ਕੈਟਰੀਨਾ ਤੇ ਮੇਰੇ ਵਿੱਚ ਕੋਈ ਸਮਾਨਤਾ ਨਹੀਂ: ਆਇਸ਼ਾ ਸ਼ਰਮਾ


ਕਿੰਗਫਿਸ਼ਰ ਕੈਲੰਡਰ ਦੀ ਮਾਡਲ ਗਰਲ ਰਹਿ ਚੁੱਕੀ ਆਇਸ਼ਾ ਸ਼ਰਮਾ ਜਾਨ ਅਬਰਾਹਮ ਦੀ ਆਉਣ ਵਾਲੀ ਫਿਲਮ ‘ਸਤਯਮੇਵ ਜਯਤੇ’ ਨਾਲ ਬਾਲੀਵੁੱਡ ਡੈਬਿਊ ਕਰਨ ਜਾ ਰਹੀ ਹੈ। ਇਸ ਮੁਲਾਕਾਤ ਵਿੱਚ ਉਸ ਨੇ ਆਪਣੀ ਡੈਬਿਊ ਫਿਲਮ ਬਾਰੇ ਵਿੱਚ ਚਰਚਾ ਕੀਤੀ ਅਤੇ ਦੱਸਿਆ ਕਿ ਆਖਰ ਕਿਉਂ ਉਸ ਦੀ ਤੁਲਨਾ ਕੈਟਰੀਨਾ ਕੈਫ ਨਾਲ ਨਹੀਂ ਕਰਨੀ ਚਾਹੀਦੀ। ਪੇਸ਼ ਹਨ ਉਸ ਨਾਲ ਹੋਈ ਗੱਲਬਾਤ ਦੇ ਕੁਝ ਅੰਸ਼ :
* ਕੀ ‘ਸਤਯਮੇਵ ਜਯਤੇ’ ਤੁਹਾਡੇ ਲਈ ਡਰੀਮ ਡੈਬਿਊ ਹੈ? ਇਹ ਫਿਲਮ ਤੁਹਾਨੂੰ ਕਿਵੇਂ ਮਿਲੀ?
– ਹਾਂ, ਇਹ ਮੇਰੇ ਲਈ ਸੁਫਨਾ ਸੱਚ ਹੋਣ ਵਾਂਗ ਹੈ। ਮੈਂ ਹਮੇਸ਼ਾ ਤੋਂ ਚਾਹੁੰਦੀ ਸੀ ਕਿ ਮੈਂ ਇੱਕ ਕਮਰਸ਼ੀਅਲ ਫਿਲਮ ਦਾ ਹਿੱਸਾ ਬਣਾਂ। ਇਹ ਮੇਰੇ ਲਈ ਖੁਸ਼ੀ ਦੀ ਗੱਲ ਹੈ ਕਿ ਮੇਰੀ ਸ਼ੁਰੂਆਤ ਇਸ ਤਰ੍ਹਾਂ ਦੀ ਫਿਲਮ ਨਾਲ ਹੋ ਰਹੀ ਹੈ। ਮੈਂ ਇਸ ਫਿਲਮ ਵਿੱਚ ਅਹਿਮ ਕਿਰਦਾਰ ਨਿਭਾ ਰਹੀ ਹਾਂ। ਬਾਕੀ ਰਿਹਾ ਸਵਾਲ ਫਿਲਮ ਮਿਲਣ ਦਾ, ਮੈਂ ਫਿਲਮ ਲਈ ਆਡੀਸ਼ਨ ਦਿੱਤਾ ਅਤੇ ਕਾਸਟਿੰਗ ਡਾਇਰੈਕਟਰ ਜੋਗੀ ਨੂੰ ਮੇਰਾ ਐਡੀਸ਼ਨ ਪਸੰਦ ਆਇਆ। ਫਿਰ ਉਨ੍ਹਾਂ ਨੇ ਨਿਖਿਲ ਸਰ (ਨਿਖਿਲ ਅਡਵਾਨੀ) ਨੂੰ ਦਿਖਾਇਆ ਅਤੇ ਉਨ੍ਹਾਂ ਨੂੰ ਵੀ ਮੈਂ ਪਸੰਦ ਆ ਗਈ। ਇਸ ਤਰ੍ਹਾਂ ਨਾਲ ਫਿਲਮ ਦਾ ਹਿੱਸਾ ਬਣ ਗਈ।
* ਜਾਨ ਅਬਰਾਹਮ ਨਾਲ ਕੰਮ ਕਰਨ ਦਾ ਅਨੁਭਵ ਕਿਹੋ ਜਿਹਾ ਰਿਹਾ?
– ਉਨ੍ਹਾਂ ਨਾਲ ਕੰਮ ਕਰਨਾ ਕਾਫੀ ਵਧੀਆ ਰਿਹਾ। ਬਾਕੀ ਟੀਮ ਵੀ ਬਹੁਤ ਚੰਗੀ ਸੀ। ਮੇਰੇ ਲਈ ਇਸ ਫਿਲਮ ਵਿੱਚ ਕੰਮ ਕਰਨਾ ਕਾਫੀ ਆਸਾਨ ਰਿਹਾ।
* ਮਾਡਲਿੰਗ ਦੇ ਦਿਨਾਂ ਤੋਂ ਹੀ ਬਾਲੀਵੁੱਡ ਤੁਹਾਡੇ ਦਿਮਾਗ ਵਿੱਚ ਰਿਹਾ ਹੈ?
– ਹਾਂ, ਮੈਂ ਹਮੇਸ਼ਾ ਤੋਂ ਬਾਲੀਵੁੱਡ ਦਾ ਹਿੱਸਾ ਬਣਨਾ ਚਾਹੁੰਦੀ ਸੀ। ਮੈਂ ਕਿੰਗਫਿਸ਼ਰ ਕੈਲੰਡਰ ਦੇ ਲਈ ਮਾਡਲਿੰਗ ਕੀਤੀ, ਤਾਂ ਕਿ ਮੈਂ ਬਾਲੀਵੁੱਡ ਵਿੱਚ ਆਪਣੀ ਐਕਟਿੰਗ ਕਰੀਅਰ ਦੇ ਲਈ ਪ੍ਰੋਫਾਈਲ ਮੈਂਟੇਨ ਕਰ ਸਕਾਂ।
* ਇਸ ਫਿਲਮ ਦੇ ਕਾਰਨ ਤੁਸੀਂ ਆਪਣੇ ਬੋਲਡ ਅਕਸ ਤੋਂ ਬਾਹਰ ਆਏ, ਕੀ ਤੁਸੀਂ ਖੁਸ਼ ਹੋ?
– ਇਹ ਬਦਲਾਅ ਬਹੁਤ ਵਧੀਆ ਹੈ। ਮਾਡਲਿੰਗ ਵਿੱਚ ਤੁਹਾਡੀ ਸਿਜਲਿੰਗ ਇਮੇਜ ਨੂੰ ਲੋਕ ਦੇਖਣਾ ਪਸੰਦ ਕਰਦੇ ਹਨ, ਜਦ ਕਿ ਐਕਟਿੰਗ ਵਿੱਚ ਤੁਸੀਂ ਅਲੱਗ-ਅਲੱਗ ਕਿਰਦਾਰਾਂ ਨੂੰ ਪੇਸ਼ ਕਰਦੇ ਹੋ। ਆਫਸਕਰੀਨ ਭਾਵੇਂ ਤੁਸੀਂ ਸਿਜਲਿੰਗ ਬਣੇ ਰਹੋ, ਪਰ ਆਨ ਸਕਰੀਨ ਤੁਹਾਨੂੰ ਆਪਣੇ ਕਿਰਦਾਰ ਵਿੱਚ ਉਤਰਨਾ ਹੀ ਪੈਂਦਾ ਹੈ।
* ਭੈਣ ਨੇਹਾ ਸ਼ਰਮਾ ਨੇ ਤੁਹਾਨੂੰ ਕੋਈ ਸਲਾਹ ਦਿੱਤੀ?
– ਬਿਲਕੁਲ। ਉਨ੍ਹਾਂ ਨੇ ਮੈਨੂੰ ਸਲਾਹ ਦਿੱਤੀ ਕਿ ਕਦੇ ਵੀ ਸਫਲਤਾ ਨੂੰ ਸਿਰ ‘ਤੇ ਨਾ ਚੜ੍ਹਾਉਣਾ ਅਤੇ ਨਾਕਾਮਯਾਬੀ ਨੂੰ ਦਿਲ ਵਿੱਚ ਨਾ ਰੱਖਣਾ। ਜੇ ਫਿਲਮ ਸਫਲ ਹੁੰਦੀ ਹੈ ਤਾਂ ਬੱਸ ਉਸੇ ਵਿੱਚ ਨਾ ਗੁਆਚ ਜਾਣਾ ਅਤੇ ਜੇ ਫਿਲਮ ਅਸਫਲ ਹੁੰਦੀ ਹੈ ਤਾਂ ਉਸ ਤੋਂ ਨਿਰਾਸ਼ ਨਾ ਹੋਣਾ।
* ਚਰਚਾ ਹੈ ਕਿ ਤੁਸੀਂ ਕਾਫੀ ਹੱਦ ਤੱਕ ਕੈਟਰੀਨਾ ਕੈਫ ਵਰਗੇ ਦਿਸਦੇ ਹੋ?
-ਮੈਨੂੰ ਲੱਗਦਾ ਹੈ ਕਿ ਮੇਰੇ ਫਸਟ ਲੁਕ ਪੋਸਟਰ ਨੂੰ ਦੇਖਣ ਪਿੱਛੋਂ ਇਹ ਚਰਚਾ ਸ਼ੁਰੂ ਹੋਈ ਹੈ। ਦਰਅਸਲ ਉਸ ਪੋਸਟਰ ਵਿੱਚ ਮੇਰਾ ਲੁਕ ਕਾਫੀ ਹੱਦ ਤੱਕ ‘ਧੂਮ 3’ ਦੀ ਕੈਟਰੀਨਾ ਕੈਫ ਵਾਂਗ ਦਿੱਸਦਾ ਹੈ। ਲੋਕ ਜਦ ਚਾਹੁੰਦੇ ਹਨ ਤੁਹਾਡੀ ਤੁਲਨਾ ਕਰ ਸਕਦੇ ਹਨ, ਪਰ ਮੈਨੂੰ ਨਹੀਂ ਲੱਗਦਾ ਕਿ ਸਾਡੇ ਦੋਵਾਂ ਦੇ ਲੁਕ ਵਿੱਚ ਸਮਾਨਤਾ ਹੈ। ਦੋਵੇਂ ਅਲੱਗ ਅਲੱਗ ਵਿਅਕਤੀਤਵ ਦੇ ਲੋਕ ਹਾਂ। ਉਹ ਮੇਰੇ ਤੋਂ ਸੀਨੀਅਰ ਹਨ। ਉਨ੍ਹਾਂ ਨਾਲ ਮੇਰੀ ਕਿਸੇ ਪ੍ਰਕਾਰ ਦੀ ਤੁਲਨਾ ਨਹੀਂ ਕੀਤੀ ਜਾ ਸਕਦੀ।