ਕੈਨੇਡਾ ਤੇ ਮੈਕਸਿਕੋ ਵੱਲੋਂ ਨਾਫਟਾ ਸਬੰਧੀ ਗੱਲਬਾਤ ਜਾਰੀ ਰੱਖਣ ਦਾ ਫੈਸਲਾ

ਵਾਸਿ਼ੰਗਟਨ, 1 ਜੂਨ (ਪੋਸਟ ਬਿਊਰੋ) : ਟਰੰਪ ਪ੍ਰਸ਼ਾਸਨ ਵੱਲੋਂ ਨਵੇਂ ਸਟੀਲ ਤੇ ਐਲੂਮੀਨੀਅਮ ਟੈਰਿਫਜ਼ ਤੋਂ ਕੈਨੇਡਾ ਤੇ ਮੈਕਸਿਕੋ ਨੂੰ ਵੀ ਛੋਟ ਨਾ ਦਿੱਤੇ ਜਾਣ ਤੋਂ ਬਾਅਦ ਦੋਵਾਂ ਮੁਲਕਾਂ ਨੂੰ ਇੱਕ ਵਾਰੀ ਤਾਂ ਵੱਡਾ ਝਟਕਾ ਲੱਗਿਆ ਪਰ ਉਨ੍ਹਾਂ ਨਾਫਟਾ ਸਬੰਧੀ ਗੱਲਬਾਤ ਮੁੜ ਸ਼ੁਰੂ ਕਰ ਦਿੱਤੀ ਹੈ।
ਇਹ ਮੰਨਿਆ ਜਾ ਰਿਹਾ ਹੈ ਕਿ ਨਾਫਟਾ ਗੱਲਬਾਤ ਕਿਸੇ ਤਣ ਪੱਤਣ ਨਾ ਲੱਗਣ ਤੋਂ ਖਿੱਝੇ ਅਮਰੀਕਾ ਵੱਲੋਂ ਜਾਣਬੁੱਝ ਕੇ ਹੀ ਕੈਨੇਡਾ ਤੇ ਮੈਕਸਿਕੋ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਤੇ ਮੈਕਸਿਕੋ ਦੇ ਰਾਸ਼ਟਰਪਤੀ ਐਨਰਿਕ ਪੇਨਾ ਨਿਏਟੋ ਨੇ ਵੀਰਵਾਰ ਨੂੰ ਫੋਨ ਕਾਲ ਉੱਤੇ ਨਾਫਟਾ ਗੱਲਬਾਤ ਨੂੰ ਜਾਰੀ ਰੱਖਣ ਦਾ ਤਹੱਈਆ ਪ੍ਰਗਟਾਇਆ।
ਜਿ਼ਕਰਯੋਗ ਹੈ ਕਿ ਅਮਰੀਕਾ ਵੱਲੋਂ ਇਹ ਐਲਾਨ ਕੀਤੇ ਜਾਣ ਤੋਂ ਬਾਅਦ ਕੈਨੇਡਾ ਨੇ ਵੀ ਕੁੱਝ ਅਮਰੀਕੀ ਵਸਤਾਂ ਉੱਤੇ 16.6 ਬਿਲੀਅਨ ਡਾਲਰ ਦਾ ਟੈਰਿਫ ਵਸੂਲਣ ਦਾ ਐਲਾਨ ਕੀਤਾ ਹੈ। ਇਸੇ ਦੌਰਾਨ ਮੈਕਸਿਕੋ ਵੱਲੋਂ ਵੀ ਕੁੱਝ ਅਮਰੀਕੀ ਵਸਤਾਂ ਉੱਤੇ ਟੈਰਿਫ ਵਸੂਲਣ ਦੀ ਯੋਜਨਾ ਬਣਾਈ ਜਾ ਰਹੀ ਹੈ। ਮੈਕਸਿਕੋ ਦੇ ਆਗੂ ਨਾਲ ਟਰੂਡੋ ਦੀ ਫੋਨ ਉੱਤੇ ਹੋਈ ਗੱਲਬਾਤ ਦਾ ਨਿਚੋੜ ਦੱਸਦਿਆਂ ਟਰੂਡੋ ਦੇ ਆਫਿਸ ਨੇ ਆਖਿਆ ਕਿ ਦੋਵਾਂ ਧਿਰਾਂ ਵੱਲੋਂ ਕੈਨੇਡੀਅਨ ਤੇ ਮੈਕਸਿਕਨ ਸਟੀਲ ਤੇ ਐਲੂਮੀਨੀਅਮ ਉੱਤੇ ਅਮਰੀਕਾ ਵੱਲੋਂ ਲਾਏ ਟੈਰਿਫ ਉੱਤੇ ਡੂੰਘੀ ਚਿੰਤਾ ਪ੍ਰਗਟਾਈ ਗਈ ਤੇ ਦੋਵਾਂ ਮੁਲਕਾਂ ਨੇ ਇਸ ਉੱਤੇ ਆਪਣੀ ਨਿਰਾਸ਼ਾ ਵੀ ਜ਼ਾਹਿਰ ਕੀਤੀ।
ਦੋਵਾਂ ਆਗੂਆਂ ਨੇ ਨਾਫਟਾ ਸਬੰਧੀ ਗੱਲਬਾਤ ਜਾਰੀ ਰੱਖਣ ਤੇ ਇਸ ਦੇ ਆਪਸੀ ਫਾਇਦੇ ਵਾਲੇ ਹੱਲ ਬਾਰੇ ਵੀ ਗੱਲ ਕੀਤੀ। ਇਹ ਵੀ ਪਤਾ ਲੱਗਿਆ ਹੈ ਕਿ ਵੀਰਵਾਰ ਸ਼ਾਮ ਨੂੰ ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਨੇ ਟਰੂਡੋ ਨੂੰ ਸੰਬੋਧਿਤ ਹੋ ਕੇ ਇੱਕ ਤਿੱਖੀ ਚੇਤਾਵਨੀ ਜਾਰੀ ਕੀਤੀ ਹੈ। ਇਸ ਵਿੱਚ ਟਰੰਪ ਨੇ ਸਪਸ਼ਟ ਕੀਤਾ ਹੈ ਕਿ ਟਰੂਡੋ ਨੂੰ ਇਹ ਸਮਝ ਆ ਜਾਣੀ ਚਾਹੀਦੀ ਹੈ ਕਿ ਅਮਰੀਕਾ ਸਹੀ ਡੀਲ ਉੱਤੇ ਹੀ ਸਹਿਮਤੀ ਪ੍ਰਗਟਾਵੇਗਾ ਜਾਂ ਫਿਰ ਇਸ ਤਰ੍ਹਾਂ ਦੀ ਕੋਈ ਡੀਲ ਨਹੀਂ ਹੋਵੇਗੀ।