‘ਕੇਸਰੀ’ ਦੇ ਹਾਦਸੇ ਵਿੱਚ ਅਕਸ਼ੈ ਦੇ 18 ਕਰੋੜ ਖ਼ਾਕ


ਮਹਾਰਾਸ਼ਟਰ ਦੇ ਵਾਈ ਵਿੱਚ ਬਣੇ ਫਿਲਮ ‘ਕੇਸਰੀ’ ਦੇ ਸੈੱਟ ‘ਤੇ ਅੱਗ ਲੱਗਣ ਦੇ ਦੋ ਹਫਤੇ ਬਾਅਦ ਨੁਕਸਾਨ ਦੇ ਅੰਕੜੇ ਪਤਾ ਲੱਗੇ ਹਨ। ਇਸ ਹਾਦਸੇ ਵਿੱਚ ਕਰੀਬ 18 ਕਰੋੜ ਦਾ ਨੁਕਸਾਨ ਹੋਇਆ ਹੈ। ਉਥੇ ਬੀਮਾ ਕੰਪਨੀ ਵਾਲੇ ਇਸ ਨੂੰ ਹਾਦਸਾ ਮੰਨਣ ਲਈ ਤਿਆਰ ਨਹੀਂ। ਉਹ ਇਸ ਨੂੰ ਕਰੂਅ ਮੈਂਬਰਾਂ ਦੀ ਲਾਪਰਵਾਹੀ ਦੱਸ ਰਹੇ ਹਨ। ਅਕਸ਼ੈ ਕੁਮਾਰ ਦੀ ਆਉਣ ਵਾਲੀ ਫਿਲਮ ‘ਕੇਸਰੀ’ ਦੇ ਸਾਰਾਗੜ੍ਹੀ ਵਾਲੇ ਕਿਲੇ ਦੇ ਸੈਟ ‘ਤੇ ਲੱਗੀ ਅੱਗ ਨਾਲ ਟੀਮ ਨੂੰ ਜ਼ਬਰਦਸਤ ਨੁਕਸਾਨ ਹੋਇਆ ਹੈ। ਰਿਪੋਰਟਾਂ ਦੇ ਮੁਤਾਬਕ ਸੈੱਟ ‘ਤੇ ਅੱਗ ਲੱਗਣ ਨਾਲ ਕੁੱਲ 18 ਕਰੋੜ ਦਾ ਨੁਕਸਾਨ ਹੋਇਆ ਹੈ।
24 ਅਪ੍ਰੈਲ ਨੂੰ ਫਿਲਮ ਦੀ ਸ਼ੂਟਿੰਗ ਦੌਰਾਨ ਸਿਰਫ ਕਿਲ੍ਹੇ ਦੀ ਦੀਵਾਰ ਨੂੰ ਧਮਾਕੇ ਨਾਲ ਉਡਾਉਣਾ ਸੀ, ਪਰ ਹਵਾ ਤੇਜ਼ ਹੋਣ ਦੇ ਕਾਰਨ ਛੋਟੀ ਜਿਹੀ ਚੰਗਿਆੜੀ ਅੱਗ ਦੀ ਲਪਟਾਂ ਵਿੱਚ ਤਬਦੀਲ ਹੋ ਗਈ ਅਤੇ ਕੁਝ ਮਿੰਟਾਂ ਵਿੱਚ ਹੀ ਪੂਰਾ ਕਿਲ੍ਹਾ ਸੜ ਕੇ ਸੁਆਹ ਹੋ ਗਿਆ। ਸੂਤਰਾਂ ਮੁਤਾਬਕ ਸੈੱਟ ‘ਤੇ ਸਾਮਾਨ ਤੋਂ ਲੈ ਕੇ ਸਾਰੇ ਲੋਕਾਂ ਦਾ ਬੀਮਾ ਕੀਤਾ ਗਿਆ ਸੀ, ਪਰ ਜਦ ਬੀਮਾ ਕੰਪਨੀ ਨੂੰ ਕਲੇਮ ਦੇ ਨੁਕਸਾਨ ਦਾ ਵੇਰਵਾ ਦਿੱਤਾ ਗਿਆ ਤਾਂ ਉਹ ਕਰੂਅ ਮੈਂਬਰਾਂ ਦੀ ਲਾਪਰਵਾਹੀ ਦੱਸਣ ਲੱਗੇ। ਉਨ੍ਹਾਂ ਦਾ ਕਹਿਣਾ ਹੈ ਕਿ ਸੈੱਟ ‘ਤੇ ਲੋੜੀਂਦੇ ਪ੍ਰਬੰਧ ਨਹੀਂ ਸਨ। ਅੱਗ ਤੋਂ ਬਚਣ ਲਈ ਸੈੱਟ ‘ਤੇ ਸਿਰਫ ਵਾਟਰ ਟੈਂਕਰ ਸਨ। ਇਸ ਕਾਰਨ ਅੱਗ ‘ਤੇ ਕਾਬੂ ਨਹੀਂ ਪਾਇਆ ਜਾ ਸਕਿਆ। ਦੇਖਣ ਵਾਲੀ ਗੱਲ ਇਹ ਹੈ ਕਿ ਬੀਮਾ ਕੰਪਨੀ ਪ੍ਰੋਡਕਸ਼ਨ ਹਾਊਸ ਨੂੰ ਨੁਕਸਾਨ ਦੀ ਪੂਰਤੀ ਕਰਦੀ ਹੈ ਜਾਂ ਨਹੀਂ।
‘ਸ਼ੋਅ ਮਸਟ ਗੋ ਆਨ’ ਦੀ ਤਰਜ਼ ਉੱਤੇ ਫਿਲਮ ਦੀ ਟੀਮ 20 ਮਈ ਨੂੰ ਹਿਮਾਚਲ ਦੀਆਂ ਖੂਬਸੂਰਤ ਵਾਦੀਆਂ ਵਿੱਚ ਸ਼ੂਟਿੰਗ ਕਰਨ ਦੀ ਤਿਆਰੀ ਕਰ ਰਹੀ ਹੈ। ਫਿਲਮ ਦੇ ਸਾਰੇ ਮੁੱਖ ਕਲਾਕਾਰ 20 ਮਈ ਤੋਂ ਲਾਹੌਲ-ਸਪਿਤੀ ਵਿੱਚ ਸ਼ੂਟਿੰਗ ਕਰਨਗੇ। ਇਥੇ 12 ਦਿਨਾਂ ਤੱਕ ਫਿਲਮ ਦੀ ਸ਼ੂਟਿੰਗ ਕੀਤੀ ਜਾਏਗੀ ਅਤੇ ਸਾਰੇ ਜੂਨ ਵਿੱਚ ਵਾਪਸ ਵਾਈ ਪਰਤ ਕੇ ਬਚਦੇ ਹੋਏ ਸੀਨ ਸ਼ੂਟ ਕਰਨਗੇ।