ਕੇਜਰੀਵਾਲ ਨੇ ਪੰਜਾਬ ਚੋਣਾਂ ਵਿੱਚ ਹਾਰ ਕਬੂਲਣ ਵੇਲੇ ਮਸ਼ੀਨਾਂ ਨਾਲ ਛੇੜ-ਛਾੜ ਦਾ ਦੋਸ਼ ਲਾਇਆ

k* ਮਾਇਆਵਤੀ ਮਸ਼ੀਨਾਂ ਦੀ ਛੇੜ-ਛਾੜ ਵਿਰੁੱਧ ਅਦਾਲਤ ਜਾਵੇਗੀ
ਨਵੀਂ ਦਿੱਲੀ, 15 ਮਾਰਚ, (ਪੋਸਟ ਬਿਊਰੋ)- ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਅੱਜ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਹੋਈ ਹਾਰ ਦੀ ਜ਼ਿੰਮੇਵਾਰੀ ਅਪਣੇ ਸਿਰ ਲੈਂਦੇ ਹੋਏ ਕਿਹਾ ਹੈ ਕਿ ਸਾਨੂੰ ਪੰਜਾਬ ਵਿਚ ਵੱਡੀ ਜਿੱਤ ਦੀ ਆਸ ਸੀ, ਪਰ ਨਤੀਜੇ ਹੈਰਾਨੀ ਵਾਲੇ ਹਨ, ਜਿਨ੍ਹਾਂ ਦੀ ਘੋਖ ਕੀਤੀ ਜਾਵੇਗੀ। ਉਨ੍ਹਾਂ ਨੇ ਚੋਣਾਂ ਵਿਚ ਈ ਵੀ ਐਮ ਨਾਲ ਛੇੜਛਾੜ ਹੋਣ ਦੇ ਸ਼ੱਕ ਹੇਠ ਚੋਣ ਕਮਿਸ਼ਨ ਤੋਂ ਮੰਗ ਕੀਤੀ ਕਿ ਮਸ਼ੀਨਾਂ ਨਾਲ ਛੇੜਛਾੜ ਦੇ ਦੋਸ਼ਾਂ ਦੀ ਸੰਜੀਦਗੀ ਨਾਲ ਜਾਂਚ ਕਰਵਾਈ ਜਾਵੇ, ਤਾਂ ਕਿ ਲੋਕਾਂ ਦਾ ਚੋਣ ਅਮਲ ਵਿਚ ਯਕੀਨ ਬਹਾਲ ਰਹੇ।
ਦਿੱਲੀ ਵਿੱਚ ਅਪਣੀ ਸਰਕਾਰੀ ਰਿਹਾਇਸ਼ ਆਮ ਆਦਮੀ ਪਾਰਟੀ ਦੇ ਪੰਜਾਬ ਤੋਂ ਚੁਣੇ ਵਿਧਾਇਕਾਂ ਦੀ ਬੈਠਕ ਦੇ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਪੰਜਾਬ ਤੋਂ ਆਪ ਪਾਰਟੀ ਨੂੰ ਹੂੰਝਾ ਫੇਰੂ ਜਿੱਤ ਦੀ ਆਸ ਸੀ, ਪਰ ਕਾਂਗਰਸ ਨੂੰ ਦੋ-ਤਿਹਾਈ ਬਹੁਮਤ ਮਿਲਣਾ ਹੈਰਾਨ ਕਰਨ ਵਾਲਾ ਹੈ। ਉਨ੍ਹਾਂ ਦੇ ਨਾਲ ਪੰਜਾਬ ਮਾਮਲਿਆਂ ਦੇ ਇੰਚਾਰਜ ਸੰਜੇ ਸਿੰਘ ਵੀ ਸਨ।
ਪੰਜਾਬ ਚੋਣਾਂ ਵਿਚ ਹੋਈ ਹਾਰ ਬਾਰੇ ਕੇਜਰੀਵਾਲ ਨੇ ਕਿਹਾ, ‘ਪਾਰਟੀ ਦਾ ਮੁਖੀ ਹੋਣ ਨਾਤੇ ਸਾਰੀ ਜ਼ਿੰਮੇਵਾਰੀ ਮੈਂ ਆਪਣੇ ਸਿਰ ਲੈਂਦਾ ਹਾਂ। ਅਸੀਂ ਨਤੀਜਿਆਂ ਦੀ ਹੋਰ ਘੋਖ ਕਰਾਂਗੇ।’ ਉਨ੍ਹਾਂ ਕਿਹਾ, ‘ਜਿਵੇਂ ਅਕਾਲੀਆਂ ਨੇ ਪੰਜਾਬ ਨੂੰ ਲੁੱਟਿਆ ਹੈ, ਲੋਕ ਉਨ੍ਹਾ ਨੂੰ ਨਫ਼ਰਤ ਕਰਦੇ ਅਤੇ ਹਰਾਉਣਾ ਚਾਹੁੰਦੇ ਸਨ। ਅਕਾਲੀਆਂ ਨੂੰ 5-6 ਫ਼ੀਸਦੀ ਤੋਂ ਵੱਧ ਵੋਟ ਨਹੀਂ ਸੀ ਮਿਲਣੀ, ਪਰ ਅਕਾਲੀ-ਭਾਜਪਾ ਗਠਜੋੜ ਨੂੰ 30.6 ਫ਼ੀਸਦੀ, ਕਾਂਗਰਸ ਨੂੰ 38.5 ਫ਼ੀਸਦੀ ਤੇ ਆਪ ਪਾਰਟੀ ਤੇ ਲੋਕ ਇਨਸਾਫ ਪਾਰਟੀ ਦੇ ਗਠਜੋੜ ਨੂੰ 24.9 ਫ਼ੀਸਦੀ ਵੋਟ ਮਿਲਣਾ ਆਸ ਤੋਂ ਉਲਟ ਹੈ।’ ਉਨ੍ਹਾਂ ਨੇ ਅਕਾਲੀਆਂ ਨੂੰ 30 ਫ਼ੀਸਦੀ ਵੋਟ ਮਿਲਣ ਬਾਰੇ ਕਿਹਾ, ‘ਸ਼ੱਕ ਹੁੰਦਾ ਹੈ ਕਿ ਆਪ ਪਾਰਟੀ ਦੇ 20 ਤੋਂ 25 ਫ਼ੀਸਦੀ ਵੋਟ ਅਕਾਲੀ-ਭਾਜਪਾ ਗਠਜੋੜ ਨੂੰ ਤਬਦੀਲ ਕੀਤੇ ਗਏ ਹਨ।’ ਉਨ੍ਹ੍ਹਾਂ ਕਿਹਾ ਕਿ ਪੰਜਾਬ ਵਿਚ ਚੋਣਾਂ ਨੂੰ ਕਾਨੂੰਨੀ ਪੱਖੋਂ ਰੱਦ ਕਰਨਾ ਤਾਂ ਹੁਣ ਸੰਭਵ ਨਹੀਂ, ਪਰ ਭਵਿੱਖ ਵਿਚ ਲੋਕਾਂ ਦਾ ਚੋਣ ਅਮਲ ਵਿਚ ਭਰੋਸਾ ਰੱਖਣ ਲਈ ਪੰਜਾਬ ਵਿਚ 32 ਵਿਧਾਨ ਸਭਾ ਹਲਕਿਆਂ ਵਿਚ ਜਿੱਥੇ ਪਰਚੀ ਨਿਕਲਣ ਵਾਲੀਆਂ ਮਸ਼ੀਨਾਂ ਲਾਈਆਂ ਸਨ, ਚੋਣ ਕਮਿਸ਼ਨ ਉਨ੍ਹਾਂ ਦੀ ਗਿਣਤੀ ਕਰਵਾ ਲਏ, ਜਿਸ ਤੋਂ ਸਾਫ ਹੋ ਜਾਵੇਗਾ ਕਿ ਕੋਈ ਛੇੜਛਾੜ ਨਹੀਂ ਹੋਈ।
ਕੇਜਰੀਵਾਲ ਨੇ ਕਿਹਾ ਕਿ ਵੱਡੇ ਵੱਡੇ ਪੱਤਰਕਾਰਾਂ ਤੋਂ ਲੈ ਕੇ ਆਜ਼ਾਦ ਸੰਸਥਾਵਾਂ ਇਹ ਮੰਨਦੀਆਂ ਸਨ ਕਿ ਆਮ ਆਦਮੀ ਪਾਰਟੀ ਵੱਡੀ ਜਿੱਤ ਦਰਜ ਕਰ ਰਹੀ ਹੈ ਅਤੇ ਕਿਹਾ ਜਾਂਦਾ ਸੀ ਕਿ ਆਮ ਆਦਮੀ ਪਾਰਟੀ ਮਾਲਵਾ ਤੋਂ ਜਿੱਤ ਰਹੀ ਹੈ, ਕਾਂਗਰਸ ਮਾਝਾ ਵਿਚ ਜਿੱਤ ਰਹੀ ਹੈ ਤੇ ਦੁਆਬਾ ਵਿਚ ਟੱਕਰ ਹੈ। ਇਸ ਦੇ ਬਾਵਜੂਦ ਮਾਲਵਾ ਵਿਚ ਕਾਂਗਰਸ ਸਾਰੀਆਂ ਸੀਟਾਂ ਲੈ ਕੇ ਦੋ ਤਿਹਾਈ ਦੇ ਬਹੁਮਤ ਨਾਲ ਜਿੱਤ ਗਈ ਤਾਂ ਕਿਆਸ ਤੋਂ ਬਾਹਰ ਹੈ। ਉਨ੍ਹਾਂ ਮਹਾਰਾਸ਼ਟਰ, ਉੱਤਰ ਪ੍ਰਦੇਸ਼ ਆਦਿ ਦਾ ਹਵਾਲਾ ਦੇ ਕੇ ਭਾਜਪਾ ਵਲੋਂ ਵੀ 2014 ਤੋਂ ਪਹਿਲਾਂ ਈ ਵੀ ਐਮ ਮਸ਼ੀਨਾਂ ਨਾਲ ਛੇੜਛਾੜ ਦੇ ਲਾਏ ਗਏ ਦੋਸ਼ਾਂ ਦਾ ਹਵਾਲਾ ਦਿਤਾ ਤੇ ਕਿਹਾ ਕਿ ਸੁਪਰੀਮ ਕੋਰਟ ਨੇ ਅਪਣੇ ਫੈਸਲੇ ਵਿਚ ਮੰਨਿਆ ਹੋਇਆ ਹੈ ਕਿ ਇਨ੍ਹਾਂ ਇਲੈਕਟਰਾਨਿਕ ਵੋਟਿੰਗ ਮਸ਼ੀਨਾਂ ਨਾਲ ਛੇੜਛਾੜ ਹੋ ਸਕਦੀ ਹੈ।
ਇਸ ਦੌਰਾਨ ਉੱਤਰ ਪ੍ਰਦੇਸ਼ ਵਿੱਚ ਬਹੁਜਨ ਸਮਾਜ ਪਾਰਟੀ ਨੇ ਬਿਜਲੀ ਵੋਟਿੰਗ ਮਸ਼ੀਨਾਂ (ਈ ਵੀ ਐਮ) ਨਾਲ ਛੇੜਛਾੜ ਦੇ ਵਿਰੁਧ ਅਦਾਲਤ ਵਿੱਚ ਜਾਣ ਦਾ ਫ਼ੈਸਲਾ ਕੀਤਾ ਹੈ। ਬਸਪਾ ਨੇ ਅੱਜ ਕਿਹਾ ਕਿ ਭਾਜਪਾ ਨੇ ਲੋਕਰਾਜ ਦੀ ਹਤਿਆ ਕੀਤੀ ਹੈ ਅਤੇ ਇਸ ਲਈ ਹਰ ਮਹੀਨੇ ਉਹ ‘ਕਾਲਾ ਦਿਵਸ’ ਮਨਾਉਣਗੇ। ਉਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਵਿਚ ਪਾਰਟੀ ਦੀ ਕਰਾਰੀ ਹਾਰ ਦੀ ਸਮੀਖਿਆ ਵਾਸਤੇ ਸੱਦੀ ਗਈ ਬੈਠਕ ਵਿੱਚ ਪਾਰਟੀ ਦੀ ਮੁਖੀ ਮਾਇਆਵਤੀ ਨੇ ਕਿਹਾ ਕਿ ਚੋਣ ਕਮਿਸ਼ਨ ਨੇ 11 ਮਾਰਚ ਨੂੰ ਨਤੀਜੇ ਐਲਾਨੇ ਜਾਣ ਪਿੱਛੋਂ ਉਨ੍ਹਾਂ ਦੀ ਸ਼ਿਕਾਇਤ ਦਾ ਢੁਕਵਾਂ ਜਵਾਬ ਨਹੀਂ ਦਿਤਾ। ਪਾਰਟੀ ਨੇ ਇਸ ਨੂੰ ਹੁਣ ਅਦਾਲਤ ਵਿਚ ਲਿਜਾਣ ਦਾ ਫ਼ੈਸਲਾ ਕੀਤਾ ਹੈ ਤਾਂ ਕਿ ਦੇਸ਼ ਨੂੰ ਭਵਿਖ ਵਿਚ ਏਦਾਂ ਦੀ ਧੋਖਾਧੜੀ ਤੋਂ ਬਚਾਇਆ ਜਾ ਸਕੇ ਅਤੇ ਲੋਕਰਾਜ ਦੀ ਰਖਿਆ ਕੀਤੀ ਜਾ ਸਕੇ।
ਮਾਇਆਵਤੀ ਨੇ ਕਿਹਾ ਕਿ ਬਸਪਾ ਇਸ ਧੋਖਾਧੜੀ ਦਾ ਪਰਦਾ ਫ਼ਾਸ਼ ਕਰਨ ਲਈ ਉਤਰ ਪ੍ਰਦੇਸ਼ ਤੇ ਹੋਰ ਰਾਜਾਂ ਵਿਚ ਅੰਦੋਲਨ ਕਰੇਗੀ। ਪਾਰਟੀ ਹਰ ਮਹੀਨੇ 11 ਤਰੀਕ ਨੂੰ ਉਤਰ ਪ੍ਰਦੇਸ਼ ਅਤੇ ਹੋਰ ਰਾਜਾਂ ਦੇ ਮੁੱਖ ਦਫ਼ਤਰਾਂ ਵਿਖੇ ‘ਕਾਲਾ ਦਿਵਸ’ ਮਨਾਏਗੀ ਤੇ ਇਸ ਲੜੀ ਦਾ ਪਹਿਲਾ ਪ੍ਰਦਰਸ਼ਨ 11 ਅਪ੍ਰੈਲ ਨੂੰ ਕੀਤਾ ਜਾਵੇਗਾ। ਬਸਪਾ ਨੇਤਾ ਨੇ 11 ਮਾਰਚ ਨੂੰ ਵਿਧਾਨ ਸਭਾ ਚੋਣਾਂ ਦੇ ਨਤੀਜੇ ਤੋਂ ਤੁਰਤ ਬਾਅਦ ਪ੍ਰੈਸ ਕਾਨਫ਼ਰੰਸ ਵਿਚ ਈ ਵੀ ਐਮ ਨਾਲ ਛੇੜਛਾੜ ਦਾ ਦੋਸ਼ ਲਾ ਦਿੱਤਾ ਸੀ। ਉਨ੍ਹਾਂ ਦਾ ਕਹਿਣਾ ਹੈ ਕਿ ਧੋਖੇ ਨਾਲ ਹਾਸਲ ਕੀਤੀ ਜਿੱਤ ਨੂੰ ਛੁਪਾਉਣ ਲਈ ਭਾਜਪਾ ਹੁਣ ਕਹਿ ਰਹੀ ਹੈ ਕਿ ਜੇ ਮਸ਼ੀਨਾਂ ਨਾਲ ਛੇੜਛਾੜ ਕੀਤੀ ਹੁੰਦੀ ਤਾਂ ਉਹ ਪੰਜਾਬ, ਗੋਆ ਤੇ ਮਣੀਪੁਰ ਵਿਚ ਵੀ ਜਿੱਤ ਸਕਦੇ ਸਨ। ਮਾਇਆਵਤੀ ਨੇ ਕਿਹਾ ਕਿ ਭਾਜਪਾ ਨੂੰ ਜਨਤਾ ਨੂੰ ਬੇਵਕੂਫ਼ ਨਹੀਂ ਸਮਝਣਾ ਚਾਹੀਦਾ। ਜੇ ਉਹ ਹੋਰ ਥਾਂਈਂ ਵੀ ਅਜਿਹਾ ਕਰਦੇ ਤਾਂ ਜਨਤਾ ਵਲੋਂ ਉੱਠਦੇ ਸਵਾਲਾਂ ਦਾ ਜਵਾਬ ਦੇਣ ਦੀ ਸਥਿਤੀ ਵਿਚ ਨਾ ਰਹਿੰਦੇ ਤੇ ਅਸਾਨੀ ਨਾਲ ਫੜੇ ਜਾਂਦੇ।