ਕੇਂਦਰੀ ਮੰਤਰੀ ਵਿਜੇ ਸਾਂਪਲਾ ਦੇ ਦਫਤਰ ਉੱਤੇ ਕਬਜ਼ੇ ਦੀ ਕੋਸ਼ਿਸ਼ ਦਾ ਕੇਸ ਦਰਜ

ਖਿਲਰਿਆ ਪਿਆ ਸਮਾਨ

ਖਿਲਰਿਆ ਪਿਆ ਸਮਾਨ

ਕੋਠੀ ਦਾ ਦਿ੍ਰਸ਼

ਕੋਠੀ ਦਾ ਦਿ੍ਰਸ਼

* ਥਾਣੇਦਾਰ ਸਮੇਤ ਸੱਤ ਜਣੇ ਗ੍ਰਿਫਤਾਰ
ਹੁਸ਼ਿਆਰਪੁਰ, 2 ਜੁਲਾਈ (ਪੋਸਟ ਬਿਊਰੋ)- ਕੇਂਦਰੀ ਸਮਾਜ ਭਲਾਈ ਰਾਜ ਮੰਤਰੀ ਅਤੇ ਪੰਜਾਬ ਭਾਜਪਾ ਦੇ ਪ੍ਰਧਾਨ ਵਿਜੇ ਸਾਂਪਲਾ ਦੇ ਸ਼ਾਲੀਮਾਰ ਨਗਰ ਵਾਲੇ ਦਫਤਰ ਉੱਤੇ ਕੱਲ੍ਹ ਕਬਜ਼ੇ ਦੀ ਕੋਸ਼ਿਸ਼ ਅਤੇ ਅੰਦਰ ਦਾਖਲ ਹੋ ਕੇ ਭੰਨ ਤੋੜ ਕਰਨ ਦੇ ਦੋਸ਼ ਵਿੱਚ ਪੁਲਸ ਨੇ ਕੇਸ ਦਰਜ ਕੀਤਾ ਹੈ। ਸਾਂਪਲਾ ਦੇ ਪੀ ਏ ਭਾਰਤ ਭੂਸ਼ਣ ਵਰਮਾ ਦੀ ਸ਼ਿਕਾਇਤ ਉੱਤੇ ਇਹ ਕੇਸ ਵਿੱਚ ਪੰਜਾਬ ਪੁਲਸ ਦੇ ਇੱਕ ਥਾਣੇਦਾਰ ਸਮੇਤ 30-40 ਲੋਕ ਦੋਸ਼ੀ ਨਾਮਜ਼ਦ ਕੀਤੇ ਗਏ ਹਨ।
ਭਾਰਤ ਭੂਸ਼ਣ ਵਰਮਾ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਪੰਜਾਬ ਪੁਲਸ ਦਾ ਥਾਣੇਦਾਰ ਵਿਜੇ ਕੁਮਾਰ ਆਪਣੇ ਸਾਥੀਆਂ ਨਾਲ ਸ਼ਾਲੀਮਾਰ ਨਗਰ ਵਿੱਚ ਵਿਜੇ ਸਾਂਪਲਾ ਦੇ ਦਫਤਰ ‘ਤੇ ਕਬਜ਼ਾ ਕਰਨ ਲਈ ਦਰਵਾਜ਼ੇ ਤੋੜ ਕੇ ਅੰਦਰ ਦਾਖਲ ਹੋ ਗਿਆ ਤੇ ਭੰਨ-ਤੋੜ ਕੀਤੀ। ਵਰਮਾ ਨੇ ਕਿਹਾ ਕਿ ਦੋਸ਼ੀਆਂ ਨੇ ਉਨ੍ਹਾਂ ਦੀਆਂ ਮੋਹਰਾਂ ਅਤੇ ਲੈਟਰਹੈੱਡ ਵੀ ਚੋਰੀ ਕਰ ਲਏ। ਉਸ ਨੇ ਕਿਹਾ ਕਿ ਉਹ ਸ਼ਾਮ ਵੇਲੇ ਕੋਠੀ ਨੂੰ ਤਾਲਾ ਲਾ ਕੇ ਗਏ ਸਨ। ਜਦੋਂ ਵਾਪਸ ਆ ਕੇ ਦੇਖਿਆ ਤਾਂ ਤਾਲੇ ਟੁੱਟੇ ਹੋਏ ਸਨ ਤੇ ਬਹੁਤ ਸਾਰੀਆਂ ਔਰਤਾਂ ਤੇ ਮਰਦ ਉਥੇ ਬੈਠੇ ਸਨ। ਜਦੋਂ ਉਨ੍ਹਾਂ ਨੂੰ ਕਾਰਨ ਪੁੱਛਿਆ ਤਾਂ ਉਨ੍ਹਾਂ ਨੇ ਕਿਹਾ ਕਿ ਇਹ ਸਾਡੀ ਜਗ੍ਹਾ ਹੈ, ਇਥੋਂ ਸਾਮਾਨ ਚੁੱਕੋ ਅਤੇ ਚਲੇ ਜਾਵੋ।
ਇਸ ਘਟਨਾ ਦੀ ਸੂਚਨਾ ਮਿਲਦੇ ਸਾਰ ਐੱਸ ਪੀ ਇਨਵੈਸਟੀਗੇਸ਼ਨ ਹਰਪ੍ਰੀਤ ਸਿੰਘ ਮੰਡੇਰ, ਡੀ ਐੱਸ ਪੀ ਸਿਟੀ ਸੁਖਵਿੰਦਰ ਸਿੰਘ, ਥਾਣਾ ਮੁਖੀ ਸਬ ਇੰਸਪੈਕਟਰ ਕਮਲਜੀਤ ਸਿੰਘ ਮੌਕੇ ਉੱਤੇ ਪਹੁੰਚ ਗਏ। ਪੁਲਸ ਨੇ ਇਸ ਬਾਰੇ ਏ ਐੱਸ ਆਈ ਵਿਜੇ ਕੁਮਾਰ ਪਿੰਡ ਨੰਗਲ ਬੂਰਾ ਥਾਣਾ ਬੁੱਲ੍ਹੋਵਾਲ, ਜਿਹੜਾ ਪੀ ਏ ਪੀ ਵਿੱਚ ਤੈਨਾਤ ਦੱਸਿਆ ਜਾਂਦਾ ਹੈ, ਉਸ ਦੀ ਪਤਨੀ ਰਾਜਵਿੰਦਰ ਕੌਰ, ਭਾਬੀ ਜਸਵਿੰਦਰ ਕੌਰ, ਪਿਤਾ ਬਖਸ਼ੀ ਰਾਮ, ਮਾਤਾ ਸੁਰਿੰਦਰ ਕੌਰ ਤੇ ਰਿਸ਼ਤੇਦਾਰ ਕਿਰਪਾਲ ਸਿੰਘ ਤੇ ਉਸ ਦੀ ਪਤਨੀ ਦਲਵੀਰ ਕੌਰ ਨੂੰ ਗ੍ਰਿਫਤਾਰ ਕੀਤਾ ਹੈ। ਬਾਕੀਆਂ ਦੀ ਵੀ ਭਾਲ ਕੀਤੀ ਜਾ ਰਹੀ ਹੈ।
ਵਰਨਣ ਯੋਗ ਹੈ ਕਿ ਸ਼ਾਲੀਮਾਰ ਨਗਰ ਦੀ ਇਸ ਕੋਠੀ ਦਾ ਇੱਕ ਐੱਨ ਆਰ ਆਈ ਔਰਤ ਹਰਜਿੰਦਰ ਕੌਰ ਨੇ ਸਾਂਪਲਾ ਨੂੰ ਕੇਅਰ ਟੇਕਰ ਬਣਾਇਆ ਸੀ, ਜਿਸ ਹੇਠ ਵਿਜੇ ਸਾਂਪਲਾ ਨੇ ਉਥੇ ਸਾਲ 2011-12 ਵਿੱਚ ਆਪਣਾ ਦਫਤਰ ਬਣਾਇਆ ਸੀ। ਹਰਜਿੰਦਰ ਕੌਰ ਦੇ ਐਨ ਆਰ ਆਈ ਪਤੀ ਵਿਜੇ ਕੁਮਾਰ ਟਾਂਡਾ ਨੇ ਇਸ ਕੋਠੀ ਸੰਬੰਧੀ ਪਾਵਰ ਆਫ ਅਟਾਰਨੀ ਏ ਐੱਸ ਆਈ ਵਿਜੇ ਕੁਮਾਰ ਨੂੰ ਦਿੱਤੀ ਹੋਈ ਸੀ। ਪਤੀ-ਪਤਨੀ ਇਸ ਕੋਠੀ ਉੱਤੇ ਆਪੋ ਆਪਣੇ ਦਾਅਵੇ ਜਤਾ ਰਹੇ ਸਨ। ਵਿਜੇ ਕੁਮਾਰ ਨੇ ਅਦਾਲਤ ਵਿੱਚ ਹਰਜਿੰਦਰ ਕੌਰ ਦੇ ਖਿਲਾਫ ਕੇਸ ਦਾਇਰ ਕੀਤਾ ਸੀ। ਇਸ ਕੇਸ ਨੂੰ ਫਰਵਰੀ 2017 ‘ਚ ਵਾਪਸ ਲੈਣ ਕਾਰਨ ਅਦਾਲਤ ਨੇ ਇਸ ਨੂੰ ਖਤਮ ਕਰ ਦਿੱਤਾ ਸੀ।