ਕੇਲਡਰਸਟੋਨ ਸੀਨੀਅਰਜ਼ ਕਲੱਬ ਨੇ ਮਦਰਜ਼ ਡੇ ਮਨਾਇਆ

ਬਰੈਂਪਟਨ ( ਡਾ. ਸੋਹਨ ਸਿੰਘ ) ਮੈਂਨੂੰ ਇਹ ਦੱਸ ਕੇ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਕੇਲਡਰਸਟੋਨ ਸੀਨੀਅਰਜ਼ ਕਲੱਬ ਨੇ 13 ਮਈ ਦਿਨ ਐਤਵਾਰ ਨੂੰ ਕੇਲਡਰਸਟੋਨ ਪਾਰਕ ਵਿੱਚ 2-5 ਸ਼ਾਮ ਨੂੰ ਮਦਰਜ਼ ਡੇ ਬੜੀ ਹੀ ਸ਼ਾਨੋ ਸ਼ੌਕਤ ਨਾਲ ਮਨਾਇਆ । ਸੱਭ ਤੋਂ ਪਹਿਲਾਂ ਸਾਰੀਆਂ ਔਰਤਾਂ ਨੂੰ ਗੁਲਾਬ ਦੇ ਫੁੱਲਾਂ ਨਾਲ ਸਨਮਾਨਤ ਕੀਤਾ ਗਿਆ ਤੇ ਫਿਰ ਉਹਨਾਂ ਦੇ ਹੀ ਮਾਣ ਤੇ ਸੱਤਕਾਰ ਵਿੱਚ ਉਲੀਕੇ ਪ੍ਰੋਗਰਾਮ ਦੀ ਸ਼ੁਰੁਆਤ ਕੀਤੀ ਗਈ । ਕਲੱਬ ਦੇ ਪਰਧਾਨ ਡਾ. ਸੋਹਨ ਸਿੰਘ ਨੇ ਆਏ ਹੋਏ ਸਾਰੇ ਮੈਂਬਰਜ਼ ਨੂੰ ਜੀ ਆਇਆਂ ਕਿਹਾ ਅਤੇ ਇਸ ਦਿਨ ਦੀ ਵਧਾਈ ਦਿੱਤੀ। ਇਹ ਗੱਲ ਸੱਚੀ ਹੈ ਕਿ ਮਾਂ ਦੇ ਪੈਰਾਂ ਵਿੱਚ ਸਵਰਗ ਹੈ। ਪ੍ਰਮਾਤਮਾ ਤੋਂ ਬਾਦ ਅਸੀਂ ਮਾਂ ਦੇ ਕਰਜ਼ਦਾਰ ਹਾਂ, ਪਹਿਲਾਂ ਜ਼ਿੰਦਗੀ ਦੇਣ ਲਈ ਅਤੇ ਫਿਰ ਜ਼ਿੰਦਗੀ ਬਨਾਉਣ ਲਈ। ਕਹਿੰਦੇ ਨੇ ਕਿ ਰੱਬ ਨੇ ਮਾਂਵਾਂ ਇੱਸ ਕਰਕੇ ਬਣਾਈਆਂ ਹਨ ਕਿੳਂੁਕਿ ਉਹ ਹਰ ਥਾਂ ਹਾਜਰ ਨਹੀਂ ਸੀ ਹੋ ਸਕਦਾ। ਤਾਂਈਉਂ ਤਾਂ ਕਿਹਾ ਜਾਂਦਾ ਹੈ ਕਿ ਮਾਂ ਦੀ ਪੂਜਾ ਰੱਬ ਦੀ ਪੂਜਾ ਹੈ। ਆਪਣੇ ਸੰਖੇਪ ਭਾਸ਼ਣ ਤੋਂ ਬਾਅਦ ਪਰਧਾਨ ਨੇ ਸਟੇਜ ਦੀ ਕਾਰਵਾਈ ਅੱਗੇ ਤੋਰਨ ਲਈ ਕਲੱਬ ਦੇ ਸੈਕਟਰੀ ਰੇਸ਼ਮ ਸਿੰਘ ਦੋਸਾਂਝ ਨੂੰ ਕਿਹਾ। ਉਹਨਾਂ ਨੇ ਡਾ.ਗਾਇਤਰੀ ਕਾਲੀਆ ਜੋ ਕਿ ਆਯੁਰਵੈਦਿਕ ਦੇ ਮਾਹਰ ਹਨ ਨੂੰ ਬੋਲਣ ਲਈ ਕਿਹਾ । ਡਾ.ਕਾਲੀਆ ਨੇ ਰੋਜ਼ਾਨਾ ਜ਼ਿੰਦਗੀ ਵਿੱਚ ਵਰਤੋਂ ਵਾਲੇ ਕਾਫੀ ਨੁਸਕੇ ਦੱਸੇ ਅਤੇ ਮਾਂ ਦਿੱਵਸ ਦੀ ਵਧਾਈ ਦਿੱਤੀ। ਇੱਸ ਸਮੇ ਹੋਰ ਬੋਲਣ ਵਾਲੇ ਸਨ ਮਾਸਟਰ ਅਮਰਜੀਤ ਸ਼ਰਮਾ, ਦਰਸ਼ਨ ਲਾਲ ਸੱਚਦੇਵਾ, ਕਲੱਬ ਦੀ ਐਡਵਾਈਜ਼ਰੀ ਕਮੇਟੀ ਦੇ ਚੇਅਰ ਪਰਸਨ ਸਤਵੰਤ ਸਿੰਘ ਬੋਪਾਰਾਏ, ਦਿਲਬਾਗ ਰਾਏ ਚੋਹਾਨ ਅਤੇ ਕਲੱਬ ਦੇ ਡਾਇਰੈਕਟਰ ਸਤਨਾਮ ਕੌਰ। ਇਹ ਦੱਸਣਾਂ ਜ਼ਰੂਰੀ ਹੈ ਕਿ ਚਾਹ ਪਾਣੀ ਅਤੇ ਮਠਿਆਈ ਦਾ ਲੰਗਰ ਅਟੁੱਟ ਵਰਤਦਾ ਰਿਹਾ ਜਿੱਸ ਦੀ ਸੇਵਾ ਕਲੱਬ ਦੇ ਮੈਂਬਰਜ਼ ਵੱਲੋਂ ਹੀ ਸੀ। ਅਖ਼ੀਰ ਵਿੱਚ ਡਾ. ਸੋਹਨ ਸਿੰਘ ਨੇ ਕਲੱਬ ਦੇ ਖ਼ਜਾਨਚੀ ਹਰਦੇਵ ਸਿੰਘ ਮਾਨ ਦਾ ਚਾਹ ਦੀ ਸੇਵਾ ਲਈ, ਰੇਸ਼ਮ ਸਿੰਘ ਦੋਸਾਂਝ ਦਾ ਦੇਸੀ ਘਿਉ ਦੀਆਂ ਜਲੇਬੀਆਂ ਲਈ, ਅਵਤਾਰ ਸਿੰਘ ਭੌਰਾ ਦਾ ਸਮੋਸਿਆਂ ਲਈ ਅਤੇ ਗੁਰਦੇਵ ਸਿੰਘ ਪੁਰੀ ਦਾ ਰਸਗੁਲਿਆਂ ਦੀ ਸੇਵਾ ਲਈ ਅਤੇ ਹੋਰ ਦਾਨੀਆਂ ਦਾ ਮਾਇਕ ਸਹਾਇਤਾ ਲਈ ਧੰਨਵਾਦ ਕੀਤਾ। ਉਹਨਾਂ ਨੇ ਕੁੱਝ ਆਉਣ ਵਾਲੇ ਪ੍ਰੋਗਰਾਮਾਂ ਦਾ ਵੇਰਵਾ ਵੀ ਸਾਂਝਾ ਕੀਤਾ । ਮੈਂਬਰਜ਼ ਨੂੰ ਸੂਚਤ ਕੀਤਾ ਜਾਂਦਾ ਹੈ ਕਿ 26 ਮਈ ਦਿੱਨ ਸਨਿਚਰਵਾਰ ਨੂੰ ਕਲੱਬ ਵੱਲੋਂ ਟਰਿਪ ਬਲੂ ਮੌਨਟੇਨ ਅਤੇ ਵਸਾਘਾ ਬੀਚ ਜਾਏਗਾ ਜਿਸ ਵਾਸਤੇ ਤੁਸੀਂ ਅਪਣੇ ਨਾਮ ਅਵਤਾਰ ਸਿੰਘ ਗਿਲ ਜਾਂ ਹਰਭਜਨ ਸਿੰਘ ਮਿਨਹਾਸ ਨੂੰ ਦੇ ਸਕਦੇ ਹੋ।