ਕੇਜਰੀਵਾਲ ਨੇ ‘ਦੇਖਣ ਸੁਣਨ’ ਦੀ ਖੇਚਲ ਕੀਤੀ ਹੁੰਦੀ ਤਾਂ ਇਹ ਹਾਲ ਨਾ ਹੁੰਦਾ

keju
-ਇਰਾ ਪਾਂਡੇ
ਇਸ ਗੱਲ ਨੂੰ ਸਿਰਫ ਦੋ ਸਾਲ ਹੋਏ ਹਨ, ਜਦੋਂ ਅਸੀਂ ਅਰਵਿੰਦ ਕੇਜਰੀਵਾਲ ਅਤੇ ਖੁਸ਼ੀ ਨਾਲ ਨੱਚਦੀ ਟੱਪਦੀ ਉਨ੍ਹਾਂ ਦੀ ਟੀਮ ਨੂੰ ਬਾਲਕੋਨੀ ਵਿੱਚੋਂ ਇਕ ਵਿਸ਼ਾਲ ਤਿਰੰਗਾ ਲਹਿਰਾਉਂਦੇ ਦੇਖਿਆ ਸੀ, ਬਾਕੀ ਭੀੜ ਭਗਤੀ ਗੀਤ ਗਾ ਰਹੀ ਸੀ। ਬਹੁਤ ਸਾਰੇ ਲੋਕ ‘ਆਮ ਆਦਮੀ ਪਾਰਟੀ’ (ਆਪ) ਦੀ ਸ਼ਾਨਦਾਰ ਜਿੱਤ ਉੱਤੇ ਇਹ ਸਹੁੰ ਖਾ ਰਹੇ ਸਨ ਕਿ ਉਹ ਇਕ ਨਵਾਂ ਆਜ਼ਾਦੀ ਦਿਨ ਦੇਖ ਰਹੇ ਹਨ। ਜਿਸ ਪੀੜ੍ਹੀ ਦਾ ਜਨਮ ਦੇਰ ਨਾਲ ਹੋਇਆ ਹੈ, ਜਿਸ ਨੂੰ ਮਹਾਤਮਾ ਗਾਂਧੀ ਜਾਂ 50 ਤੇ 60 ਦੇ ਦਹਾਕਿਆਂ ਵਾਲੇ ਮਾਣਮੱਤੇ ਲੋਕਤੰਤਰ ਦੀ ਉਸਾਰੀ ਲਈ ਕੀਤੇ ਜ਼ੋਰਦਾਰ ਯਤਨਾਂ ਨੂੰ ਨਹੀਂ ਦੇਖਿਆ, ਉਹ ਬੜੀ ਮਾਸੂਮੀਅਤ ਨਾਲ ਇਹ ਮੰਨ ਬੈਠੇ ਸਨ ਕਿ ਕੇਜਰੀਵਾਲ ਉਨ੍ਹਾਂ ਨੂੰ ਭਿ੍ਰਸ਼ਟਾਚਾਰ, ਗੁੰਡਿਆਂ ਅਤੇ ਘਪਲਿਆਂ ਤੋਂ ਮੁਕਤੀ ਦਿਵਾਉਣਗੇ।
ਕੇਜਰੀਵਾਲ ਨੇ ਐਲਾਨ ਕੀਤਾ ਕਿ ਇਹ ਆਮ ਲੋਕਾਂ ਦੀ ਸਰਕਾਰ ਹੋਵੇਗੀ, ਜੋ ਉਨ੍ਹਾਂ ਲਈ ਕੰਮ ਕਰੇਗੀ, ਜਿਨ੍ਹਾਂ ਕੋਲ ਆਪਣਾ ਮਕਾਨ, ਪਾਣੀ ਜਾਂ ਬਿਜਲੀ ਨਹੀਂ। ਉਨ੍ਹਾਂ ਨੇ ਰਾਲੇਗਾਓਂ ਸਿੱਧੀ ਤੋਂ ਆਏ ਇਕ ਕਿਸਾਨ, ਜਿਨ੍ਹਾਂ ਦੀ ਟੋਪੀ ਹਮੇਸ਼ਾ ਉਨ੍ਹਾਂ ਦੇ ਮੂੰਹ ਨਾਲੋਂ ਵੱਡੀ ਦਿਖਾਈ ਦਿੰਦੀ ਸੀ, ਵੱਲ ਇਸ਼ਾਰਾ ਕਰ ਕੇ ਇਹ ਵੀ ਕਿਹਾ ਸੀ ਕਿ ‘ਦੇਖੋ, ਸਾਡੇ ਕੋਲ ਆਪਣੇ ਖੁਦ ਦੇ ਗਾਂਧੀ ਵੀ ਹਨ।’ ਉਨ੍ਹਾਂ ਕਿਹਾ ਸੀ ਕਿ ‘ਹੁਣ ਸਮਾਂ ਬਦਲ ਰਿਹਾ ਹੈ।’ ਦੂਸਰੇ ਪਾਸੇ ਸਫਾਈ ਮੁਲਾਜ਼ਮ ਰਾਮ ਲੀਲਾ ਮੈਦਾਨ ਵਿੱਚ ਉਨ੍ਹਾਂ ਦੇ ਸਾਥੀਆਂ ਵੱਲੋਂ ਖਿਲਾਰੇ ਗਏ ਕੂੜੇ ਨੂੰ ਸਾਫ ਕਰਨ ਲਈ ਸੰਘਰਸ਼ ਕਰ ਰਹੇ ਸਨ।
ਉਨ੍ਹੀਂ ਦਿਨੀਂ 21ਵੀਂ ਸਦੀ ਦੇ ਇਨ੍ਹਾਂ ਰਾਸ਼ਟਰਵਾਦੀਆਂ ਪਿੱਛੇ ਸੱਚਮੁਚ ਲੋਕਾਂ ਦਾ ਹੜ੍ਹ ਆ ਗਿਆ ਸੀ, ਜੋ ਚਿੱਟੀਆਂ ਟੋਪੀਆਂ ਪਹਿਨ ਕੇ ‘ਵੰਦੇ ਮਾਤਰਮ’ ਦੇ ਨਾਅਰੇ ਲਾ ਰਹੇ ਸਨ ਤੇ ਟਰੈਫਿਕ ਨਿਯਮ ਤੋੜਨ ਉੱਤੇ ਲੋਕਾਂ ਨੂੰ ਲਾਲ ਗੁਲਾਬ ਭੇਟ ਕਰਦੇ ਸਨ। ਇਹ ਲੋਕ ਝੌਂਪੜ ਪੱਟੀ ਕਾਲੋਨੀਆਂ ਵਿੱਚ ਬੈਠ ਕੇ ਇਹ ਸਹੁੰ ਖਾ ਰਹੇ ਸਨ ਕਿ ਹੁਣ ਤੋਂ ਸਾਰੇ ਔਰਤਾਂ ਮਰਦ ਬਰਾਬਰ ਹੋਣਗੇ। ਆਪਣੀ ਵੈਗਨ ਆਰ (ਕਾਰ) ਤੋਂ ਨੇਤਾ ਕੇਜਰੀਵਾਲ ਨੇ ਐਲਾਨ ਕੀਤਾ ਸੀ ਕਿ ਕੋਈ ਲਾਲ ਬੱਤੀ ਨਹੀਂ, ਨਾ ਲੁਟੀਅਨਜ਼ ਦਿੱਲੀ ਵਾਲੇ ਬੰਗਲੇ, ਨਾ ਐਸ ਯੂ ਵੀ ਗੱਡੀ, ਨਾ ਸੁਰੱਖਿਆ ਗਾਰਡ। ਜਿਥੇ ਭੀੜ ਖੁਸ਼ੀ ਨਾਲ ਨੱਚ ਟੱਪ ਰਹੀ ਸੀ, ਉਥੇ ਖਿਝੇ ਜਿਹੇ ਨੇਤਾ ਅਤੇ ਬਾਬੂ ਲੋਕ ਆਪਣੀਆਂ ਸੀਟਾਂ ਉੱਤੇ ਅਣਸੁਖਾਵਾਂ ਮਹਿਸੂਸ ਕਰ ਰਹੇ ਸਨ।
ਇਹ ਉਹੋ ਮੁੱਖ ਮੰਤਰੀ ਸੀ, ਜੋ ਲੋਕਪਾਲ ਬਣਵਾਉਣ ਲਈ ਕੇਂਦਰ ਦੇ ਢਿੱਲੇਪਣ ਦੇ ਵਿਰੋਧ ਵਿੱਚ ਸੜਕ ਉੱਤੇ ਸੌਂ ਗਿਆ ਸੀ। ਉਸ ਨੇ ਮਫਲਰ ਆਪਣੇ ਸਿਰ ਦੁਆਲੇ ਲੁਪੇਟਿਆ ਹੋਇਆ ਸੀ ਤੇ ਉਸ ਦੇ ਸਾਥੀ ਗਣਤੰਤਰ ਦਿਵਸ ਦੇ ਲਈ ਲਾਏ ਗਏ ਪੁਲਸ ਬੈਰੀਕੇਡਾਂ ਨੂੰ ਝੰਜੋੜ ਕੇ ‘ਵੰਦੇ ਮਾਤਰਮ’ ਦੇ ਨਾਅਰੇ ਲਾ ਰਹੇ ਸਨ। ਇਹ ਇਕ ਤਰ੍ਹਾਂ ਦਾ ਸੰਕੇਤ ਸੀ ਕਿ ਹੁਣ ਉਨ੍ਹਾਂ ਦਾ ਸਮਾਂ ਆ ਗਿਆ ਸੀ।
ਕੁਝ ਸਮੇਂ ਵਿੱਚ ਪੁਰਾਣੀ ਕਿਸਮ ਦੇ ਨੇਤਾ ਤੇ ਸੱਤਾ ਦੇ ਦਲਾਲ ਇਸ ਗੱਲ ਤੋਂ ਬੇਚੈਨ ਹੋ ਗਏ ਕਿ ਕਿਵੇਂ ਕੇਜਰੀਵਾਲ ਵਰਗੀ ਸਮੱਸਿਆ ਨਾਲ ਨਜਿੱਠਿਆ ਜਾ ਸਕੇ। ਉਨ੍ਹਾਂ ਨੂੰ ਨਹੀਂ ਪਤਾ ਸੀ ਕਿ ਖੁਦ ਕੇਜਰੀਵਾਲ ਹੀ ਇਸ ਸਮੱਸਿਆ ਦਾ ਹੱਲ ਕੱਢਣਗੇ ਅਤੇ ਥੋੜ੍ਹੇ ਸਮੇਂ ਬਾਅਦ ਹੀ ‘ਆਪ’ ਦੀ ਚਮਕ ਧੁੰਦਲੀ ਹੋਣੀ ਸ਼ੁਰੂ ਹੋ ਜਾਵੇਗੀ।
ਸਭ ਤੋਂ ਪਹਿਲਾਂ ਵਿਦਵਾਨ ਤੇ ਮਹਿਲਾਵਾਦੀ ਲੋਕ ਕੇਜਰੀਵਾਲ ਦੇ ਪ੍ਰਸ਼ਾਸਨ ਦੇ ਤਾਨਾਸ਼ਾਹੀ ਵਿਹਾਰ ਤੋਂ ਅਣਸੁਖਾਵਾਂ ਮਹਿਸੂਸ ਕਰਨ ਲੱਗੇ। ਫਿਰ ਖੁਲਾਸਾ ਹੋਇਆ ਕਿ ਉਨ੍ਹਾਂ ਦੇ ਸਾਥੀਆਂ ਵਿੱਚੋਂ ਕੁਝ ਲੁਟੇਰੇ, ਜਾਤੀਵਾਦੀ, ਫਰਜ਼ੀ ਡਿਗਰੀਆਂ ਵਾਲੇ ਤੇ ਸ਼ਰੇਆਮ ਕਾਨੂੰਨ ਤੋੜਨ ਵਾਲੇ ਹਨ। ਇਸ ਨਾਲ ਮੱਧ-ਵਰਗ ਦੇ ਬਹੁਤ ਸਾਰੇ ਲੋਕਾਂ ਨੂੰ ਇਹ ਮਹਿਸੂਸ ਹੋਣ ਲੱਗਾ ਕਿ ਉਨ੍ਹਾਂ ਨਾਲ ਧੋਖਾ ਹੋਇਆ ਹੈ। ਲੋਕ ਇਸ ਅਜਿਹੀ ਪਾਰਟੀ ਤੋਂ ਦੂਰੀ ਬਣਾਉਣ ਲੱਗੇ, ਜੋ ਬਦਮਾਸ਼ਾਂ ਦੀ ਟੋਲੀ ਨਜ਼ਰ ਆਉਣ ਲੱਗੀ ਸੀ। ਕੇਜਰੀਵਾਲ ਦਾ ਹੰਕਾਰ ਇੰਨਾ ਵਧ ਗਿਆ ਕਿ ਉਨ੍ਹਾਂ ਨੇ ਖੁਦ ਹੀ ਆਪਣਾ ਅਕਸ ਬਦਲ ਦਿੱਤਾ। ਉਨ੍ਹਾਂ ਦੀ ਭਾਸ਼ਾ, ਜੋ ਕਦੇ ਸਮਝਦਾਰੀ ਵਾਲੀ ਹੁੰਦੀ ਸੀ, ਹੁਣ ਖਰ੍ਹਵੀ ਤੇ ਹਮਲਾਵਰ ਹੋ ਗਈ। ਉਨ੍ਹਾਂ ਦੇ ਖੁਲਾਸੇ ਆਪਣਾ ਤਿੱਖਾਪਣ ਗੁਆ ਬੈਠੇ, ਨਿੱਤ ਦੀਆਂ ਪ੍ਰੈਸ ਕਾਨਫਰੰਸਾਂ ਵਿੱਚ ਇਕੋ ਗੱਲ ਨਜ਼ਰ ਆਉਂਦੀ ਕਿ ‘ਸਿਰਫ ਮੈਂ ਸੱਚਾਈ ਤੇ ਈਮਾਨਦਾਰੀ ਦਾ ਪੁਤਲਾ ਹਾਂ, ਬਾਕੀ ਸਾਰੇ ਸਿਆਸਤਦਾਨ ਲੁਟੇਰਿਆਂ ਦਾ ਨੈਟਵਰਕ ਹਨ। ਤੁਹਾਨੂੰ ਸਬੂਤ ਚਾਹੀਦਾ ਹੈ? ਉਹ ਮੇਰੇ ਕੋਲ ਹੈ, ਪਰ ਸਮਾਂ ਆਉਣ ਉੱਤੇ ਉਸ ਦਾ ਖੁਲਾਸਾ ਕਰਾਂਗਾ।’
ਉਹ ਸਮਾਂ ਕਦੇ ਨਹੀਂ ਆਇਆ। ਇਸ ਦੀ ਬਜਾਏ ਕੇਜਰੀਵਾਲ ਨੇ ਇਹ ਅਹਿਸਾਸ ਕਰਵਾਇਆ ਕਿ ਉਹ ਦਿੱਲੀ ‘ਚ ਤਬਦੀਲੀ ਲਿਆ ਰਹੇ ਹਨ। ਉਹ ‘ਆਪ’ ਪਾਰਟੀ ਦੇ ਕੁਲਵਕਤੀ ਪ੍ਰਚਾਰਕ ਬਣ ਗਏ। ਦਿੱਲੀ ਨੂੰ ਆਪਣੇ ਭਰੋਸੇਮੰਦ ਸਾਥੀ ਮਨੀਸ਼ ਸਿਸੋਦੀਆ ਦੇ ਹਵਾਲੇ ਕਰ ਦਿੱਤਾ ਅਤੇ ਆਪ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਧੂੜ ਚਟਾਉਣ ਲਈ ਵਾਰਾਣਸੀ ਦਾ ਰਾਹ ਫੜ ਲਿਆ। ਯਕੀਨੀ ਤੌਰ ਉੱਤੇ ਉਨ੍ਹਾਂ ਨਾਲ ਭੀੜ ਅਤੇ ਮੀਡੀਆ ਦਾ ਸਮਰਥਨ ਸੀ। ਪੰਜਾਬ ਤੇ ਗੋਆ ‘ਚ ਵੀ ਇਹੋ ਕੁਝ ਕੀਤਾ ਗਿਆ, ਪਰ ਉਥੋਂ ਦੇ ਤਬਾਹਕੁੰਨ ਨਤੀਜੇ ‘ਆਪ’ ਪਾਰਟੀ ਦੀ ਸਭ ਤੋਂ ਸ਼ਰਮਨਾਕ ਹਾਰ ਦੇ ਰੂਪ ਵਿੱਚ ਦਿੱਲੀ ਨਗਰ ਨਿਗਮ ਦੀਆਂ ਚੋਣਾਂ ਦਾ ਟ੍ਰੇਲਰ ਸਨ।
ਆਪਣੀ ਆਦਤ ਅਨੁਸਾਰ ਕੇਜਰੀਵਾਲ ਦੀ ਸ਼ੁਰੂਆਤੀ ਪ੍ਰਕਿਰਿਆ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ ‘ਤੇ ਦੋਸ਼ ਮੜ੍ਹਨ ਦੀ ਸੀ, ਜਿਸ ਵਿੱਚ ਉਨ੍ਹਾਂ ਨੇ ਚੋਣ ਕਮਿਸ਼ਨ, ਕੇਂਦਰ ਸਰਕਾਰ ਤੇ ਹੋਰਨਾਂ ਵਿਰੁੱਧ ਧਰਨੇ ਦੇਣ ਦੀ ਧਮਕੀ ਦਿੱਤੀ। ਹੁਣ ਖੁਦ ਉਨ੍ਹਾਂ ਦੇ ਵਫਾਦਾਰਾਂ ਤੇ ਕੇਜਰੀਵਾਲ ਨੂੰ ਇਹ ਮੰਨਣ ਲਈ ਮਜਬੂਰ ਹੋਣਾ ਪਿਆ ਹੈ ਕਿ ਉਨ੍ਹਾਂ ਗਲਤੀ ਕੀਤੀ ਸੀ ਤੇ ਆਪਣੇ ਚੋਣ ਹਲਕੇ ਦਿੱਲੀ ਨੂੰ ਵੀ ਅਣਡਿੱਠ ਕੀਤਾ ਸੀ। ਜੇ ਉਹ ਦੇਖਣ ਤੇ ਸੁਣਨ ਦੀ ਖੇਚਲ ਕਰਦੇ ਤਾਂ ਉਨ੍ਹਾਂ ਨੂੰ ਪਤਾ ਲੱਗਦਾ ਕਿ ਨੈਤਿਕਤਾ ਅਤੇ ਉਨ੍ਹਾਂ ਦੇ ਕੀਤੇ ਹੋਏ ਪ੍ਰਵਚਨਾਂ ਨਾਲੋਂ ਕਿਤੇ ਜ਼ਿਆਦਾ ਵੱਡੇ ਮੁੱਦੇ ਬਿਜਲੀ, ਪਾਣੀ, ਸੜਕਾਂ, ਕੂੜੇ ਤੇ ਸੀਵਰੇਜ ਦੇ ਸਨ। ਨਾ ਕੇਜਰੀਵਾਲ ਦੇ ਚੁਸਤ ਚਲਾਕ ਮੀਡੀਆ ਸਲਾਹਕਾਰਾਂ ਅਤੇ ਨਾ ਭੋਂਪੂ ਵਾਂਗ ਬੋਲਣ ਵਾਲੇ ਬੁਲਾਰਿਆਂ ਨੇ ਉਨ੍ਹਾਂ ਨੂੰ ਫੀਡਬੈਕ ਦਿੱਤੀ ਕਿ ਲੋਕਾਂ ਦੀ ਜ਼ਿੰਦਗੀ ‘ਚ ਤਬਦੀਲੀ ਲਿਆਉਣ ਦੀ ਬਹੁਤ ਜ਼ਿਆਦਾ ਲੋੜ ਹੈ।
ਦੁੱਖ ਦੀ ਗੱਲ ਹੈ ਕਿ ਹੁਣ ਉਹ ਅਜਿਹੀ ਸਥਿਤੀ ‘ਚ ਹਨ ਕਿ ਨਾ ਕੋਈ ਟਿੱਪਣੀ ਕਰਨ ਦੇ ਕਾਬਿਲ ਹਨ ਤੇ ਨਾ ਹੀ ਧਰਨਾ ਦੇਣ ਦੇ। ਅਜਿਹਾ ਲੱਗਦਾ ਹੈ ਕਿ ਸਾਵਧਾਨੀ ਨਾਲ ਬਣਾਏ ਗਏ ਉਨ੍ਹਾਂ ਦੇ ਸਿਆਸੀ ਭਵਿੱਖ ਦੀ ਨੀਂਹ ਹੀ ਗਲਤ ਰੱਖੀ ਗਈ ਸੀ। ਨਵੇਂ ਆਰਕੀਟੈਕਟ ਕਹਿਣਗੇ ਕਿ ਉਨ੍ਹਾਂ ‘ਚ ਨਾਂਹ ਪੱਖੀ ਸੋਚ ਜ਼ਿਆਦਾ ਹੈ, ਜਦ ਕਿ ਹਾਂ ਪੱਖੀ ਊਰਜਾ ਦਾ ਨਾਮੋ ਨਿਸ਼ਾਨ ਨਹੀਂ ਹੈ। ਜਦੋਂ ਉਨ੍ਹਾਂ ਨੇ ਸੱਤਾ ਦੇ ਥੰਮ੍ਹਾਂ ਨੂੰ ਹਿਲਾਇਆ ਤਾਂ ਛੱਤ ਖੁਦ ਉਨ੍ਹਾਂ ਦੇ ਸਿਰ ‘ਤੇ ਆ ਡਿਗੀ ਹੈ। ਜਿਥੇ ਮੋਦੀ ਇਕ ਤੋਂ ਬਾਅਦ ਇਕ ਸੂਬੇ ਉੱਤੇ ਆਪਣਾ (ਭਾਜਪਾ ਦਾ) ਕਬਜ਼ਾ ਜਮਾਉਂਦੇ ਜਾਂਦੇ ਹਨ, ਉਨ੍ਹਾਂ ਨੇ ਇਹ ਇੱਛਾ ਜ਼ਰੂਰ ਕੀਤੀ ਹੋਵੇਗੀ ਕਿ ਰਾਹੁਲ ਗਾਂਧੀ ਤੇ ਅਰਵਿੰਦ ਕੇਜਰੀਵਾਲ ਵਰਗੇ ਥੋੜ੍ਹੇ ਜਿਹੇ ਹੋਰ ਨੇਤਾ ਹੋਣ।