ਕੇਜਰੀਵਾਲ ਕਹਿੰਦੈ: ਮਨਮੋਹਨ ਵਰਗੇ ਪੜ੍ਹੇ ਲਿਖੇ ਪ੍ਰਧਾਨ ਮੰਤਰੀ ਦੀ ਘਾਟ ਰੜਕਦੀ ਹੈ


ਨਵੀਂ ਦਿੱਲੀ, 1 ਜੂਨ (ਪੋਸਟ ਬਿਊਰੋ)- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਵਿਅੰਗ ਕਰਦਿਆਂ ਕੱਲ੍ਹ ਕਿਹਾ ਕਿ ਲੋਕਾਂ ਨੂੰ ਮਨਮੋਹਨ ਸਿੰਘ ਵਰਗੇ ਪੜ੍ਹੇ ਲਿਖੇ ਪ੍ਰਧਾਨ ਮੰਤਰੀ ਦੀ ਘਾਟ ਰੜਕ ਰਹੀ ਹੈ। ਉਨ੍ਹਾ ਨੇ ਡਿੱਗਦੇ ਰੁਪਏ ਉੱਤੇ ‘ਵਾਲ ਸਟਰੀਟ’ ਦਾ ਇੱਕ ਲੇਖ ਟਵਿੱਟਰ ਉੱਤੇ ਪਾਉਂਦੇ ਹੋਏ ਲਿਖਿਆ, ‘ਡਾਕਟਰ ਮਨਮੋਹਨ ਸਿੰਘ ਵਰਗੇ ਪੜ੍ਹੇ ਲਿਖੇ ਪ੍ਰਧਾਨ ਮੰਤਰੀ ਦੀ ਘਾਟ ਲੋਕਾਂ ਨੂੰ ਰੜਕ ਰਹੀ ਹੈ, ਲੋਕਾਂ ਨੂੰ ਮਹਿਸੂਸ ਹੋ ਰਿਹਾ ਹੈ ਕਿ ਪ੍ਰਧਾਨ ਮੰਤਰੀ ਪੜ੍ਹਿਆ-ਲਿਖਿਆ ਹੀ ਹੋਣਾ ਚਾਹੀਦਾ ਹੈ।’
ਅਰਵਿੰਦਰ ਕੇਜਰੀਵਾਲ ਅਤੇ ਉਨ੍ਹਾਂ ਦੀ ਆਮ ਆਦਮੀ ਪਾਰਟੀ (ਆਪ) ਦੇ ਮੈਂਬਰ ਪਹਿਲਾਂ ਵੀ ਨਰਿੰਦਰ ਮੋਦੀ ਦੀ ਵਿਦਿਅਕ ਯੋਗਤਾਵਾਂ ਤੇ ਉਨ੍ਹਾਂ ਦੀ ਡਿਗਰੀ ਬਾਰੇ ਸਵਾਲ ਉਠਾ ਚੁੱਕੇ ਹਨ। ਮੁੱਖ ਮੰਤਰੀ ਨੇ ਕੌਮੀ ਰਾਜਧਾਨੀ ਦਿੱਲੀ ਵਿੱਚ ਜਲ ਸੰਕਟ ਬਾਰੇ ਗੰਦੀ ਸਿਆਸਤ ਕਰਨ ਦਾ ਵੀ ਦੋਸ਼ ਲਾਇਆ ਹੈ। ਉਨ੍ਹਾਂ ਨੇ ਟਵਿੱਟਰ ‘ਤੇ ਲਿਖਿਆ, ‘‘ਭਾਜਪਾ ਦਿੱਲੀ ਵਾਸੀਆਂ ਦੇ ਪਾਣੀ ਨਾਲ ਗੰਦੀ ਸਿਆਸਤ ਕਰ ਰਹੀ ਹੈ। ਦਿੱਲੀ ਨੂੰ 22 ਸਾਲਾਂ ਤੋਂ ਇਹ ਪਾਣੀ ਮਿਲ ਰਿਹਾ ਸੀ। ਅਚਾਨਕ ਹਰਿਆਣਾ ਦੀ ਭਾਜਪਾ ਸਰਕਾਰ ਨੇ ਇਸ ਸਪਲਾਈ ‘ਤੇ ਭਾਰੀ ਕਟੌਤੀ ਕਰ ਦਿੱਤੀ। ਇਹ ਕਿਉਂ? ਕਿਰਪਾ ਕਰ ਕੇ ਆਪਣੀ ਗੰਦੀ ਸਿਆਸਤ ਨਾਲ ਲੋਕਾਂ ਨੂੰ ਪ੍ਰੇਸ਼ਾਨ ਨਾ ਕਰੋ।”