ਕੇਂਦਰੀ ਮੰਤਰੀ ਨੇ ਕਿਹਾ: ਦਿਆਲ ਸਿੰਘ ਕਾਲਜ ਦਾ ਨਾਂ ਨਹੀਂ ਬਦਲੇਗਾ


ਨਵੀਂ ਦਿੱਲੀ, 2 ਮਈ, (ਪੋਸਟ ਬਿਊਰੋ)- ਭਾਰਤ ਦੇ ਮਨੁੱਖੀ ਸਰੋਤ ਮੰਤਰੀ ਪ੍ਰਕਾਸ਼ ਜਾਵੜੇਕਰ ਨੇ ਕਿਹਾ ਹੈ ਕਿ ਦਿਆਲ ਸਿੰਘ ਈਵਨਿੰਗ ਕਾਲਜ ਦਾ ਨਾਂ ਬਦਲ ਕੇ ‘ਦਿਆਲ ਸਿੰਘ ਵੰਦੇ ਮਾਤਰਮ’ ਕਾਲਜ ਨਹੀਂ ਰੱਖਿਆ ਜਾਵੇਗਾ ਅਤੇ ਸਹਿਮਤੀ ਤੋਂ ਬਿਨਾਂ ਏਦਾਂ ਕਰਨ ਬਦਲੇ ਕਾਲਜ ਦੀ ਪ੍ਰਬੰਧਕੀ ਕਮੇਟੀ ਦੇ ਖਿਲਾਫ਼ ਕਾਰਵਾਈ ਕੀਤੀ ਜਾਵੇਗੀ।
ਵਰਨਣ ਯੋਗ ਹੈ ਕਿ ਕੱਲ੍ਹ ਇਹ ਰਿਪੋਰਟਾਂ ਆਈਆਂ ਸਨ ਕਿ ਪ੍ਰਬੰਧਕ ਕਮੇਟੀ ਨੇ ਦਿਆਲ ਸਿੰਘ ਕਾਲਜ ਦਾ ਨਾਂ ਚੁੱਪ ਚਪੀਤੇ ਬਦਲ ਦਿੱਤਾ ਅਤੇ ‘ਵੰਦੇ ਮਾਤਰਮ ਦਿਆਲ ਸਿੰਘ ਕਾਲਜ’ ਦਾ ਬੈਨਰ ਲਾ ਦਿੱਤਾ ਹੈ। ਇਸ ਬਾਰੇ ਮੰਤਰੀ ਨੇ ਕਿਹਾ ਕਿ ਮੁੱਢਲਾ ਨਾਂ ਇਸ ਤਰ੍ਹਾਂ ਨਹੀਂ ਬਦਲਿਆ ਜਾ ਸਕਦਾ।
ਇਸ ਦੌਰਾਨ ਕੇਂਦਰੀ ਫੂਡ ਪ੍ਰਾਸੈਸਿੰਗ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਅੱਜ ਕੈਬਨਿਟ ਦੀ ਮੀਟਿੰਗ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੋਲ ਵੀ ਇਹ ਮੁੱਦਾ ਉਠਾਇਆ ਸੀ। ਉਨ੍ਹਾ ਨੇ ਇਕ ਟਵੀਟ ਕਰ ਕੇ ਦੱਸਿਆ ਹੈ ਕਿ ਉਨ੍ਹਾਂ ਪ੍ਰਧਾਨ ਮੰਤਰੀ ਨੂੰ ਇਸ ਕੇਸ ਦੀ ਜਾਣਕਾਰੀ ਦਿੱਤੀ ਤੇ ਗਵਰਨਿੰਗ ਬਾਡੀ ਦੇ ਚੇਅਰਮੈਨ ਅਮਿਤਾਭ ਸਿਨਹਾ ਨੂੰ ਬਰਖਾਸਤ ਕਰਨ ਤੇ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਲਾਉਣ ਦੇ ਦੋਸ਼ ਵਿੱਚ ਦਿੱਲੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਯੋਗੇਸ਼ ਤਿਆਗੀ ਉੱਤੇ ਕਾਰਵਾਈ ਦੀ ਮੰਗ ਕੀਤੀ ਹੈ। ਉਨ੍ਹਾਂ ਇਕ ਹੋਰ ਟਵੀਟ ਵਿੱਚ ਕਿਹਾ, “ਪ੍ਰਧਾਨ ਮੰਤਰੀ ਨੂੰ ਦੱਸਿਆ ਗਿਆ ਹੈ ਕਿ ਅਮਿਤਾਭ ਸਿਨਹਾ ਨੇ 25 ਅਪਰੈਲ ਨੂੰ ਸਾਲਾਨਾ ਸਮਾਗਮ ਕਰਨ ਸਮੇਂ ਦਿਆਲ ਸਿੰਘ ਕਾਲਜ ਦਾ ਨਾਂ ਬਦਲ ਕੇ ‘ਵੰਦੇ ਮਾਤਰਮ ਡੀ ਐਸ ਸੀ’ ਕਰ ਦਿੱਤਾ ਸੀ। ਮੈਂ ਇਸ ਉੱਤੇ ਜ਼ੋਰ ਦਿੱਤਾ ਕਿ ਕਾਲਜ ਮੈਨੇਜਮੈਂਟ ਸਰਦਾਰ ਦਿਆਲ ਸਿੰਘ ਮਜੀਠੀਆ ਦੀ ਵਿਰਾਸਤ ਨੂੰ ਤਬਾਹ ਕਰਨ ਉੱਤੇ ਉਤਾਰੂ ਹੈ ਤੇ ਦਿੱਲੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਵੱਲੋਂ ਇਸ ਵਿੱਚ ਉਸ ਦੀ ਮਦਦ ਕੀਤੀ ਜਾ ਰਹੀ ਹੈ, ਜਿਸ ਕਰ ਕੇ ਉਨ੍ਹਾਂ ਵਿਰੁੱਧ ਵੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।”
ਕੇਂਦਰੀ ਮਨੁੱਖੀ ਵਿਕਾਸ ਮੰਤਰੀ ਪ੍ਰਕਾਸ਼ ਜਾਵੜੇਕਰ ਨੇ ਕਿਹਾ ਕਿ ਪਾਰਲੀਮੈਂਟ ਵਿੱਚ ਉਨ੍ਹਾਂ ਦੇ ਦਿੱਤੇ ਹੋਏ ਬਿਆਨ ਦੇ ਬਾਵਜੂਦ ਨਾਂ ਬਦਲਣ ਦੀ ਕੋਸ਼ਿਸ਼ ਕਰਨ ਕਰ ਕੇ ਪ੍ਰਬੰਧਕ ਕਮੇਟੀ ਦੇ ਖ਼ਿਲਾਫ਼ ਮੰਤਰਾਲਾ ਕਾਰਵਾਈ ਕਰੇਗਾ। ਉਨ੍ਹਾਂ ਨੇ ਪੱਤਰਕਾਰਾਂ ਨੂੰ ਦੱਸਿਆ, ‘ਅਸੀਂ ਉਨ੍ਹਾਂ ਨੂੰ ਪਹਿਲਾਂ ਹੀ ਇਸ ਤਜਵੀਜ਼ ਬਾਰੇ ਮੁੜ ਵਿਚਾਰ ਲਈ ਕਿਹਾ ਸੀ। ਅਸੀਂ ਕਾਲਜ ਦਾ ਨਾਂ ਬਦਲਣ ਦੀ ਆਗਿਆ ਨਹੀਂ ਦਿਆਂਗੇ। ਦੋ ਦਿਆਲ ਸਿੰਘ ਕਾਲਜ ਵੀ ਹੋਣ ਤਾਂ ਉਹ ਵੱਖਰੇ ਪੇਸ਼ ਕਰਨ ਲਈ ਇਕ ਨੰਬਰ ਅਤੇ ਦੋ ਨੰਬਰ ਕਾਲਜ ਕਹਿ ਸਕਦੇ ਹਨ, ਪਰ ਮੁੱਢਲਾ ਨਾਂ ਨਹੀਂ ਬਦਲਿਆ ਜਾ ਸਕਦਾ।’
ਵਰਨਣ ਯੋਗ ਹੈ ਕਿ 17 ਨਵੰਬਰ 2017 ਨੂੰ ਦਿਆਲ ਸਿੰਘ ਕਾਲਜ ਦੀ ਗਵਰਨਿੰਗ ਬਾਡੀ ਨੇ ਫ਼ੈਸਲਾ ਕੀਤਾ ਸੀ ਕਿ ਦਿਆਲ ਸਿੰਘ (ਈਵਨਿੰਗ) ਕਾਲਜ ਨੂੰ ਮੌਰਨਿੰਗ ਕਾਲਜ ਬਣਾਏ ਜਾਣ ਦੇ ਨਾਲ ਹੀ ਇਸ ਦਾ ਨਾਂ ਵੀ ‘ਵੰਦੇ ਮਾਤਰਮ ਮਹਾਵਿਦਿਆਲਾ’ ਕਰ ਦਿੱਤਾ ਜਾਵੇਗਾ। ਗਵਰਨਿੰਗ ਬਾਡੀ ਵੱਲੋਂ ਕਾਲਜ ਦਾ ਨਾਂ ਬਦਲਣ ਦੇ ਇਸ ਫੈਸਲੇ ਦਾ ਕਈ ਵਰਗਾਂ ਨੇ ਤਿੱਖਾ ਵਿਰੋਧ ਕੀਤਾ ਸੀ, ਜਿਸ ਪਿੱਛੋਂ ਮਨੁੱਖੀ ਸਰੋਤ ਵਿਕਾਸ ਮੰਤਰਾਲੇ ਨੇ ਕਾਲਜ ਮੈਨੇਜਮੈਂਟ ਨੂੰ ਫ਼ੈਸਲਾ ਰੋਕਣ ਲਈ ਕਿਹਾ ਸੀ। ਕੇਂਦਰੀ ਮੰਤਰੀ ਪ੍ਰਕਾਸ਼ ਜਾਵੜੇਕਰ ਨੇ ਦਸੰਬਰ ਵਿੱਚ ਰਾਜ ਸਭਾ ਵਿੱਚ ਇਹ ਦੱਸਿਆ ਸੀ ਕਿ ਦਿਆਲ ਸਿੰਘ ਈਵਨਿੰਗ ਕਾਲਜ ਦਾ ਨਾਂ ਵੰਦੇ ਮਾਤਰਮ ਮਹਾਵਿਦਿਆਲਾ ਕਰਨ ਦੇ ਫ਼ੈਸਲੇ ਉੱਤੇ ਰੋਕ ਲਾ ਦਿੱਤੀ ਗਈ ਹੈ। ਸਰਕਾਰ ਦਾ ਇਸ ਵਿਵਾਦ ਪੂਰਨ ਫ਼ੈਸਲੇ ਵਿੱਚ ਕੋਈ ਹੱਥ ਨਹੀਂ ਸੀ ਤੇ ਨਾ ਉਹ ਉਸ ਦੀ ਪ੍ਰੋੜਤਾ ਕਰਦੀ ਹੈ।