ਕੇਜਰੀਵਾਲ ਨੇ ਕਿਹਾ: ਭਾਜਪਾ ਦੇ ਟਾਕਰੇ ਲਈ ਗਠਜੋੜ ਜ਼ਰੂਰੀ

keu
ਨਵੀਂ ਦਿੱਲੀ, 20 ਅਪ੍ਰੈਲ (ਪੋਸਟ ਬਿਊਰੋ)- ਆਮ ਆਦਮੀ ਪਾਰਟੀ ਦੇ ਮੁਖੀ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਭਾਜਪਾ ਦੀ ਚੜ੍ਹਤ ਤੋਂ ਮਿਲੀ ਚੁਣੌਤੀ ਦਾ ਟਾਕਰਾ ਕਰਨ ਲਈ ਮਿਲਦੇ ਵਿਚਾਰਾਂ ਵਾਲੇ ਲੋਕਾਂ ਦੇ ਇਕੱਠੇ ਹੋਣ ਦੀ ਲੋੜ ਉਤੇ ਜ਼ੋਰ ਦਿੱਤਾ। ਉਨ੍ਹਾਂ ਨੇ ਕੱਲ੍ਹ ਕੇਰਲ ਦੇ ਮੁੱਖ ਮੰਤਰੀ ਪਿਨੇਰਾਈ ਵਿਜੇਯਨ ਨਾਲ ਮੁਲਾਕਾਤ ਪਿੱਛੋਂ ਕਿਹਾ ਕਿ ਦੇਸ਼ ਵਿੱਚ ਡਰ ਦਾ ਵਾਤਾਵਰਣ ਪੈਦਾ ਹੋ ਗਿਆ ਹੈ। ਉਦਯੋਗ ਤੇ ਕਾਰੋਬਾਰ ਖੇਤਰ ਤੋਂ ਲੈ ਕੇ ਮੀਡੀਆ ਅਤੇ ਆਮ ਲੋਕਾਂ ਤੱਕ ਹਰ ਕੋਈ ਡਰਿਆ ਹੋਇਆ ਹੈ।
ਕੇਜਰੀਵਾਲ ਨੇ ਦੇਸ਼ ਵਿੱਚ ਪੈਦਾ ਹੋਏ ਇਸ ਮਾਹੌਲ ਨੂੰ ਸਮੁੱਚੀ ਵਿਵਸਥਾ ਲਈ ਦੋਸ਼-ਪੂਰਨ ਕਰਾਰ ਦਿੰਦਿਆਂ ਕਿਹਾ ਕਿ ਇਨ੍ਹਾਂ ਸਥਿਤੀਆਂ ਨਾਲ ਨਜਿੱਠਣ ਲਈ ‘ਚੰਗੇ ਲੋਕਾਂ’ ਨੂੰ ਇਕੱਠੇ ਹੋਣਾ ਪਵੇਗਾ। ਉਨ੍ਹਾ ਨੇ ਦੇਸ਼ ਵਿੱਚ ਮੌਜੂਦਾ ਰਾਜਨੀਤਕ ਅਤੇ ਸਮਾਜਕ ਹਾਲਾਤ ‘ਤੇ ਚਰਚਾ ਕੀਤੀ। ਬੈਠਕ ਤੋਂ ਬਾਅਦ ਉਨ੍ਹਾਂ ਕਿਹਾ ਕਿ ਦੇਸ਼ ਦੀ ਸੱਤਾ ਗਲਤ ਹੱਥਾਂ ਵਿੱਚ ਹੈ ਅਤੇ ਹੌਲੀ ਹੌਲੀ ਦੇਸ਼ ਵਿੱਚ ਇਸ ਦਾ ਘੇਰਾ ਵਧਦਾ ਜਾਂਦਾ ਹੈ। ਭਾਜਪਾ ਦੇ ਵਿਸਥਾਰ ਵੱਲ ਇਸ਼ਾਰਾ ਕਰਦਿਆਂ ਕੇਜਰੀਵਾਲ ਨੇ ਕਿਹਾ ਕਿ ਇਨ੍ਹਾਂ ਤਾਕਤਾਂ ਨਾਲ ਲੜਨ ਲਈ ਚੰਗੇ ਲੋਕਾਂ ਨੂੰ ਇਕਜੁਟ ਹੋਣਾ ਪਵੇਗਾ।
ਵਰਨਣ ਯੋਗ ਹੈ ਕਿ ਕੇਜਰੀਵਾਲ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਆਮ ਤੌਰ ‘ਤੇ ਹੋਰ ਪਾਰਟੀਆਂ ਨਾਲ ਗਠਜੋੜ ਕਰ ਕੇ ਚੋਣ ਲੜਨ ਦੀ ਨੀਤੀ ਦਾ ਵਿਰੋਧ ਕਰਦੀ ਰਹੀ ਹੈ।