ਕੈਨੇਡਾ ਕਬੱਡੀ ਕੱਪ 20 ਅਗਸਤ ਨੂੰ ਪਾਵਰੇਡ ਸੈਟਰ ਵਿਖੇ

Fullscreen capture 892017 83605 AM-ਪਾਕਿਸਤਾਨੀ ਦੀ ਟੀਮ ਹੋਵੇਗੀ ਖਿੱਚ ਦਾ ਕੇਦਰ
ਬਰੈਪਟਨ, 8 ਅਗਸਤ (ਪੋਸਟ ਬਿਓਰੋ)- ਦੁਨੀਆ ਭਰ ਵਿਚ ਮਸ਼ਹੂਰ 27ਵਾਂ ਕੈਨੇਡਾ ਕਬੱਡੀ ਕੱਪ 20 ਅਗਸਤ ਨੂੰ ਬਰੈਂਪਟਨ ਦੇ ਪਾਵਰੇਡ ਸੈਂਟਰ ਵਿਖੇ ਕਰਵਾਇਆ ਜਾ ਰਿਹਾ ਹੈ। ਇਹ ਟੁਰਨਾਮੈਂਟ ਇਨਡੋਰ ਹੋਵੇਗਾ ਅਤੇ ਇਸ ਵਾਰ ਇਸ ਨੂੰ ਡਿਕਸੀ ਟੋਰਾਂਟੋ ਯੂਨਾਈਟਡ ਸਪੋਰਟਸ ਕਲੱਬ ਵਲੋਂ ਕਰਵਾਇਆ ਜਾ ਰਿਹਾ ਹੈ। ਕਲੱਬ ਦੇ ਪ੍ਰਧਾਨ ਦਲਜੀਤ ਸਹੋਤਾ ਨੇ ਦੱਸਿਆ ਕਿ ਇਸ ਟੂਰਨਾਮੈਟ ਵਿਚ ਦੋ ਟੀਮਾਂ ਵੈਨਕੁਵਰ (ਕੈਨੇਡਾ ਵੈਸਟ), ਇਕ ਟੀਮ ਟੋਰਾਂਟੋ (ਕੈਨੇਡਾ ਈਸਟ) ਤੋ ਇਲਾਵਾ ਇੰਗਲੈਡ, ਅਮਰੀਕਾ, ਇੰਡੀਆ ਅਤੇ ਪਾਕਿਸਤਾਨ ਸਮੇਤ ਕੁੱਲ 7 ਟੀਮਾਂ ਭਾਗ ਲੈਣਗੀਆਂ। ਪ੍ਰਧਾਨ ਦਲਜੀਤ ਸਿੰਘ ਸਹੋਤਾ ਨੇ ਦੱਸਿਆ ਕਿ ਪਾਕਿਸਤਾਨ ਦੀ ਟੀਮ ਨੂੰ ਸਪਾਂਸਰਸਿ਼ਪ ਭੇਜ ਦਿੱਤੀ ਗਈ ਹੈ। ਪੰਜ ਖਿਡਾਰੀ ਕਨਫਰਮ ਹੋ ਚੁੱਕੇ ਹਨ ਅਤੇ ਬਾਕੀਆਂ ਦੇ ਵੀ ਜਲਦੀ ਵੀਜ਼ੇ ਲੱਗਣ ਦੀ ਉਮੀਦ ਹੈ। 21 ਸਾਲ ਤੋ ਘੱਟ ਉਮਰ ਵਰਗ ਦੇ ਮੁਕਾਬਲੇ ਵੀ ਬੜੇ ਦਿਲਚਸਪ ਹੋਣਗੇ। ਇਸ ਵਿਚ ਅਮਰੀਕਾ, ਕੈਨੇਡਾ ਵੈਸਟ ਅਤੇ ਕੈਨੇਡਾ ਈਸਟ ਦੀਆਂ ਟੀਮਾਂ ਭਾਗ ਲੈਣ ਜਾ ਰਹੀਆਂ ਹਨ। ਬੰਤ ਨਿੱਜਰ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਇਸ ਵਾਰ ਰੀ-ਐਟਰੀ ਸਾਢੇ 4 ਵਜੇ ਤੱਕ ਖੋਲੀ ਜਾ ਰਹੀ ਹੈ। ਸਵੇਰੇ ਸਾਢੇ 10 ਵਜੇ ਓਪਨਿੰਗ ਪਰੇਡ ਹੋਵੇਗੀ ਤੇ ਫਿਰ ਅਰਦਾਸ ਤੋਂ ਬਾਅਦ 11 ਵਜੇ ਪਹਿਲੇ ਮੈਚ ਦੀ ਵਿਸਲ ਵੱਜ ਜਾਵੇਗੀ। ਉਨ੍ਹਾਂ ਦੱਸਿਆ ਕਿ ਟਿਕਟਾਂ ਸਿਰਫ਼ 50 ਡਾਲਰ ਵਾਲੀਆਂ ਹੀ ਬਚੀਆਂ ਹਨ। ਇਹ ਟਿਕਟਾਂ ਵੀਜ਼ਾ ਕਾਰਡ ਉਤੇ ਲੈਣ ਲਈ ticket master.ca  ਉਤੇ ਜਾ ਕੇ ਖਰੀਦੀਆਂ ਜਾ ਸਕਦੀਆਂ ਹਨ ਅਤੇ ਇਹ ਹੇਠ ਲਿਖੇ ਸਟੋਰਜ਼ ਉਤੇ ਵੀ ਉਪਲੱਬਧ ਹਨ, ਜਿਨ੍ਹਾਂ ਲਈ ਕੈਸ਼ ਪੇਮੈਟ ਕਰਨੀ ਹੋਵੇਗੀ। ਇਨ੍ਹਾਂ ਵਿਚ ਪੌਪਲਰ ਟਾਇਰ ਦੀ ਮਿਸੀਸਾਗਾ ਲੋਕੇਸ਼ਨ, 1137 ਲੋਰੀਮਾਰ ਡਰਾਇਵ, ਏਸ਼ੀਅਨ ਫੂਡ ਸੈਟਰ ਦੀਆਂ 3 ਲੋਕੇਸ਼ਨਾਂ, 10 ਵੈਸਟਮੋਰ ਡਰਾਇਵ ਈਟੋਬਿਕੋ, 40 ਲਾਕੋਸਟ ਬਲਵਡ ਬਰੈਂਪਟਨ, 80 ਪੈਟਰੋਸਾ ਡਰਾਇਵ ਬਰੈਪਟਨ, ਉਪਲ ਟ੍ਰੈਵਲ, ਏਅਰਪੋਰਟ/ਡੈਰੀ ਰੋਡ, ਢਿਲੋ ਆਡੀਓ-ਵੀਡੀਓ ਇਬਨਾਇਜ਼ਰ/ਗੋਰ ਪਲਾਜ਼ਾ ਤੋਂ ਮਿਲ ਸਕਦੀਆਂ ਹਨ। ਸ਼੍ਰੀ ਮੇਜਰ ਨੱਤ ਨੇ ਇਸ ਟੂਰਨਾਮੈਟ ਬਾਰੇ ਗੱਲਬਾਤ ਕਰਦਿਆਂ ਕਿਹਾ ਕਿ ਆਏ ਕਬੱਡੀ ਪ੍ਰੇਮੀਆਂ ਲਈ ਫੂਡ ਸਟਾਲਾਂ ਦਾ ਉਚੇਚਾ ਪ੍ਰਬੰੇਧ ਕੀਤਾ ਜਾ ਰਿਹਾ ਹੈ। ਜਿਸ ਵਿਚ ਸਾਰਾ ਦਿਨ ਵਧੀਆ ਖਾਣਾ ਮਿਲਦਾ ਰਹੇਗਾ। ਉਨ੍ਹਾਂ ਵਿਸ਼ਵਾਸ ਦਿਵਾਇਆ ਕਿ ਇਹ ਟੂਰਨਾਮੈਟ ਇਕ ਯਾਦਗਾਰੀ ਟੁਰਨਾਮੈਟ ਹੋ ਨਿਬੜੇਗਾ। ਇਸ ਦੀ ਤਿਆਰੀ ਲਈ ਸਾਰੇ ਹੀ ਕਬੱਡੀ ਦੇ ਮਹਾਰਥੀ ਡਟ ਗਏ ਹਨ ਤੇ ਆਉਣ ਵਾਲੇ ਦਿਨਾਂ ਵਿਚ ਅਸੀਂ ਕੁੱਝ ਸਰਪ੍ਰਾਈਜ਼ ਵੀ ਕਬੱਡੀ ਪ੍ਰੇਮੀਆਂ ਨਾਲ ਸਾਂਝੇ ਕਰਾਂਗੇ। ਇਸ ਦੀਆਂ ਟਿਕਟਾਂ ਦੀ ਜਿ਼ਆਦਾ ਜਾਣਕਾਰੀ ਲਈ ਪ੍ਰਧਾਨ ਦਲਜੀਤ ਸਹੋਤਾ ਨਾਲ 647-638-6975 ਉਤੇ ਸੰਪਰਕ ਕੀਤਾ ਜਾ ਸਕਦਾ ਹੈ।