ਕੈਦੀ ਨਾਲ ਅੱਖਾਂ ਲੜਾਉਣ ਵਾਲੀ ਜੇਲ੍ਹ ਅਫਸਰ ਕੈਦ ਭੇਜੀ ਗਈ

officer love jail
ਲੰਡਨ, 19 ਮਈ (ਪੋਸਟ ਬਿਊਰੋ)- ਪਤਾ ਨਹੀਂ ਕਦੋਂ ਕਿਸੇ ਨਾਲ ਅੱਖਾਂ ਲੜ ਜਾਣ ਅਤੇ ਪਿਆਰ ਸ਼ੁਰੂ ਜਾਵੇ। ਇਸ ਵਿੱਚ ਕਈ ਵਾਰ ਦੋਵੇਂ ਚੰਗਾ ਤੇ ਮਾੜਾ ਨਹੀਂ ਦੇਖਦੇ। ਅਜਿਹਾ ਹੀ ਇਸ਼ਕ ਦਾ ਮਾਮਲਾ ਇੱਕ ਮਹਿਲਾ ਜੇਲ੍ਹ ਅਧਿਕਾਰੀ ਦਾ ਆਪਣੀ ਹੀ ਜੇਲ੍ਹ ਦੇ ਇੱਕ ਕੈਦੀ ਨਾਲ ਸਾਹਮਣੇ ਆਇਆ ਹੈ, ਜਿਸ ਕੈਦੀ ਨਾਲ ਉਸ ਦੇ ਪ੍ਰੇਮ ਸੰਬੰਧ ਕਾਇਮ ਹੋਏ ਉਹ ਹੱਤਆ ਦੇ ਮਾਮਲੇ ਵਿੱਚ ਸਜ਼ਾ ਕੱਟ ਰਿਹਾ ਹੈ। ਮਹਿਲਾ ਅਧਿਕਾਰੀ ਦਾ ਨਾ ਸਿਰਫ ਇਸ ਸਜ਼ਾਯਾਫਤਾ ਅਪਰਾਧੀ ਨਾਲ ਸੰਬੰਧ ਸੀ ਸਗੋਂ ਉਹ ਜੇਲ੍ਹ ਦੇ ਅੰਦਰ ਚੋਰੀ ਉਸ ਨੂੰ ਤਸਵੀਰਾਂ ਵੀ ਪਹੁੰਚਾਉਂਦੀ ਸੀ।
ਇਹ ਤਸਵੀਰਾਂ ਕਿਸੇ ਹੋਰ ਦੀਆਂ ਨਹੀਂ, ਸਗੋਂ ਖੁਦ ਉਸ ਦੀਆਂ ਅਸ਼ਲੀਲ ਹੁੰਦੀਆਂ ਸਨ। ਉਸ ਦੀਆਂ ਇਨ੍ਹਾਂ ਹਰਕਤਾਂ ਦਾ ਪਰਦਾ ਫਾਸ਼ ਹੋਣ ਮਗਰੋਂ ਅਦਾਲਤ ਨੇ ਉਸ ਨੂੰ ਦੋਸ਼ੀ ਮੰਨਦੇ ਹੋਏ ਅੱਠ ਮਹੀਨਿਆਂ ਦੀ ਸਜ਼ਾ ਸੁਣਾਈ ਹੈ। ਬ੍ਰਿਟਿਸ਼ ਅਖਬਾਰ ਮਿਰਰ ਦੀ ਖਬਰ ਅਨੁਸਾਰ ਰਾਇਲ ਨੇਵੀ ਸੀਲ ਦੀ ਸਾਬਕਾ ਸੇਲਰ ਅਧਿਕਾਰੀ 23 ਸਾਲ ਦੀ ਕਾਯਾ ਐਂਡਰੋਸਜੈਕ ਮੈਨਚੈਸਟਰ ਜੇਲ੍ਹ ਅਫਸਰ ਦੇ ਅਹੁਦੇ ਉੱਤੇ ਤੈਨਾਤ ਸੀ। ਕਤਲ ਦੇ ਇੱਕ ਕੇਸ ਵਿੱਚ ਦੋਸ਼ੀ ਸ਼ੇਨ ਬਾਇਡ ਨਾਂਅ ਦਾ ਅਪਰਾਧੀ ਵੀ ਇਸ ਜੇਲ੍ਹ ਵਿੱਚ ਕੈਦ ਕੱਟ ਰਿਹਾ ਸੀ। ਕਾਯਾ ਨੂੰ ਸ਼ੇਨ ਲਈ ਤਸਵੀਰਾਂ ਅਤੇ ਚਾਕਲੇਟ ਲਿਜਾਂਦੇ ਹੋਏ ਰੰਗੇ ਹੱਥੀਂ ਫੜ ਲਿਆ ਗਿਆ। ਉਸ ਕੋਲੋਂ ਪੁੱਛਗਿੱਛ ਦੌਰਾਨ ਪਤਾ ਲੱਗਾ ਕਿ ਪਿਛਲੇ ਛੇ ਮਹੀਨਿਆਂ ਤੋਂ ਉਸ ਦਾ ਸ਼ੇਨ ਨਾਲ ਅਫੇਅਰ ਚੱਲ ਰਿਹਾ ਸੀ। ਕਾਯਾ ਨਾ ਸਿਰਫ ਚੋਰੀ ਉਸ ਨੂੰ ਆਪਣੀਆਂ ਤਸਵੀਰਾਂ ਦਿੰਦੀ ਸੀ ਸਗੋਂ ਸ਼ੇਨ ਕੋਲ ਇੱਕ ਮੋਬਾਈਲ ਫੋਨ ਵੀ ਸੀ। ਇਸ ਫੋਨ ਨੂੰ ਉਸ ਨੇ ਆਪਣੀ ਜੇਲ੍ਹ ਦੀ ਕੋਠੜੀ ਵਿੱਚ ਲੁਕਾ ਰੱਖਿਆ ਸੀ, ਜਿਸ ਨਾਲ ਕਾਯਾ ਤੇ ਸ਼ੇਨ ਇੱਕ ਦੂਸਰੇ ਨੂੰ ਮੈਸੇਜ ਭੇਜਦੇ ਸਨ। ਇਸ ਫੋਨ ਦੀ ਜਾਂਚ ਤੋਂ ਪਤਾ ਲੱਗਾ ਕਿ ਇੱਕ ਦੂਸਰੇ ਨੂੰ ਲਗਭਗ 6000 ਮੈਸੇਜ ਭੇਜੇ ਗਏ ਸਨ।
ਕਾਯਾ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਸ਼ੇਨ ਨਾਲ ਉਸ ਦੀ ਪਹਿਲੀ ਮੁਲਾਕਾਤ ਜੇਲ੍ਹ ਦੀ ਕੰਟੀਨ ਵਿੱਚ ਹੋਈ ਸੀ। ਪਹਿਲੀ ਨਜ਼ਰੇ ਹੀ ਦੋਵਾਂ ਦੀਆਂ ਅੱਖਾਂ ਜਾ ਲੜੀਆਂ ਤੇ ਫਿਰ ਇੱਕ ਦੂਸਰੇ ਨੂੰ ਪਿਆਰ ਹੋ ਗਿਆ। ਸ਼ੇਨ ਨੇ 2009 ਵਿੱਚ ਇੱਕ ਮਾਮੂਲੀ ਬਹਿਸ ਵਿੱਚ 16 ਸਾਲ ਦੇ ਇੱਕ ਵਿਦਿਆਰਥੀ ਦੀ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ ਸੀ, ਜਿਹੜਾ ਕਿ ਹੁਣ 11 ਸਾਲ ਦੀ ਕੈਦ ਕੱਟ ਰਿਹਾ ਹੈ।