ਕੈਚਅੱਪ ਤੋਂ ਲੈ ਕੇ ਟੁਆਇਲਟ ਪੇਪਰ ਤੱਕ ਕੈਨੇਡਾ ਕਈ ਅਮਰੀਕੀ ਵਸਤਾਂ ਉੱਤੇ ਲਾਵੇਗਾ ਟੈਰਿਫ

ਓਟਵਾ, 29 ਜੂਨ (ਪੋਸਟ ਬਿਊਰੋ) : ਸੈਨੇਟਰ ਪੈਟ੍ਰਿਕ ਟੂਮੀ ਜਦੋਂ ਆਪਣੇ ਹੋਮ ਸਟੇਟ ਪੈਨਿਸਿਲਵੇਨੀਆ ਵਿੱਚ ਕੈਚਅੱਪ ਮਾਰਕਿਟ ਦਾ ਭਵਿੱਖ ਵੇਖਦੇ ਹਨ ਤਾਂ ਉਨ੍ਹਾਂ ਨੂੰ ਉਹ ਕਾਫੀ ਧੁੰਦਲਾ ਨਜ਼ਰ ਆਉਂਦਾ ਹੈ।
ਐਤਵਾਰ ਤੋਂ ਕੈਨੇਡਾ ਵੱਲੋਂ ਅਮਰੀਕਾ ਦੇ ਦਰਜਨਾਂ ਉਤਪਾਦਾਂ ਉੱਤੇ 16.6 ਬਿਲੀਅਨ ਡਾਲਰ ਦੇ ਟੈਰਿਫ ਲਾਏ ਜਾ ਰਹੇ ਹਨ। ਕੈਨੇਡਾ ਇਹ ਕਾਰਵਾਈ ਟਰੰਪ ਪ੍ਰਸ਼ਾਸਨ ਵੱਲੋਂ ਸਟੀਲ ਤੇ ਐਲੂਮੀਨੀਅਮ ਉੱਤੇ ਲਾਏ ਗਏ ਟੈਰਿਫਜ਼ ਦੇ ਸਬੰਧ ਵਿੱਚ ਬਦਲਾਲਊ ਕਾਰਵਾਈ ਤਹਿਤ ਕਰ ਰਿਹਾ ਹੈ। ਇੱਥੇ ਦੱਸਣਾ ਬਣਦਾ ਹੈ ਕਿ ਕੈਨੇਡਾ ਵੱਲੋਂ ਜਿਨ੍ਹਾਂ ਅਮਰੀਕੀ ਵਸਤਾਂ ਉੱਤੇ ਟੈਰਿਫ ਲਾਇਆ ਜਾ ਰਿਹਾ ਹੈ ਉਨ੍ਹਾਂ ਵਿੱਚ ਸੱਭ ਤੋਂ ਉੱਪਰ ਕੈਚਅੱਪ ਹੀ ਆਉਂਦੀ ਹੈ।
ਸੈਨੇਟਰ ਟੂਮੀ ਇਸ ਲਈ ਚਿੰਤਤ ਹਨ ਕਿਉਂਕਿ ਕ੍ਰਾਫਟ ਹੇਨਜ਼ ਦਾ ਹੈੱਡਕੁਆਰਟਰ ਪੈਨਿਸਿਲਵੇਨੀਆ ਵਿੱਚ ਹੈ। ਚਾਰ ਸਾਲ ਪਹਿਲਾਂ ਇਸ ਕੰਪਨੀ ਨੇ ਲੈਮਿੰਗਟਨ, ਓਨਟਾਰੀਓ ਵਿਚਲੇ ਆਪਣੇ ਆਪਰੇਸ਼ਨ ਨੂੰ ਬੰਦ ਕਰ ਦਿੱਤਾ ਸੀ ਜਿਸ ਕਾਰਨ 750 ਕੈਨੇਡੀਅਨਾਂ ਦਾ ਰੋਜ਼ਗਾਰ ਖੁੱਸ ਗਿਆ ਸੀ। ਹੁਣ ਸੈਨੇਟਰ ਰੂਮੀ, ਜੋ ਕਿ ਰਿਪਬਲਿਕਨ ਹਨ, ਨੂੰ ਇਹ ਡਰ ਵੱਢ ਵੱਢ ਖਾ ਰਿਹਾ ਹੈ ਕਿ ਉਨ੍ਹਾਂ ਦੀ ਸਟੇਟ ਵਿੱਚ ਕਾਮਿਆਂ ਲਈ ਕੰਮ ਦੇ ਰਾਹ ਬੰਦ ਹੋ ਰਹੇ ਹਨ।
ਟੂਮੀ ਨੇ ਪਿੱਛੇ ਜਿਹੇ ਸੈਨੇਟ ਸਾਹਮਣੇ ਦਿੱਤੀ ਆਪਣੀ ਗਵਾਹੀ ਵਿੱਚ ਅਮਰੀਕਾ ਦੇ ਵਣਜ ਮੰਤਰੀ ਵਿਲਬਰ ਰੌਸ ਨੂੰ ਦੱਸਿਆ ਕਿ ਸਾਡੇ ਲੋਕਾਂ ਲਈ ਰੋਜ਼ਗਾਰ ਸਬੰਧੀ ਖਤਰਾ ਖੜ੍ਹਾ ਹੋ ਰਿਹਾ ਹੈ। ਕੈਨੇਡਾ ਦੀ ਇਸ ਬਦਲਾਲਊ ਕਾਰਵਾਈ ਤੋਂ ਅਸੀਂ ਕਾਫੀ ਪਰੇਸ਼ਾਨ ਹਾਂ। ਸਾਡਾ ਹੁਣੇ ਤੋਂ ਇਹ ਹਾਲ ਹੈ ਜਦਕਿ ਅਜੇ ਕੈਨੇਡਾ ਵੱਲੋਂ ਇਹ ਟੈਰਿਫ ਲਾਏ ਨਹੀਂ ਗਏ ਹਨ। ਪਰ ਇਨ੍ਹਾਂ ਟੈਰਿਫਜ਼ ਨਾਲ ਕ੍ਰਾਫਟ ਤੇ ਹੇਨਜ਼ ਦੀਆਂ ਵਸਤਾਂ ਬਣਾਉਣ ਵਾਲੇ ਲੋਕਾਂ ਉੱਤੇ ਸੱਭ ਤੋਂ ਵੱਧ ਮਾਰ ਪਵੇਗੀ।
ਕੈਨੇਡੀਅਨ ਪ੍ਰੈੱਸ ਵੱਲੋਂ ਅਮਰੀਕਾ ਦੇ ਨੌਰਥਬਾਊਂਡ ਐਕਸਪੋਰਟ ਦੇ ਕਰਵਾਏ ਗਏ ਵਿਸ਼ਲੇਸ਼ਣ ਅਨੁਸਾਰ ਕੈਨੇਡਾ ਦੀ ਇਸ ਬਦਲਾਲਊ ਕਾਰਵਾਈ ਦਾ ਅਸਰ ਸਿਰਫ ਕੈਚਅੱਪ, ਪੈਨਿਸਿਲਵੇਨੀਆ ਤੇ ਟਰੰਪ ਦੇ ਦਬਦਬੇ ਵਾਲੇ ਹੋਰਨਾਂ ਇਲਾਕਿਆਂ ਦੇ ਨਾਲ ਨਾਲ ਮਿੱਡਵੈਸਟ ਤੇ ਦੱਖਣ ਉੱਤੇ ਵੀ ਪਵੇਗਾ। ਡੈਮੋਕ੍ਰੈਟਿਕ ਸਟੇਟਸ ਜਿਵੇਂ ਕਿ ਨਿਊ ਯੌਰਕ, ਵਾਸਿੰ਼ਗਟਨ ਤੇ ਇਲੀਨੌਇਸ ਵੀ ਇਨ੍ਹਾਂ ਕੈਨੇਡੀਅਨ ਟੈਰਿਫਜ਼ ਤੋਂ ਬਚ ਨਹੀਂ ਸਕਣਗੇ। ਸਟੈਟੇਸਟਿਕਸ ਕੈਨੇਡਾ ਤੇ ਯੂਐਸ ਸੈਂਸਸ ਬਿਊਰੋ ਕੋਲੋਂ ਹਾਸਲ ਕੀਤੇ ਅੰਕੜਿਆਂ ਉੱਤੇ ਹੀ ਫੈਡਰਲ ਸਰਕਾਰ ਦੇ ਇਹ ਅੰਕੜੇ ਨਿਰਭਰ ਕਰਦੇ ਹਨ।
ਓਟਵਾ ਵੱਲੋਂ ਜਿਨ੍ਹਾਂ ਵਸਤਾਂ ਉੱਤੇ ਟੈਰਿਫ ਲਾਏ ਜਾਣੇ ਹਨ ਉਨ੍ਹਾਂ ਦੀ ਫਾਈਨਲ ਸੂਚੀ ਸੁ਼ੱਕਰਵਾਰ ਨੂੰ ਜਾਰੀ ਕੀਤੀ ਜਾਵੇਗੀ। ਇਸ ਦੌਰਾਨ ਕੈਚਅੱਪ ਤੋਂ ਲੈ ਕੇ ਟੁਆਇਲਟ ਪੇਪਰ ਤੱਕ ਕਈ ਵਸਤਾਂ ਉੱਤੇ ਟੈਰਿਫ ਲਾਉਣ ਦੀ ਤਿਆਰੀ ਕੈਨੇਡਾ ਵੱਲੋਂ ਕਰ ਲਈ ਗਈ ਹੈ।