ਕੇਂਦਰੀ ਮੰਤਰੀ ਨੂੰ 100 ਪੁਲ ਕਿਸੇ ਵੇਲੇ ਵੀ ਰੁੜ੍ਹ ਜਾਣ ਦਾ ਸ਼ੱਕ

100 pul
ਨਵੀਂ ਦਿੱਲੀ, 4 ਅਗਸਤ (ਪੋਸਟ ਬਿਊਰੋ)- ਕੇਂਦਰੀ ਸੜਕੀ ਆਵਾਜਾਈ ਤੇ ਹਾਈਵੇਜ਼ ਮੰਤਰੀ ਨਿਤਿਨ ਗਡਕਰੀ ਨੇ ਕੱਲ੍ਹ ਲੋਕ ਸਭਾ ਨੂੰ ਦੱਸਿਆ ਕਿ ਦੇਸ਼ ਵਿੱਚ 100 ਪੁਲਸ ਅਜਿਹੇ ਹਨ, ਜੋ ਕਿਸੇ ਵੀ ਪਲ ਰੁੜ੍ਹ ਸਕਦੇ ਹਨ। ਉਨ੍ਹਾਂ ਕਿਹਾ ਕਿ ਮੰਤਰਾਲੇ ਵੱਲੋਂ ਦੇਸ਼ ਦੇ 1.6 ਲੱਖ ਪੁਲਾਂ ਅਤੇ ਸੁਰੰਗਾਂ ਦਾ ਮੁਆਇਨਾ ਕਰਵਾਇਆ ਗਿਆ ਜਿਨ੍ਹਾਂ ਵਿੱਚੋਂ 147 ਬੇਹੱਦ ਮਾੜੀ ਹਾਲਤ ਵਿੱਚ ਮਿਲੇ।
ਨਿਤਿਨ ਗਡਕਰੀ ਨੇ ਕਿਹਾ ਕਿ ਦੋ ਪੁਲ ਅਜਿਹੇ ਹਨ ਜਿਨ੍ਹਾਂ ਦੀ ਉਸਾਰੀ 100 ਸਾਲ ਤੋਂ ਵੱਧ ਸਮਾਂ ਪਹਿਲਾਂ ਕੀਤੀ ਗਈ ਸੀ। ਉਨ੍ਹਾਂ ਕਿਹਾ ਕਿ ਪੁਰਾਣੇ ਪੁਲਾਂ ਨੂੰ ਬਦਲਣ ਦਾ ਕੰਮ ਸ਼ੁਰੂ ਕੀਤਾ ਗਿਆ ਹੈ ਅਤੇ ਸਭ ਤੋਂ ਪਹਿਲਾਂ ਕਮਜ਼ੋਰ ਪੁਲਾਂ ਵੱਲ ਧਿਆਨ ਕੇਂਦਰਿਤ ਕੀਤਾ ਜਾ ਰਿਹਾ ਹੈ। ਵਰਨਣ ਯੋਗ ਹੈ ਕਿ ਮਹਾਰਾਸ਼ਟਰ ਦੇ ਕੋਂਕਣ ਇਲਾਕੇ ਵਿੱਚ ਸਾਵਿੱਤਰੀ ਨਦੀ ‘ਤੇ ਅੰਗਰੇਜ਼ਾਂ ਵੇਲੇ ਬਣਿਆ ਇਕ ਪੁਲ ਰੁੜ੍ਹ ਜਾਣ ਕਾਰਨ ਪਿਛਲੇ ਸਾਲ ਅਗਸਤ ਵਿੱਚ ਦੋ ਦਰਜਨ ਲੋਕ ਮਾਰੇ ਗਏ ਸਨ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਦੋ ਬਸਾਂ ਅਤੇ ਆਪਣੀਆਂ ਕਾਰਾਂ ਵਿੱਚ ਸਫਰ ਕਰ ਰਹੇ ਸਨ। ਜਾਨੀ ਨੁਕਸਾਨ ਦਾ ਕਾਰਨ ਬਣਨ ਦੀ ਹਾਲਤ ਵਾਲੇ ਪੁਲਾਂ ਵਿੱਚ ਸਭ ਤੋਂ ਜ਼ਿਆਦਾ ਚਾਲੀ ਪੁਲ ਬਿਹਾਰ ਵਿੱਚ ਹਨ। ਪਿਛਲੇ ਮਹੀਨੇ ਮਣੀਪੁਰ ਵਿੱਚ ਇੱਕ ਕੌਮੀ ਮਾਰਗ ਬਣਿਆ ਪੁਲ ਰੁੜ੍ਹ ਗਿਆ ਸੀ, ਜਦੋਂ ਇੱਕ ਟਰੱਕ ਇਸ ਦੇ ਉਪਰੋਂ ਲੰਘ ਰਿਹਾ ਸੀ। ਕੇਂਦਰ ਸਰਕਾਰ ਦਾ ਕਹਿਣਾ ਹੈ ਕਿ ਕੌਮੀ ਪੱਧਰ ‘ਤੇ ਸੜਕਾਂ ਦੀ ਉਸਾਰੀ ਨੂੰ ਧਿਆਨ ਵਿੱਚ ਰੱਖਦਿਆਂ ਪੁਲ ਦੀ ਨਿਗਰਾਨੀ ਅਤੇ ਸੰਭਾਲ ਦਾ ਕੰਮ ਕੀਤਾ ਜਾ ਰਿਹਾ ਹੈ। ਵਰਨਣ ਯੋਗ ਹੈ ਕਿ ਗੋਆ ਵਿੱਚ ਵੀ ਕੁਝ ਸਮਾਂ ਪਹਿਲਾਂ ਇੱਕ ਪੁਰਾਣੇ ਪੁਲ ਦੇ ਤੇਜ਼ ਮੀਂਹ ਕਾਰਨ ਰੁੜ੍ਹਨ ਨਾਲ ਜਾਨੀ ਨੁਕਸਾਨ ਹੋਇਆ ਸੀ।
ਕੇਂਦਰ ਸਰਕਾਰ ਵੱਲੋਂ ਦੇਸ਼ ਵਿੱਚ ਸੜਕਾਂ ਦੀ ਉਸਾਰੀ ਦਾ ਕੰਮ ਤੇਜ਼ ਕੀਤਾ ਗਿਆ ਹੈ ਤੇ ਰਾਹ ਵਿੱਚ ਆਉਣ ਵਾਲੇ ਪੁਲਾਂ ਦੀ ਨਵ ਉਸਾਰੀ ਕੀਤੀ ਜਾ ਰਹੀ ਹੈ।