ਕੇਜਰੀਵਾਲ ਉੱਤੇ ਭੜਕੇ ਅੰਨਾ ਹਜ਼ਾਰੇ ਨੇ ਸੁਪਨੇ ਤੋੜਨ ਦਾ ਦੋਸ਼ ਲਾਇਆ

anna hazare
ਨਵੀਂ ਦਿੱਲੀ, 8 ਅਪ੍ਰੈਲ (ਪੋਸਟ ਬਿਊਰੋ)- ਆਮ ਆਦਮੀ ਪਾਰਟੀ (ਆਪ) ਦੀ ਦਿੱਲੀ ਸਰਕਾਰ ਉੱਤੇ ਸ਼ੁੰਗਲੂ ਕਮੇਟੀ ਦੀ ਰਿਪੋਰਟ ਵਿੱਚ ਬੇਨਿਯਮੀਆਂ ਦੇ ਦੋਸ਼ਾਂ ਤੋਂ ਸਮਾਜ ਸੇਵੀ ਅਤੇ ਅਰਵਿੰਦ ਕੇਜਰੀਵਾਲ ਦੇ ਸਿਆਸੀ ਗੁਰੂ ਅੰਨਾ ਹਜ਼ਾਰੇ ਵੀ ਨਿਰਾਸ਼ ਹੋਏ ਦਿਖਾਈ ਦੇਣ ਲੱਗ ਪਏ ਹਨ।
ਇਸ ਬਾਰੇ ਪ੍ਰਤੀਕਿਰਿਆ ਪ੍ਰਗਟ ਕਰਦੇ ਹੋਏ ਅੰਨਾ ਹਜ਼ਾਰੇ ਨੇ ਕਿਹਾ ਕਿ ਕੇਜਰੀਵਾਲ ਸੱਤਾ ਲਈ ਸਾਰੇ ਸਿਧਾਂਤ ਭੁੱਲ ਚੁੱਕੇ ਹਨ। ਉਨ੍ਹਾਂ ਨੇ ਕਾਨੂੰਨ ਅਤੇ ਸੰਵਿਧਾਨ ਦਾ ਉਲੰਘਣ ਕਰਨ ਲਈ ਦਿੱਲੀ ਦੇ ਮੁੱਖ ਮੰਤਰੀ ਦੀ ਸਖਤ ਨਿੰਦਾ ਕੀਤੀ। ਅੰਨਾ ਨੇ ਕਿਹਾ ਕਿ ਕੇਜਰੀਵਾਲ ਨੇ ਜੋ ਕੁਝ ਕੀਤਾ ਹੈ, ਉਸ ਦਾ ਉਹ ਕਦੇ ਸਮਰਥਨ ਨਹੀਂ ਕਰ ਸਕਦੇ। ਉਨ੍ਹਾਂ ਨੇ ਕਿਹਾ ਕਿ ਕੇਜਰੀਵਾਲ ਨੇ ਉਨ੍ਹਾਂ ਦੀਆਂ ਸਾਰੀਆਂ ਉਮੀਦਾਂ ਨੂੰ ਝਟਕਾ ਦਿੱਤਾ ਹੈ, ਉਨ੍ਹਾਂ ਦੇ ਸੁਪਨਿਆਂ ਨੂੰ ਤੋੜ ਦਿੱਤਾ ਹੈ। ਆਪਣੇ ਬਿਆਨ ਵਿੱਚ ਅੰਨਾ ਹਜ਼ਾਰੇ ਨੇ ਕਿਹਾ ਕਿ ਮੈਨੂੰ ਸ਼ੁੰਗਲੂ ਕਮੇਟੀ ਰਿਪੋਰਟ ‘ਚ ਹੋਏ ਖੁਲਾਸੇ ਤੋਂ ਬੜਾ ਦੁੱਖ ਪੁੱਜਾ ਹੈ। ਉਨ੍ਹਾਂ ਨੇ ਕਿਹਾ ਕਿ ਭਿ੍ਰਸ਼ਟਾਚਾਰ ਦੇ ਖਿਲਾਫ ਲੜਾਈ ਵਿੱਚ ਕੇਜਰੀਵਾਲ ਮੇਰੇ ਨਾਲ ਸੀ। ਮੈਨੂੰ ਯੁਵਾ ਅਤੇ ਪੜੇ੍ਹ ਲਿਖੇ ਕੇਜਰੀਵਾਲ ਤੋਂ ਬਹੁਤ ਉਮੀਦਾਂ ਸਨ। ਮੈਂ ਸੋਚਿਆ ਸੀ ਕਿ ਉਸ ਦੇ ਵਰਗਾ ਯੁਵਾ ਭਿ੍ਰਸ਼ਟਾਚਾਰ ਮੁਕਤ ਦੇਸ਼ ਦਾ ਨਿਰਮਾਣ ਕਰੇਗਾ, ਪਰ ਕੇਜਰੀਵਾਲ ਨੇ ਮੇਰੀਆਂ ਸਾਰੀਆਂ ਉਮੀਦਾਂ ‘ਤੇ ਪਾਣੀ ਫੇਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਇਸ ਤਰ੍ਹਾਂ ਦਾ ਵਿਹਾਰ ਦੇਸ਼ ਅਤੇ ਸਮਾਜ ਨੂੰ ਕਮਜ਼ੋਰ ਕਰੇਗਾ।