫਾਰਾਹ ਮੁਹਮੰਦ ਅਤਿਵਾਦੀ ਸਫ਼ਾਂ ਵਿੱਚ ਸ਼ਾਮਲ ਹੋਣ ਲਈ ਸੀਰੀਆ ਚਲਾ ਗਿਆ ਸੀ ਜਿਸ ਬਾਬਤ ਬੈਨ ਨੇ ਉਸ ਨਾਲ ਮੁਲਾਕਾਤ ਕਰਕੇ ਤਿੰਨ ਆਰਟੀਕਲ ਲਿਖੇ ਸਨ। ਬੈਨ ਮਾਕੁਸ਼ ਦਾ ਸਟੈਂਡ ਹੈ ਕਿ ਉਸ ਕੋਲ ਪ੍ਰਾਪਤ ਜਾਣਕਾਰੀ ਨੂੰ ‘ਪੱਤਰਕਾਰੀ ਦੇ ਸਿਧਾਂਤਾਂ’ ਮੁਤਾਬਕ ਸਰਕਾਰ ਵੱਲੋਂ ਹਾਸਲ ਨਹੀਂ ਕੀਤਾ ਜਾ ਸਕਦਾ।

ਕੈਨੇਡਾ ਵਿੱਚ ਵਿਸ਼ਵ ਨਿਊਜ਼ ਦਿਵਸ ਮਨਾਉਣ ਦੇ ਉੱਦਮ ਦਾ ਸੁਆਗਤ ਕੀਤਾ ਜਾਣਾ ਬਣਦਾ ਹੈ ਪਰ ਨਾਲ ਹੀ ਕੈਨੇਡੀਅਨ ਪੱਤਰਕਾਰੀ ਵਿੱਚ ਐਥਨਿਕ ਮੀਡੀਆ ਦੇ ਯੋਗਦਾਨ ਨੂੰ ਕਬੂਲ ਕੀਤੇ ਜਾਣ ਦੀ ਲੋੜ ਹੈ। ਆਪਣਾ ਫਰਜ਼ ਨਿਭਾਉਂਦੇ ਹੋਏ ਮਾਰੇ ਗਏ ਚਾਰ ਕੈਨੇਡੀਅਨ ਪੱਤਰਕਾਰਾਂ ਵਿੱਚੋਂ 3 ਐਥਨਿਕ ਮੂਲ ਦੇ ਪੱਤਰਕਾਰ ਸਨ। ਪੰਜਾਬੀ ਪੋਸਟ ਦੇ ਮੁੱਖ ਸੰਪਾਦਕ ਜਗਦੀਸ਼ ਗਰੇਵਾਲ ਉੱਤੇ ਅਕਤੂਬਰ 2009 ਵਿੱਚ ਬੰਦੂਕ ਦੀ ਨੋਕ ਉੱਤੇ ਕੀਤੇ ਗਏ ਕਾਤਲਾਨਾ ਹਮਲੇ ਬਾਰੇ ਪੁਲੀਸ ਵੱਲੋਂ ਕੋਈ ਵੀ ਖੁਰਾ ਖੋਜ ਨਾ ਕੱਢਣਾ ਪੱਤਰਕਾਰੀ ਦੇ ਸੁਤੰਤਰ ਹੋਣ ਉੱਤੇ ਵੱਡਾ ਸੁਆਲ ਖੜਾ ਕਰਦਾ ਹੈ। ਮੁੱਖ ਧਾਰਾ ਦੇ ਮੀਡੀਆ ਨੂੰ ਇਹ ਗੱਲ ਕਬੂਲਣੀ ਹੋਵੇਗੀ ਕਿ ਜਿੱਥੇ ਤੱਕ ਕੰਮਕਾਜ ਦੀ ਸੁਤੰਤਰਤਾ ਅਤੇ ਦਰਪੇਸ਼ ਜੋਖ਼ਮਾਂ ਦਾ ਸੁਆਲ ਹੈ, ਉਸ ਵਿੱਚ ਐਥਨਿਕ ਮੀਡੀਆ ਦੀ ਸਥਿਤੀ ਬਹੁਤ ਜਿ਼ਆਦਾ ਨਾਜ਼ੁਕ ਹੈ। ਐਡਮਿੰਟਨ ਤੋਂ ਪੰਜਾਬੀ ਪੱਤਰਕਾਰ ਜਰਨੈਲ ਬਸੋਤਾ ਉੱਤੇ ਸਿਆਸੀ ਦਬਾਅ ਥੱਲੇ 2013 ਵਿੱਚ ਕੀਤਾ ਗਿਆ ਜਾਨਲੇਵਾ ਹਮਲਾ ਇਸ ਘਟਨਾਕ੍ਰਮ ਦਾ ਇੱਕ ਅਨਿੱਖੜਵਾਂ ਅੰਗ ਹੈ। ਆਸ ਕਰਨੀ ਚਾਹੀਦੀ ਹੈ ਕਿ ਅਗਲੇ ਸਾਲਾਂ ਵਿੱਚ ਕੈਨੇਡਾ ਦਾ ਵਿਸ਼ਵ ਸਮਾਚਾਰ ਦਿਵਸ ਹਰ ਪੱਧਰ ਉੱਤੇ ਹਰ ਵਰਗ ਦੇ ਮੀਡੀਆ ਵੱਲੋਂ ਨਿਭਾਏ ਜਾਂਦੇ ਯੋਗਦਾਨ ਬਾਰੇ ਚੇਤਨਾ ਪੈਦਾ ਕਰਨ ਦਾ ਸਬੱਬ ਬਣੇਗਾ।