ਕੇਜਰੀਵਾਲ ਤੇ ਸਾਥੀਆਂ ਦਾ ਲੈਫਟੀਨੈਂਟ ਗਵਰਨਰ ਦੇ ਘਰ ਅੱਗੇ ਧਰਨਾ ਜਾਰੀ


* ਭਾਜਪਾ ਵਾਲੇ ਕੇਜਰੀਵਾਲ ਦੇ ਦਫ਼ਤਰ ਅੱਗੇ ਜਾ ਬੈਠੇ
ਨਵੀਂ ਦਿੱਲੀ, 13 ਜੂਨ, (ਪੋਸਟ ਬਿਊਰੋ)- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਡਿਪਟੀ ਮੁੱਖ ਮੰਤਰੀ ਮਨੀਸ਼ ਸਿਸੋਦੀਆ, ਟਰਾਂਸਪੋਰਟ ਮੰਤਰੀ ਸਤਿੰਦਰ ਜੈਨ ਅਤੇ ਕਿਰਤ ਮੰਤਰੀ ਗੋਪਾਲ ਰਾਏ ਨੇ ਬੁੱਧਵਾਰ ਨੂੰ ਤੀਜੇ ਦਿਨ ਵੀ ਦਿੱਲੀ ਦੇ ਲੈਫਟੀਨੈਂਟ ਗਵਰਨਰ ਅਨਿਲ ਬੈਜਲ ਦੀ ਸਰਕਾਰੀ ਰਿਹਾਇਸ਼ ਦੇ ਉਡੀਕ ਕਮਰੇ ਵਿੱਚ ਧਰਨਾ ਦਿੱਤਾ। ਸਤਿੰਦਰ ਜੈਨ ਮੰਗਲਵਾਰ ਤੋਂ ਭੁੱਖ ਹੜਤਾਲ ਉਤੇ ਹਨ ਤੇ ਅੱਜ ਮਨੀਸ਼ ਸਿਸੋਦੀਆ ਵੀ ਭੁੱਖ ਹੜਤਾਲ ਉੁਪਰ ਬੈਠ ਗਏ। ਕੇਜਰੀਵਾਲ ਦੇ ਕਰੀਬੀਆਂ ਮੁਤਾਬਕ ਇਹ ਉਨ੍ਹਾਂ ਦਾ ‘ਸਰਜੀਕਲ ਸਟਰਾਈਕ’ ਹੈ ਤੇ ਉਹ ਦਿੱਲੀ ਦੇ ਲੋਕਾਂ ਲਈ ਧਰਨੇ ਉੱਤੇ ਹਨ। ਦਿੱਲੀ ਪੁਲੀਸ ਨੇ ਲੈਫਟੀਨੈਂਟ ਗਵਰਨਰ ਦੇ ਘਰ ਨੂੰ ਜਾਂਦੇ ਰਾਹਾਂ ਨੂੰ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਹੈ।
ਇਸ ਦੌਰਾਨ ਅੱਜ ਸ਼ਾਮ ਆਮ ਆਦਮੀ ਪਾਰਟੀ ਨੇ ਲੈਫਟੀਨੈਂਟ ਗਵਰਨਰ (ਐਲ ਜੀ) ਦੇ ਨਿਵਾਸ ਵੱਲ ਮਾਰਚ ਵੀ ਕੀਤਾ, ਜਿਸ ਵਿੱਚ ਪਾਰਟੀ ਦੇ ਵਿਧਾਇਕ ਅਤੇ ਕੌਂਸਲਰ ਵੀ ਸ਼ਾਮਲ ਸਨ। ਇਸ ਮੌਕੇ ‘ਐਲ ਜੀ ਸਾਹਿਬ, ਦਿੱਲੀ ਛੱਡੋ’ ਦੇ ਨਾਅਰੇ ਲਾਏ ਗਏ। ਇਹ ਮਾਰਚ ਕਾਂਗਰਸ ਅਤੇ ਭਾਜਪਾ ਦੇ ਅੱਜ ਦੇ ਪ੍ਰਦਰਸ਼ਨਾਂ ਤੋਂ ਭਾਰਾ ਸੀ। ਪਾਰਟੀ ਦੌਰਾਨ ਰਾਜ ਸਭਾ ਮੈਂਬਰ ਸੰਜੇ ਸਿੰਘ ਨੇ ਕਿਹਾ ਕਿ ਆਈ ਏ ਐਸ ਅਧਿਕਾਰੀ ਕੰਮ ਉੱਤੇ ਲੱਗਣ ਦਾ ਲਿਖਤੀ ਭਰੋਸਾ ਦੇ ਦੇਣ ਤਾਂ ਪਾਰਟੀ ਮੁੱਖ ਮੰਤਰੀ ਕੇਜਰੀਵਾਲ ਤੇ ਉਨ੍ਹਾਂ ਦੇ ਸਾਥੀ ਮੰਤਰੀਆਂ ਨੂੰ ਧਰਨਾ ਖਤਮ ਕਰਨ ਨੂੰ ਕਹਿ ਦੇਵੇਗੀ। ਭਾਜਪਾ ਤੋਂ ਅਸਤੀਫ਼ਾ ਦੇ ਚੁੱਕੇ ਸਾਬਕਾ ਵਿੱਤ ਮੰਤਰੀ ਯਸ਼ਵੰਤ ਸਿਨਹਾ ਨੇ ਵੀ ਮੋਦੀ ਸਰਕਾਰ ਦੀ ਆਲੋਚਨਾ ਕੀਤੀ ਹੈ।
ਦੂਸਰੇ ਪਾਸੇ ਦਿੱਲੀ ਦੇ ਭਾਜਪਾ ਆਗੂ ਤੇ ਵਰਕਰ ਅੱਜ ਮੁੱਖ ਮੰਤਰੀ ਕੇਜਰੀਵਾਲ ਵੱਲੋਂ ਐੱਲ ਜੀ ਨਿਵਾਸ ਅੱਗੇ ਦੋ ਦਿਨਾਂ ਤੋਂ ਦਿੱਤੇ ਜਾ ਰਹੇ ਧਰਨੇ ਦੇ ਜਵਾਬ ਵਿੱਚ ਕੇਜਰੀਵਾਲ ਦੇ ਦਫ਼ਤਰ ਅੱਗੇ ਧਰਨੇ ਉੱਤੇ ਜਾ ਬੈਠੇ। ਧਰਨੇ ਵਿੱਚ ਆਮ ਆਦਮੀ ਪਾਰਟੀ ਤੋਂ ਬਾਗ਼ੀ ਹੋਏ ਵਿਧਾਇਕ ਕਪਿਲ ਮਿਸ਼ਰਾ ਵੀ ਸਨ। ਭਾਜਪਾ ਆਗੂ ਵੀ ਮੁੱਖ ਮੰਤਰੀ ਦਫ਼ਤਰ ਦੇ ਉਡੀਕ ਕਮਰੇ ਵਿੱਚ ਉਸੇ ਤਰ੍ਹਾਂ ਬੈਠ ਗਏ, ਜਿਵੇਂ ਲੈਫਟੀਨੈਂਟ ਗਵਰਨਰ ਦਫਤਰ ਅੱਗੇ ਕੇਜਰੀਵਾਲ ਤੇ ਉਨ੍ਹਾਂ ਦੇ ਸਾਥੀ ਬੈਠੇ ਹਨ।