ਕੈਨੇਡਾ ਡਿਫੈਂਸ ਬਜਟ ਵਿੱਚ ਨਹੀਂ ਕਰੇਗਾ ਵਾਧਾ : ਟਰੂਡੋ

ਰੀਗਾ, ਲੈਟਵੀਆ, 11 ਜੁਲਾਈ(ਪੋਸਟ ਬਿਊਰੋ) : ਨਾਟੋ ਮੈਂਬਰਾਂ ਉੱਤੇ ਡਿਫੈਂਸ ਉੱਤੇ ਕੀਤੇ ਜਾਣ ਵਾਲੇ ਖਰਚੇ ਵਿੱਚ ਵਾਧਾ ਕਰਨ ਲਈ ਅਮਰੀਕਾ ਦੇ ਰਾਸਟਰਪਤੀ ਡੌਨਲਡ ਟਰੰਪ ਵੱਲੋਂ ਵਾਰੀ ਵਾਰੀ ਪਾਏ ਜਾਣ ਵਾਲੇ ਦਬਾਅ ਦੇ ਬਾਵਜੂਦ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇਹ ਸਾਫ ਕਰ ਦਿੱਤਾ ਹੈ ਕਿ ਅਜਿਹਾ ਕਰਨ ਦੀ ਕੈਨੇਡਾ ਦੀ ਕੋਈ ਯੋਜਨਾ ਨਹੀਂ ਹੈ।
ਇਸ ਦੌਰਾਨ ਟਰੂਡੋ ਨੇ ਕੈਨੇਡਾ ਸਮੇਤ ਨਾਟੋ ਭਾਈਵਾਲਾਂ ਵੱਲੋਂ 2014 ਵਿੱਚ ਕੀਤੇ ਉਸ ਸਮਝੌਤੇ ਨੂੰ ਵੀ ਜਰੂਰੀ ਨਹੀਂ ਦੱਸਿਆ ਜਿਸ ਵਿੱਚ ਕੁੱਲ ਘਰੇਲੂ ਉਤਪਾਦ ਦਾ ਦੋ ਫੀ ਸਦੀ ਅਗਲੇ ਦਹਾਕੇ ਵਿੱਚ ਡਿਫੈਂਸ ਉੱਤੇ ਖਰਚਣ ਦਾ ਸਮਝੌਤਾ ਕੀਤਾ ਸੀ। ਉਨ੍ਹਾਂ ਆਖਿਆ ਕਿ ਇਹ ਤਾਂ ਕਿਸੇ ਦੇਸ ਵੱਲੋਂ ਇਸ ਮਿਲਟਰੀ ਗੱਠਜੋੜ ਲਈ ਦੇਸ ਵੱਲੋਂ ਪ੍ਰਗਟਾਈ ਗਈ ਵਚਨਬੱਧਤਾ ਦਾ ਇੱਕ ਤਰੀਕਾ ਹੈ।
ਉਨ੍ਹਾਂ ਆਖਿਆ ਕਿ ਇਸ ਗੱਠਜੋੜ ਪ੍ਰਤੀ ਕਿਸੇ ਦੇਸ ਦੀ ਵਚਨਬੱਧਤਾ ਨੂੰ ਮਾਪਣ ਲਈ ਦੋ ਫੀ ਸਦੀ ਦਾ ਇਹ ਟੀਚਾ ਬਹੁਤ ਹੀ ਸੀਮਤ ਸੰਦ ਹੈ। ਨਾਟੋ ਦੇ 69 ਸਾਲਾਂ ਦੇ ਇਤਿਹਾਸ ਵਿੱਚ ਇਹ ਪਹਿਲਾ ਮੌਕਾ ਹੈ ਜਦੋਂ ਨਾਟੋ ਆਗੂਆਂ ਦਰਮਿਆਨ ਇਹ ਮੀਟਿੰਗ ਹੋ ਰਹੀ ਹੋਵੇ। ਇਹ ਇਸ ਲਈ ਵੀ ਜਰੂਰੀ ਹੈ ਕਿਉਂਕਿ ਟਰੰਪ ਵੱਲੋਂ ਨਾਟੋ ਭਾਈਵਾਲਾਂ ਉੱਤੇ ਲਗਾਤਾਰ ਦਬਾਅ ਬਣਾਇਆ ਜਾ ਰਿਹਾ ਹੈ। ਨਾਟੋ ਦੇ ਬਹੁਤੇ ਭਾਈਵਾਲ ਇਸ 2 ਫੀ ਸਦੀ ਟੀਚੇ ਨੂੰ ਪੂਰਾ ਨਹੀਂ ਕਰਦੇ। ਕੀ ਉਨ੍ਹਾਂ ਨੂੰ ਅਮਰੀਕਾ ਨੂੰ ਐਨੇ ਸਾਲਾਂ ਵਿੱਚ ਨਾ ਕੀਤੀ ਗਈ ਇਸ ਅਦਾਇਗੀ ਦੀ ਭਰਪਾਈ ਕਰਨੀ ਹੋਵੇਗੀ।
ਕੈਨੇਡਾ ਵੀ ਟਰੰਪ ਦੇ ਇਸ ਗੁੱਸੇ ਦਾ ਸਿਕਾਰ ਹੋਣ ਤੋਂ ਬਚ ਨਹੀਂ ਸਕਿਆ ਹੈ। ਟਰੰਪ ਨੇ ਓਟਵਾ ਨੂੰ ਵੀ ਇਸ ਸਬੰਧ ਵਿੱਚ ਚਿੱਠੀ ਭੇਜੀ ਹੈ।