ਕੈਥਲਿਨ ਵਿੱਨ ਵੱਲੋਂ ਹਾਰ ਕਬੂਲਣ ਦੇ ਅਰਥ

ਲਿਬਰਲ ਪਾਰਟੀ ਦੀ ਆਗੂ ਅਤੇ ਪ੍ਰੀਮੀਅਰ ਕੈਥਲਿਨ ਵਿੱਨ ਨੇ ਇਹ ਗੱਲ ਜਨਤਕ ਰੂਪ ਵਿੱਚ ਕਬੂਲ ਕਰ ਲਈ ਹੈ ਕਿ 7 ਜੂਨ ਦੀਆਂ ਚੋਣਾਂ ਤੋਂ ਬਾਅਦ ਉਹ ਅਗਲੀ ਪ੍ਰੀਮੀਅਰ ਬਣਨ ਦੀ ਦਾਅਵੇਦਾਰ ਨਹੀਂ ਹੈ। ਸੱਤਾ ਉੱਤੇ ਕਾਬਜ਼ ਕਿਸੇ ਸਿਆਸਤਦਾਨ ਵੱਲੋਂ ਅਜਿਹੀ ਸੰਭਾਵਨਾ ਨੂੰ ਕਬੂਲਣਾ ਇੱਕ ਅਨੋਖੀ ਅਤੇ ਵਿਚਿੱਤਰ ਗੱਲ ਹੈ। ਸੁਘੜ ਅਤੇ ਸਿਆਣੇ ਸਿਆਸਤਦਾਨ ਦੀ ਕੋਸਿ਼ਸ਼ ਹੁੰਦੀ ਹੈ ਕਿ ਉਹ ਹਰ ਸਥਿਤੀ ਵਿੱਚੋਂ ਕੁੱਝ ਲਾਭ ਪ੍ਰਾਪਤ ਕਰ ਸਕੇ। ਹੁਣ ਜਦੋਂ ਗਲੀਆਂ ਸੜਕਾਂ ਵਿੱਚ ਹੁੰਦੀਆਂ ਚਰਚਾਵਾਂ ਤੋਂ ਲੈ ਕੇ ਹਰੇਕ ਸਰਵੇਖਣ ਕੰਪਨੀ ਵੱਲੋਂ ਲਿਬਰਲ ਪਾਰਟੀ ਦੇ ਹਾਰ ਜਾਣ ਦੀ ਗੱਲ ਆਖੀ ਜਾ ਚੁੱਕੀ ਹੈ ਤਾਂ ਕੈਥਲਿਨ ਵਿੱਨ ਨੇ ਆਪਣੀ ਨਿਸਚਿਤ ਹਾਰ ਵਿੱਚੋਂ ਵੀ ਸਿਆਸੀ ਦੁਫਾੜ ਪਾਉਣ ਦਾ ਲਾਭ ਹਾਸਲ ਕਰਨ ਦਾ ਹੀਆ ਕੀਤਾ ਹੈ। ਇਸਨੂੰ ਆਖਦੇ ਹਨ ਸਿਰੇ ਦੀ ਸਿਆਸੀ ਮੌਕਾਪ੍ਰਸਤੀ।

ਆਮ ਵੋਟਰ ਨੂੰ ਕੈਥਲਿਨ ਵਿੱਨ ਦਾ ਬਿਆਨ ਉਸਦੀ ਸਿਆਸੀ ਨਿਰਾਸ਼ਤਾ ਦਾ ਸਬੂਤ ਵਿਖਾਈ ਦੇਵੇਗਾ ਪਰ ਅਸਲ ਵਿੱਚ ਇਹ ਵਿੱਨ ਦੀ ਇੱਕ ਸ਼ਾਤਰ ਚਾਲ ਹੈ। ਉਸਨੇ ਆਪਣਾ ਨਾਮ ਪਾਰਟੀ ਬਰਾਂਡ ਤੋਂ ਦੂਰ ਰੱਖ ਕੇ ਕੁੱਝ ਖਾਸ ਲਿਬਰਲ ਉਮੀਦਵਾਰਾਂ ਨੂੰ ਹਾਰ ਦੇ ਮੂੰਹੋਂ ਕੱਢਣ ਦਾ ਯਤਨ ਕੀਤਾ ਹੈ। ਜਿਵੇਂ ਆਪਣੇ ਰਾਜ ਕਾਲ ਵਿੱਚ ਦੌਰਾਨ ਪ੍ਰੀਮੀਅਰ ਵਿੱਨ ਜਿ਼ਆਦਾ ਕਰਕੇ ਪਬਲਿਕ ਹਿੱਤ ਨਾਲੋਂ ਸਵੈ ਅਤੇ ਪਾਰਟੀ ਦੇ ਹਿੱਤ ਉੱਚੇ ਰੱਖਦੀ ਆਈ ਹੈ, ਉਵੇਂ ਹੀ ਰਾਜ ਸੱਤਾ ਦੇ ਬੁਝਦੇ ਜਾਂਦੇ ਦੀਵੇ ਵਿੱਚੋਂ ਵੀ ਉਸਨੇ ਆਪਣੀ ਸੋੜੇ ਪਾਰਟੀ ਹਿੱਤਾਂ ਨੂੰ ਰੋਸ਼ਨੀ ਦੇਣ ਦੀ ਕੋਸਿ਼ਸ਼ ਕੀਤੀ ਹੈ।

ਵਿੱਨ ਦੇ ਹਾਰਨ ਜਾਂ ਜਿੱਤਣ ਨਾਲ ਕੰਜ਼ਰਵੇਟਿਵ ਪਾਰਟੀ ਨੂੰ ਬਹੁਤਾ ਫਰਕ ਪੈਣ ਵਾਲਾ ਨਹੀਂ ਹੈ ਕਿਉਂਕਿ ਟੋਰ ਿਪਾਰਟੀ ਦਾ ਆਪਣਾ ਖਾਸ ਆਧਾਰ ਹੁੰਦਾ ਹੈ। ਕਿਉਂਕਿ ਕੰਜ਼ਰਵੇਟਿਵ ਪਾਰਟੀ ਲੀਡਰ ਡੱਗ ਫੋਰਡ ਦੀ ਕਾਰਗੁਜ਼ਾਰੀ ਬਹੁਤੀ ਅੱਛੀ ਨਹੀਂ ਚੱਲ ਰਹੀ ਤਾਂ ਕੈਥਲਿਨ ਵਿੱਨ ਨੇ ਹਾਰ ਕਬੂਲ ਕੇ ਸਿੱਧਾ ਨਿਸ਼ਾਨਾ ਐਨ ਡੀ ਪੀ ਨੂੰ ਬਣਾਇਆ ਹੈ। ਕੈਥਲਿਨ ਵਿੱਨ ਸ਼ਾਇਦ ਗੱਲ ਭਾਂਪਣ ਵਿੱਚ ਅਸਫ਼ਲ ਰਹੀ ਹੈ ਕਿ ਹਕੀਕਤ ਵਿੱਚ ਲਿਬਰਲ ਨੁਕਸਾਨ ਦਾ ਲਾਭ ਐਨ ਡੀ ਪੀ ਨੂੰ ਹੋਇਆ ਹੈ। ਲਿਬਰਲ ਵੋਟ ਬੈਂਕ ਨੂੰ ਵੱਡਾ ਖੋਰਾ ਕੈਥਲਿਨ ਦੀ ਲੀਡਰਸਿ਼ੱਪ ਵਿੱਚ ਆਈ ਗਿਰਾਵਟ ਕਾਰਣ ਲੱਗ ਰਿਹਾ ਹੈ। ਇਸਦੇ ਉਲਟ ਐਂਡਰੀਆ ਹਾਵਰਥ ਹੀ ਅਜਿਹੀ ਆਗੂ ਹੈ ਜੋ ਪਿਛਲੇ 9 ਸਾਲਾਂ ਤੋਂ ਪਾਰਟੀ ਨੂੰ ਅਗਵਾਈ ਪ੍ਰਦਾਨ ਕਰਦੀ ਆ ਰਹੀ ਹੈ। ਇੱਕ ਔਰਤ ਹੋਣ ਕਾਰਣ ਉਸਨੂੰ ਉਹਨਾਂ ਲਿਬਰਲ ਔਰਤ ਵੋਟਰਾਂ ਦਾ ਸਾਥ ਵੀ ਮਿਲੇਗਾ ਜਿਹੜੀਆਂ ਮਹਿਸੂਸ ਕਰਦੀਆਂ ਹਨ ਕਿ ਵਿੱਨ ਨੇ ਅੱਧ ਵਿਚਕਾਰ ਲਿਬਰਲ ਬੇੜੀ ਨੂੰ ਮੱਲਾਹ ਤੋਂ ਸੱਖਣਾ ਕਰ ਦਿੱਤਾ ਹੈ। ਲਿਬਰਲ ਔਰਤ ਸਮਰੱਥਕ ਕਦੇ ਵੀ ਡੱਗ ਫੋਰਡ ਦੇ ਕੈਂਪ ਵਿੱਚ ਨਹੀਂ ਜਾਣਗੀਆਂ।

ਹਾਲਾਂਕਿ ਲਿਬਰਲ ਖੁਦ ਐਨ ਡੀ ਪੀ ਦੀ ਸਹਾਇਤਾ ਨਾਲ ਸਰਕਾਰ ਬਣਾਉਂਦੇ ਰਹੇ ਹਨ। ਮੁਮਕਿਨ ਹੈ ਕਿ ਵੋਟਰ ਇਸ ਚਲਾਕੀ ਨੂੰ ਸਮਝਦੇ ਹੋਏ ਲਿਬਰਲ ਪਾਰਟੀ ਨੂੰ ਸਜ਼ਾ ਦੇਣ ਅਤੇ ਐਨ ਡੀ ਪੀ ਨੂੰ ੋਹਰ ਵੱਧ ਸਰਮੱਥਨ ਦੇਣ। ਜਿਸ ਕਿਸਮ ਨਾਲ ਐਨ ਡੀ ਪੀ ਦਾ ਗਰਾਫ ਪਿਛਲੇ ਦਿਨਾਂ ਤੋਂ ਉੱਤੇ ਚੜ ਰਿਹਾ ਹੈ, ਇਸ ਤੱਥ ਨੂੰ ਵੇਖਦੇ ਹੋਏ ਕਿਹਾ ਜਾ ਸਕਦਾ ਹੈ ਕਿ ਐਨ ਡੀ ਪੀ 7 ਜੂਨ ਨੂੰ ਵੱਡੀ ਹੈਰਾਨੀ ਪੈਦਾ ਕਰ ਸਕਦੀ ਹੈ। ਜੇ ਵੱਖ 2 ਸਰਵੇਖਣਾਂ ਨੂੰ ਘੋਖਿਆ ਜਾਵੇ ਤਾਂ ਮਹਿਜ਼ ਐਨ ਡੀ ਪੀ ਹੀ ਇੱਕ ਸਿਆਸੀ ਜਮਾਤ ਹੈ ਜੋ ਹਰ ਰੋਜ਼ ਵੋਟਰਾਂ ਵਿੱਚ ਹਰਮਨ ਪਿਆਰੀ ਹੁੰਦੀ ਜਾ ਰਹੀ ਹੈ। ਇਸਦੇ ਉਲਟ ਕੰਜ਼ਰਵੇਟਿਵਾਂ ਅਤੇ ਲਿਬਰਲਾਂ ਦੀ ਲੋਕਪ੍ਰਿਅਤਾ ਵਿੱਚ ਗਿਰਾਵਟ ਆ ਰਹੀ ਹੈ। ਖੈਰ ਲਿਬਰਲਾਂ ਦੇ ਗਰਾਫ ਵਿੱਚ ਗਿਰਾਵਟ ਇਤਿਹਾਸਕ ਹੈ।

ਇਸ ਵੇਲੇ ਉਂਟੇਰੀਓ ਭਰ ਵਿੱਚ ਚਰਚਾ ਇਸ ਗੱਲ ਦੀ ਨਹੀਂ ਕਿ ਲਿਬਲਰ ਪਾਰਟੀ ਹਾਰੇਗੀ ਜਾਂ ਨਹੀਂ, ਇਹ ਗੱਲ ਤਾਂ ਚੂਨੇ ਵਿੱਚ ਜੜੀ ਇੱਟ ਵਾਗੂੰ ਮਜ਼ਬੂਤ ਹੈ। ਹੁਣ ਤਾਂ ਸਿਰਫ਼ ਇਹ ਵੇਖਣਾ ਹੈ ਕਿ ਲਿਬਰਲ ਹਾਰ ਕਿੰਨੀ ਕੁ ਵੱਡੀ ਹੋਵੇਗੀ! ਜੇ ਲਿਬਰਲ 8 ਸੀਟਾਂ ਵੀ ਹਾਸਲ ਨਾ ਕਰ ਸਕੇ ਤਾਂ ਪਾਰਟੀ ਦਾ ਉਂਟੇਰਓਿ ਦੀ ਇੱਕ ਅਧਿਕਾਰਤ ਸਿਆਸੀ ਪਾਰਟੀ ਹੋਣ ਦਾ ਦਰਜ਼ਾ ਵੀ ਖੁੱਸ ਜਾਵੇਗਾ। ਉਂਟੇਰੀਓ ਵਿੱਚ ਇੱਕ ਅਧਿਕਾਰਤ ਸਿਆਸੀ ਪਾਰਟੀ ਪਈਆਂ ਵੋਟਾਂ ਦੇ ਫਾਰਮੂਲੇ ਮੁਤਾਬਕ ਸਰਕਾਰੀ ਫੰਡ ਪ੍ਰਾਪਤ ਕਰ ਸਕਦੀ ਹੈ ਅਤੇ ਅਗਲੀਆਂ ਚੋਣਾਂ ਦੌਰਾਨ ਹੋਣ ਵਾਲੀਆਂ ਚੋਣ ਬਹਿਸਾਂ ਵਿੱਚ ਹਿੱਸਾ ਲੈ ਸਕਦੀ ਹੈ। ਹੁਣ ਤਾਂ ਲਿਬਰਲ ਪਾਰਟੀ ਨੂੰ ਆਪਣਾ ਸਟੈਟਸ ਬਚਾ ਕੇ ਰੱਖਣ ਲਈ ਵੀ ਹੱਥਾਂ ਪੈਰਾਂ ਦੀ ਪਈ ਹੋਈ ਹੈ।