ਕੇਜਰੀਵਾਲ ਦੇ ਘਰ ਬੈਠਕ ਵਿੱਚ ਭਾਜਪਾ ਲੀਡਰਾਂ ਨਾਲ ਬਹਿਸਬਾਜ਼ੀ ਤੋਂ ਹੰਗਾਮਾ


ਨਵੀਂ ਦਿੱਲੀ, 31 ਜਨਵਰੀ (ਪੋਸਟ ਬਿਊਰੋ)- ਰਾਜਧਾਨੀ ਦਿੱਲੀ ਵਿੱਚ ਹੋ ਰਹੀ ਸੀਲਿੰਗ ਦੇ ਮੁੱਦੇ ‘ਤੇ ਕੱਲ੍ਹ ਮੁੱਖ ਮੰਤਰੀ ਦੇ ਘਰ ਭਾਰਤੀ ਜਨਤਾ ਪਾਰਟੀ ਦੇ ਨੇਤਾਵਾਂ ਨਾਲ ਹੋਈ ਬੈਠਕ ਬੇਨਤੀਜਾ ਰਹੀਂ ਅਤੇ ਦੋਵਾਂ ਪਾਰਟੀਆਂ ‘ਚ ਤੂ-ਤੂ, ਮੈਂ ਮੈਂ ਵੀ ਹੋਈ। ਭਾਜਪਾ ਆਗੂਆਂ ਨੇ ਬੈਠਕ ‘ਚ ਉਨ੍ਹਾਂ ਨਾਲ ਬਦਸਲੂਕੀ ਕੀਤੇ ਜਾਣ ਦਾ ਦੋਸ਼ ਲਾਉਂਦੇ ਹੋਏ ਵਿਰੋਧ ਵੀ ਕੀਤਾ। ਇਸ ਦੌਰਾਨ ਆਪ ਦੇ ਵਰਕਰਾਂ ਨੇ ‘ਭਾਜਪਾ ਆਈ, ਸੀਲਿੰਗ ਲਿਆਈ’ ਦੇ ਨਾਅਰੇ ਲਾਏ।
ਵਰਨਣ ਯੋਗ ਹੈ ਕਿ ਸੀਲਿੰਗ ਦੇ ਮੁੱਦੇ ਉਤੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਆਪਣੇ ਘਰ ਬੈਠਕ ਸੱਦੀ ਸੀ। ਇਸ ਵਿੱਚ ਆਪ ਪਾਰਟੀ ਦੇ ਆਗੂਆਂ ਤੋਂ ਇਲਾਵਾ ਭਾਜਪਾ ਦੀ ਸੂਬਾਈ ਇਕਾਈ ਦੇ ਮੁਖੀ ਮਨੋਜ ਤਿਵਾੜੀ ਦੇ ਨਾਲ ਕਈ ਭਾਜਪਾ ਆਗੂ ਵੀ ਮੌਜੂਦ ਸਨ। ਬੈਠਕ ਵਿੱਚ ਸੀਲਿੰਗ ਬਾਰੇ ਦੋਵਾਂ ਧਿਰਾਂ ਦੀ ਇੰਨੀ ਤਿੱਖੀ ਬਹਿਸ ਹੋਈ ਕਿ ਭਾਜਪਾ ਨੇਤਾ ਬੈਠਕ ਛੱਡ ਕੇ ਬਾਹਰ ਆ ਗਏ ਅਤੇ ਮੁੱਖ ਮੰਤਰੀ ਦੇ ਨਿਵਾਸ ਦੇ ਬਾਹਰ ਧਰਨਾ ਲਾ ਦਿੱਤਾ। ਖਬਰ ਹੈ ਕਿ ਤਿਵਾੜੀ ਨੇ ਆਮ ਆਦਮੀ ਪਾਰਟੀ ਦੇ ਕੁਝ ਆਗੂਆਂ ਵਿਰੁੱਧ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ। ਭਾਜਪਾ ਆਗੂਆਂ ਦਾ ਦੋਸ਼ ਹੈ ਕਿ ਕੇਜਰੀਵਾਲ ਨੇ ਬੈਠਕ ਦੌਰਾਨ ਭਾਰੀ ਭੀੜ ਇਕੱਠੀ ਕੀਤੀ ਹੋਈ ਸੀ। ਲੋਕ ਇੰਨਾ ਰੌਲਾ ਰੱਪਾ ਪਾ ਰਹੇ ਸਨ ਕਿ ਉਨ੍ਹਾਂ ਨੂੰ ਆਪਣੀ ਗੱਲ ਕਹਿਣ ਦਾ ਮੌਕਾ ਹੀ ਨਹੀਂ ਦਿੱਤਾ ਗਿਆ। ਦੂਸਰੇ ਪਾਸੇ ਕੇਜਰੀਵਾਲ ਨੇ ਬੈਠਕ ਪਿੱਛੋਂ ਦੱਸਿਆ ਕਿ ਦਿੱਲੀ ਦੇ ਲੈਫਟੀਨੈਂਟ ਗਵਰਨਰ ਚਾਹੁਣ ਤਾਂ ਇਸ ਮੁੱਦੇ ਦਾ ਹੱਲ ਇੱਕ ਦਿਨ ਵਿੱਚ ਨਿਕਲ ਸਕਦਾ ਹੈ। ਉਨ੍ਹਾਂ ਕੋਲ ਇਸ ਦੇ ਸੰਬੰਧਤ ਜੋ ਫਾਈਲਾਂ ਮੌਜੂਦ ਹਨ, ਉਹ ਉਸ ‘ਤੇ ਹਸਤਾਖਰ ਨਹੀਂ ਕਰ ਰਹੇ। ਜੇ ਇਸ ਹਫਤੇ ਵੀ ਉਹ ਕੁਝ ਨਹੀਂ ਕਰਦੇ ਤਾਂ ਅਸੀਂ ਸੀਲਿੰਗ ਦੀ ਕਾਰਵਾਈ ‘ਤੇ ਰੋਕ ਲਾਉਣ ਲਈ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਵਾਂਗੇ।